punjab
ਪੀ.ਐਸ.ਪੀ.ਸੀ.ਐਲ. ਨੇ ਐਤਵਾਰ ਨੂੰ ਸੂਬੇ ਭਰ ਵਿੱਚ ਕਿਸਾਨਾਂ ਲਈ ਔਸਤਨ 10.3 ਘੰਟੇ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ
ਕਿਸਾਨਾਂ ਨੂੰ ਬਿਜਲੀ ਸਪਲਾਈ ਦੇ ਘੰਟਿਆਂ ਵਿੱਚ ਵਾਧਾ ਕਰਨ ਲਈ ਆਪਣੇ ਵਿਸ਼ੇਸ਼ ਯਤਨਾਂ ਨੂੰ ਜਾਰੀ ਰੱਖਦਿਆਂ, ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵੱਲੋਂ ਐਤਵਾਰ ਨੂੰ ਝੋਨੇ ਦੀ ਬਿਜਾਈ ਸਬੰਧੀ ਕੰਮਾਂ ਲਈ ਸੂਬੇ ਭਰ ਵਿੱਚ ਔਸਤਨ 10.3 ਘੰਟੇ ਬਿਜਲੀ ਸਪਲਾਈ ਕੀਤੀ ਗਈ। ਪੀ.ਐਸ.ਪੀ.ਸੀ.ਐਲ. ਦੇ ਚੀਫ਼ ਮੈਨੇਜਿੰਗ ਡਾਇਰੈਕਟਰ ਏ ਵੇਣੂ ਪ੍ਰਸਾਦ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ ਹਨ ਅਤੇ ਵਿਭਾਗ ਝੋਨੇ ਦੀ ਬਿਜਾਈ ਲਈ ਵੱਧ ਤੋਂ ਵੱਧ ਬਿਜਲੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ। ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਸੂਬੇ ਨੂੰ ਔਸਤਨ ਬਿਜਲੀ ਸਪਲਾਈ ਦਾ ਸਮਾਂ ਸਨਿਚਰਵਾਰ ਨੂੰ 9.8 ਘੰਟਿਆਂ ਤੋਂ ਵਧਾ ਕੇ ਐਤਵਾਰ ਨੂੰ 10.3 ਘੰਟੇ ਕਰ ਦਿੱਤਾ ਗਿਆ।
ਐਤਵਾਰ ਨੂੰ ਖੇਤੀਬਾੜੀ ਕਾਰਜਾਂ ਲਈ ਸਪਲਾਈ ਕੀਤੀ ਗਈ ਬਿਜਲੀ ਦੇ ਸਮੇਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਸੀ.ਐਮ.ਡੀ. ਨੇ ਕਿਹਾ ਕਿ ਸਨਿਚਰਵਾਰ ਨੂੰ ਬਾਰਡਰ ਜੋਨ ਗੁਰਦਾਸਪੁਰ, ਸਬ ਅੰਮਿ੍ਰਤਸਰ ਅਤੇ ਤਰਨ ਤਾਰਨ ਨੂੰ 12.4 ਘੰਟਿਆਂ ਦੇ ਮੁਕਾਬਲੇ 14.7 ਘੰਟੇ ਔਸਤਨ ਬਿਜਲੀ ਸਪਲਾਈ ਮਿਲੀ ਜਦੋਂ ਕਿ ਉੱਤਰੀ ਜੋਨ ਦੇ ਜ਼ਿਲਿਆਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸਹਿਰ ਨੂੰ 10.3 ਘੰਟਿਆਂ ਦੇ ਮੁਕਾਬਲੇ ਔਸਤਨ 11.0 ਘੰਟੇ ਬਿਜਲੀ ਸਪਲਾਈ ਮਿਲੀ। ਇਸੇ ਸਮੇਂ ਦੌਰਾਨ ਦੱਖਣੀ ਜੋਨ ਦੇ ਪਟਿਆਲਾ, ਸੰਗਰੂਰ, ਬਰਨਾਲਾ, ਰੋਪੜ ਅਤੇ ਮੁਹਾਲੀ ਜਿਲਿਆਂ ਨੂੰ ਔਸਤਨ 10.2 ਘੰਟੇ ਬਿਜਲੀ ਸਪਲਾਈ ਮਿਲੀ।