Connect with us

punjab

ਮਾਨਤਾ ਪ੍ਰਾਪਤ ਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਮੁੱਖ ਮੰਤਰੀ ਨੇ ਫਰੰਟਲਾਈਨ ਯੋਧੇ ਐਲਾਨਿਆ

Published

on

capt amarinder singh start new guideline

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਸਾਰੇ ਪੱਤਰਕਾਰਾਂ ਨੂੰ ਕੋਵਿਡ ਵਿਰੁੱਧ ਲੜਾਈ ਵਿਚ ਫਰੰਟਲਾਈਨ ਯੋਧਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ। ਸੂਬੇ ਵਿਚ ਬਿਜਲੀ ਨਿਗਮ ਦੇ ਸਾਰੇ ਮੁਲਾਜਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਦੇ ਦਾਇਰੇ ਹੇਠ ਲਿਆਂਦਾ ਗਿਆ ਹੈ। ਕੋਵਿਡ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਸਮੇਤ ਇਹ ਮੁਲਾਜਮ ਪਹਿਲ ਦੇ ਆਧਾਰ ਉਤੇ ਟੀਕਾ ਲਵਾਉਣ ਸਣੇ ਉਨਾਂ ਸਾਰੇ ਲਾਭਾਂ ਲਈ ਯੋਗ ਹੋਣਗੇ, ਜੋ ਬਾਕੀ ਫਰੰਟਲਾਈਨ ਵਰਕਰ ਸੂਬਾ ਸਰਕਾਰ ਪਾਸੋਂ ਹਾਸਲ ਕਰਨ ਦੇ ਹੱਕਦਾਰ ਹਨ। 

ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਜਮੀਨੀ ਪੱਧਰ ਉਤੇ ਮਹਾਂਮਾਰੀ ਨਾਲ ਸਬੰਧਤ ਕਵਰੇਜ ਕਰਨ ਲਈ ਪੱਤਰਕਾਰ ਆਪਣੀ ਜਾਨ ਜੋਖਮ ਵਿਚ ਪਾ ਰਹੇ ਹਨ ਤੇ ਕੋਵਿਡ ਬਾਰੇ ਬਾਰੇ ਜਾਗਰੂਕਤਾ ਫੈਲਾਉਣ ਵਿਚ ਵੀ ਮਦਦ ਕਰ ਰਹੇ ਹਨ। ਭਾਵੇਂ ਬਹੁਤੇ ਸੂਬਿਆਂ ਨੇ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰਾਂ ਦੀ ਕੈਟਾਗਰੀ ਵਿਚ ਸ਼ਾਮਲ ਕਰਨ ਲਈ ਮੰਗ ਉਠਾਈ ਪਰ ਭਾਰਤ ਸਰਕਾਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ। ਉਨਾਂ ਦੀ ਸਰਕਾਰ ਨੇ ਪੱਤਰਕਾਰਾਂ ਦੀ ਸੁਰੱਖਿਆ ਦੇ ਨਾਲ-ਨਾਲ ਬਿਜਲੀ ਨਿਗਮ ਦੇ ਮੁਲਾਜਮਾਂ ਨੂੰ ਵੀ ਫਰੰਟਲਾਈਨ ਵਰਕਰਾਂ ਵਾਲੀ ਸ਼੍ਰੇਣੀ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਕਿਉਂ ਜੋ ਬਿਜਲੀ ਮੁਲਾਜਮ ਵੀ ਹਸਪਤਾਲਾਂ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਵਿਚ ਅਤਿ ਜਰੂਰੀ ਨਾਜੁਕ ਬਿਜਲੀ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਮੌਕੇ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ।