Connect with us

punjab

ਪੰਜਾਬ ਵਿਧਾਨ ਸਭਾ ਚੋਣਾਂ: ਚੋਣ ਲੜ ਰਹੇ 1304 ਉਮੀਦਵਾਰਾਂ ਵਿੱਚ ਦੋ ਟਰਾਂਸਜੈਂਡਰ, 93 ਔਰਤਾਂ ਸ਼ਾਮਲ

Published

on

DR Raju CEO

25 ਸਾਲ ਦੇ 9 ਉਮੀਦਵਾਰ ਅਤੇ 80 ਸਾਲ ਤੋਂ ਵੱਧ ਉਮਰ ਦੇ 6 ਉਮੀਦਵਾਰ ਲੜ ਰਹੇ ਹਨ ਚੋਣ

1051 ਪੋਲਿੰਗ ਸਥਾਨਾਂ ਦੇ 2013 ਸਟੇਸ਼ਨਾਂ ਦੀ ਨਾਜ਼ੁਕ ਪੋਲਿੰਗ ਸਟੇਸ਼ਨਾਂ ਵਜੋਂ ਪਛਾਣ

ਲਗਭਗ 2586 ਵੱਖ-ਵੱਖ ਨਿਗਰਾਨ ਟੀਮਾਂ 24 ਘੰਟੇ ਕਰ ਰਹੀਆਂ ਹਨ ਕੰਮ

ਚੰਡੀਗੜ੍ਹ, ਫਰਵਰੀ: ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਾਸਤੇ 20 ਫਰਵਰੀ, 2022 ਨੂੰ ਹੋਣ ਵਾਲੀਆਂ ਚੋਣਾਂ ਲਈ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਦੋ ਟਰਾਂਸਜੈਂਡਰ ਅਤੇ 93 ਔਰਤਾਂ ਹਨ, ਜਦਕਿ 1209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਵੀਰਵਾਰ ਨੂੰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਵਿੱਚੋਂ 9 ਉਮੀਦਵਾਰ 25 ਸਾਲ ਦੀ ਉਮਰ ਦੇ ਹਨ ਅਤੇ ਛੇ ਉਮੀਦਵਾਰ 80 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ (83 ਨੰਬਰ) ਤੋਂ ਸਭ ਤੋਂ ਵਡੇਰੀ ਉਮਰ (94 ਸਾਲ) ਦੇ ਉਮੀਦਵਾਰ ਚੋਣ ਲੜ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਰਾਜ ਵਿੱਚ ਕੁੱਲ 21499804 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 11298081 ਪੁਰਸ਼, 10200996 ਇਸਤਰੀਆਂ, 727 ਟਰਾਂਸਜੈਂਡਰ , 158341 ਦਿਵਿਆਂਗ ਵੋਟਰ, 109624 ਸਰਵਿਸ ਵੋਟਰ, 1608 ਪਰਵਾਸੀ ਵੋਟਰ ਅਤੇ 80 ਸਾਲ ਤੋਂ ਵੱਧ ਉਮਰ ਦੇ 509205 ਵੋਟਰ ਹਨ।

ਉਨ੍ਹਾਂ ਦੱਸਿਆ ਕਿ 14684 ਪੋਲਿੰਗ ਸਥਾਨਾਂ ਤੇ 24740 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 1051 ਪੋਲਿੰਗ ਸਥਾਨਾਂਤੇ ਸਥਿਤ 2013 ਪੋਲਿੰਗ ਸਟੇਸ਼ਨਾਂ ਦੀ ਪਛਾਣ ਨਾਜ਼ੁਕ ਪੋਲਿੰਗ ਸਟੇਸ਼ਨਾ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ਨੂੰ ਵੈਬਕਾਸਟਿੰਗ ਅਧੀਨ ਕਵਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਨਿਯਮਾਂ ਅਨੁਸਾਰ ਨਾਜ਼ੁਕ ਪੋਲਿੰਗ ਸਥਾਨਾਂ `ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਦਾ ਘੱਟੋ-ਘੱਟ ਹਾਫ ਸੈਕਸ਼ਨ ਅਤੇ ਬਾਕੀ ਪੰਜਾਬ ਪੁਲਿਸ ਦੀ ਤਾਇਨਾਤੀ ਕੀਤੀ ਜਾਵੇਗੀ।

ਡਾ: ਰਾਜੂ ਨੇ ਇਹ ਵੀ ਦੱਸਿਆ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ 972 ਫਲਾਇੰਗ ਸਕੁਐਡ ਟੀਮਾਂ (ਐਫਐਸਟੀ), 857 ਸਟੈਟਿਕ ਸਰਵੇਲੈਂਸ ਟੀਮਾਂ (ਐਸਐਸਟੀ), 479 ਵੀਡੀਓ ਨਿਗਰਾਨ ਟੀਮਾਂ (ਵੀਐਸਟੀ), 159 ਵੀਡੀਓ ਵਿਊਇੰਗ ਟੀਮਾਂ (ਵੀਵੀਟੀ) ਅਤੇ ਰਾਜ ਭਰ ਵਿੱਚ 119 ਲੇਖਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ 24 ਘੰਟੇ ਕੰਮ ਕਰ ਰਹੀਆਂ ਹਨ।

ਜਿ਼ਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ, 2022 (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 06.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ, 2022 ਵੀਰਵਾਰ ਨੂੰ ਹੋਵੇਗੀ।