Connect with us

punjab

ਅਪ੍ਰੈਲ ਦੇ ਅੰਤ ਤਕ ਕੈਪਟਨ ਨੇ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਨੂੰ ਟੀਕਾਕਰਨ ਹੇਠ ਲਿਆਉਣ ਲਈ ਰੋਜ਼ਾਨਾ 2 ਲੱਖ ਦਾ ਟੀਚਾ ਮਿੱਥਿਆ

Published

on

capt amarinder singh says about covid vaccination

ਕੈਪਟਨ ਅਮਰਿੰਦਰ ਸਿੰਘ  ਨੇ ਸੂਬੇ ‘ਚ ਕੋਵਿਡ ਕੇਸਾਂ ਦੀ ਸਥਿਤੀ ਕੁਝ ਸੰਭਲ ਜਾਣ ‘ਤੇ ਤਸੱਲੀ ਜ਼ਾਹਰ ਕਰਦੇ ਹੋਏ ਕੋਰੋਨਾ ਫੈਲਾਉਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕਣ ਲਈ ਕੋਵਿਡ ਇਹਤਿਆਤ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਮੁੱਖ ਮੰਤਰੀ ਨੇ ਟੀਕਾਕਰਨ ਦੀ ਰੋਜ਼ਾਨਾ ਦੀ ਗਿਣਤੀ ਵਧਾ ਕੇ ਦੋ ਲੱਖ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਘਰੇਲੂ ਇਕਾਂਤਵਾਸ ਦੇ ਮਾਮਲਿਆਂ ਵਿੱਚ ਵਿਅਕਤੀਗਤ ਤੌਰ ‘ਤੇ ਨਿਗਰਾਨੀ ਨੂੰ ਹੋਰ ਪ੍ਰਭਾਵੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਇਕ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਮੌਤਾਂ ਅਤੇ ਪਾਜੇਟਿਵਿਟੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਲਾਗੂ ਕੀਤੀਆਾਂ ਬੰਦਿਸ਼ਾਂ ਦੇ ਨਤੀਜੇ ਦਿਸ ਰਹੇ ਹਨ ਅਤੇ ਇਨ੍ਹਾਂ ਬੰਦਿਸ਼ਾਂ ਨੂੰ ਸੂਬੇ ਵਿੱਚ ਖਾਸ ਕਰਕੇ ਮੋਹਾਲੀ ਅਤੇ ਫੈਲਣ ਦੀ ਵੱਧਦੀ ਦਰ ਤੇ ਪਾਜ਼ੇਟਿਵਿਟੀ ਦੀ ਉਚੀ ਦਰ ਦਿਖਾ ਰਹੇ ਸ਼ਹਿਰਾਂ ਵਿੱਚ ਹੋਰ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ।

ਸੂਬੇ ਦੀ ਪਾਜ਼ੇਟਿਵਿਟੀ ਦਰ 8.1 ਫੀਸਦੀ ਹੈ, ਹਾਲਾਂਕਿ, 40 ਸਾਲ ਤੋਂ ਘੱਟ ਉਮਰ ਵਰਗ ਵਿੱਚ ਪਾਜ਼ੇਟਿਵਿਟੀ ਦੀ ਦਰ 54 ਫੀਸਦੀ (ਸਤੰਬਰ 2020) ਤੋਂ ਘਟ ਕੇ 50 ਫੀਸਦੀ (ਮਾਰਚ 2021) ਤੱਕ ਆ ਗਈ ਹੈ। ਸਾਰੇ ਸਬੰਧਤ ਲੋਕਾਂ ਦੇ ਸਖ਼ਤ ਯਤਨਾਂ ਨਾਲ ਇਨ੍ਹਾਂ ਰੋਕਾਂ ਸਦਕਾ 60 ਸਾਲ ਤੋਂ ਘੱਟ ਉਮਰ ਵਰਗ ਵਿੱਚ ਮੌਤ ਦਰ 50 ਫੀਸਦੀ (ਸਤੰਬਰ 2020) ਤੋਂ ਘਟਾ ਕੇ 40 ਫੀਸਦੀ (ਮਾਰਚ 2021) ਕਰਨ ਵਿੱਚ ਮਦਦ ਮਿਲੀ ਹੈ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਮੁੱਖ ਮੰਤਰੀ ਨੇ ਆਪਣੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਵੱਧ ਕੇਸਾਂ ਵਾਲੇ ਇਲਾਕਿਆਂ ਵਿੱਚ 45 ਸਾਲ ਤੋਂ ਘੱਟ ਉਮਰ ਵਰਗ ਦੇ ਲੋਕਾਂ ਦੇ ਟੀਕਾਕਰਨ ਦੀ ਵੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਵਾਇਰਸ ਦੇ ਯੂ.ਕੇ. ਦੀ ਕਿਸਮ ਨਾਲ ਨੌਜਵਾਨ ਵੱਧ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਇਸ ਮਾਮਲੇ ਦੀ ਕੇਂਦਰ ਸਰਕਾਰ ਕੋਲ ਪੈਰਵੀ ਕਰਨ ਦੇ ਆਦੇਸ਼ ਦਿੱਤੇ ਜਦਕਿ ਡਾ. ਕੇ.ਕੇ. ਤਲਵਾੜ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗੁਰਦੇ ਅਤੇ ਜਿਗਰ ਦੀ ਬੀਮਾਰੀ ਤੋਂ ਪੀੜਤ ਮਰੀਜ਼, ਜੋ 45 ਸਾਲ ਤੋਂ ਘੱਟ ਉਮਰ ਦੇ ਹਨ, ਨੂੰ ਤਾਂ ਘੱਟੋ-ਘੱਟ ਕਰੋਨਾ ਤੋਂ ਬਚਾਅ ਦੀ ਵੈਕਸੀਨ ਦੇਣੀ ਚਾਹੀਦੀ ਹੈ।

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਵਰਚੂਅਲ ਮੀਟਿੰਗ ਦੌਰਾਨ ਸੂਬੇ ਵਿੱਚ ਕੋਵਿਡ ਅਤੇ ਵੈਕਸੀਨ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਸਮੇਤ ਕਈ ਮੰਤਰੀ ਅਤੇ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਮਾਹਿਰ ਵੀ ਸ਼ਾਮਲ ਹੋਏ। ਇਸ ਸਬੰਧ ਵਿੱਚ ਢਿੱਲ ਵਰਤਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮਰਪਿਤ ਟੀਮ ਵਾਲੇ ਵਿਸ਼ੇਸ਼ ਕੰਟਰੋਲ ਰੂਮ ਲਈ ਏ.ਐਨ.ਐਮਜ਼., ਆਸ਼ਾ ਵਰਕਰ ਮੈਡੀਕਲ ਕਾਲਜਾਂ ਦੇ ਸਿਖਿਆਰਥੀ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਤਾਂ ਜੋ ਟੈਲੀਫੋਨ ਕਰਨ ਤੋਂ ਅੱਗੇ ਜਾ ਕੇ ਵਿਅਕਤੀਗਤ ਤੌਰ ‘ਤੇ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਸਰਕਾਰੀ ਮੈਡੀਕਲ ਕਾਲਜਾਂ ਵੱਲੋਂ ਜ਼ਿਲ੍ਹਾ ਪੱਧਰ ‘ਤੇ ਆਰ.ਆਰ.ਟੀਜ਼. ਲਈ ਵਿਦਿਆਰਥੀ ਤੁਰੰਤ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।

ਟੀਕਾਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਮਹੀਨੇ ਦੇ ਅੰਦਰ-ਅੰਦਰ ਸਮੁੱਚੀ ਯੋਗ ਆਬਾਦੀ ਦੇ ਟੀਕਾਕਰਨ ਲਈ ਯਤਨ ਹੋਰ ਤੇਜ਼ ਕੀਤੇ ਜਾਣ ਅਤੇ ਟੀਕਾਕਰਨ ਤੋਂ ਬਾਅਦ ਜੇਕਰ ਕੋਈ ਮੌਤ ਹੋਈ ਹੈ ਤਾਂ ਉਸ ਦਾ ਵੀ ਲੇਖਾ-ਜੋਖਾ ਕੀਤਾ ਜਾਵੇ। ਭਾਵੇਂ ਟੀਕਾਕਰਨ ਦੀ ਗਿਣਤੀ ਵਧਾ ਕੇ ਰੋਜ਼ਾਨਾ 90,000 ਕੀਤੀ ਗਈ ਹੈ ਪਰ ਸਾਨੂੰ ਇਹ ਗਿਣਤੀ ਦੋ ਲੱਖ ਪ੍ਰਤੀ ਦਿਨ ਤੱਕ ਵਧਾਉਣ ਦੀ ਲੋੜ ਹੈ। ਪੰਜਾਬ ਕੋਲ ਇਸ ਵੇਲੇ ਸਟਾਕ ਵਿੱਚ 3 ਲੱਖ ਕੋਵੀਸ਼ੀਲਡ ਅਤੇ ਇਕ ਲੱਖ ਕੋਵੈਕਸੀਨ ਮੌਜੂਦ ਹੈ।

ਖੁਰਾਕਾਂ ਦੀ ਬਹੁਤਾਤ ਹਰ ਸਮੇਂ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਅਤੇ ਇਹ ਵੀ ਨਿਸ਼ਚਿਤ ਕੀਤਾ ਜਾਵੇ ਕਿ ‘ਕੋਵਿਨ’ ਪੋਰਟਲ ਅਪਡੇਟ ਹੁੰਦਾ ਰਹੇ ਤਾਂ ਕਿ ਅਸਲ ਸਥਿਤੀ ਦਾ ਪਤਾ ਲੱਗਦਾ ਰਹੇ। ਜ਼ਿਲ੍ਹਿਆਂ ਨੂੰ ਇਕੋ ਵੇਲੇ ਕਈ ਕਾਰਜਾਂ ਨੂੰ ਆਪਣੇ ਹੱਥ ਵਿੱਚ ਨਾ ਲੈਣ ਅਤੇ ਟੀਕਾਕਰਨ ਦੀਆਂ ਰਣਨੀਤੀਆਂ ਰਾਹੀਂ ਇਹ ਯਕੀਨੀ ਬਣਾਇਆ ਜਾਵੇ ਟੀਕਾਕਰਨ ਸਭ ਲਈ ਉਪਲਬਧ ਰਹੇ ਅਤੇ ਕਿਸੇ ਤਰ੍ਹਾਂ ਦੀ ਬਰਬਾਦੀ ਨਾ ਹੋਵੇ। ਉਨ੍ਹਾਂ ਨੇ ਟੀਕੇ ਲਾਉਣ ਵਾਲਿਆਂ ਲਈ ਓਵਰਟਾਈਮ ਭੱਤੇ ਅਤੇ ਹਫਤਾਵਰੀ ਛੁੱਟੀ ਤੁਰੰਤ ਦੇਣ ਦੇ ਹੁਕਮ ਜਾਰੀ ਕੀਤੇ ਤਾਂ ਕਿ ਉਨ੍ਹਾਂ ਉਪਰ ਬੋਝ ਘਟਾਇਆ ਜਾ ਸਕੇ। ਉਨ੍ਹਾਂ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਵੀ ਵਿਆਪਕ ਪੱਧਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਅਤੇ ਇਸ ਉਦੇਸ਼ ਲਈ ਫਿਲਮ ਅਦਾਕਾਰ ਸੋਨੂ ਸੂਦ ਦੀਆਂ ਸੇਵਾਵਾਂ ਵੀ ਚੰਗੇ ਤਰੀਕੇ ਨਾਲ ਹਾਸਲ ਕੀਤੀਆਂ ਜਾਣ ਜਿਸ ਨੂੰ ਸੂਬਾ ਸਰਕਾਰ ਨੇ ਮੁਹਿੰਮ ਲਈ ਬਰਾਂਡ ਅੰਬੈਂਸਡਰ ਨਿਯੁਕਤ ਕੀਤਾ ਹੈ। 75 ਸਾਲ ਤੋਂ ਵੱਧ ਉਮਰ ਵਰਗ ਦੀ 75 ਲੱਖ ਆਬਾਦੀ ਵਿੱਚੋਂ ਹਾਲੇ ਤੱਕ ਸਿਰਫ 15.56 ਫੀਸਦੀ ਲੋਕਾਂ ਨੇ ਟੀਕਾ ਲਵਾਇਆ ਹੈ। ਉਨ੍ਹਾਂ ਨੇ ਵੈਕਸੀਨ ਸਬੰਧੀ ਪਾਈ ਜਾ ਰਹੀ ਹਿਚਕਿਚਾਹਟ ਨੂੰ ਦੂਰ ਕਰਨ ਲਈ ਜਾਗਰੂਕਤਾ ਫੈਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਪੰਜਾਬ ਪੁਲਿਸ ਦੇ ਕੇਸ ਅਧਿਐਨ, ਜਿਸ ਨੂੰ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਾਂਝਾ ਕੀਤਾ, ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਿੱਚ ਟੀਕਾਕਰਨ ਵਧਣ ਨਾਲ ਪੁਲਿਸ ਫੋਰਸ ਵਿੱਚ ਸਰਗਰਮ ਪਾਜ਼ੇਟਿਵ ਕੇਸਾਂ ਵਿੱਚ ਕਮੀ ਆਉਣ ਦੇ ਸਪੱਸ਼ਟ ਰੁਝਾਨ ਸਾਹਮਣੇ ਆਏ ਹਨ। ਡੀ.ਜੀ.ਪੀ. ਨੇ ਕੇਸ ਅਧਿਐਨ ਦੇ ਹਵਾਲੇ ਨਾਲ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਅੰਕੜੇ ਪੁਲਿਸ ਮੁਲਾਜ਼ਮਾਂ ਵਿੱਚ ਵੈਕਸੀਨੇਸ਼ਨ ਦੇ ਸਕਾਰਾਤਮਕ ਪ੍ਰਭਾਵ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੇ ਹਨ ਕਿ ਇਸ ਨਾਲ ਨਾ ਸਿਰਫ ਪੁਲਿਸ ਮੁਲਾਜ਼ਮਾਂ ਵਿੱਚ ਸਰਗਰਮ ਕੇਸਾਂ ਦੀ ਗਿਣਤੀ ਘਟੀ ਹੈ, ਸਗੋਂ ਗੰਭੀਰ ਮੈਡੀਕਲ ਸੰਭਾਲ ਦੀ ਲੋੜ ਵਾਲੇ ਪੁਲੀਸ ਕਰਮੀ ਵੀ ਨਾਂ-ਮਾਤਰ ਰਹਿ ਗਏ ਹਨ। ਇਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਬੀਤੇ ਸਾਲ ਰੋਜ਼ਾਨਾ 1700 ਕੇਸਾਂ ਦੇ ਸਿਖਰ ਦੇ ਵਿਰੁੱਧ ਹੁਣ ਇਸ ਪੀਕ ਦੌਰਾਨ ਕਿਸੇ ਨਾ ਕਿਸੇ ਦਿਨ ਇਹ ਗਿਣਤੀ ਸਿਰਫ 400 ਮੁਲਾਜ਼ਮਾਂ ਤੱਕ ਜਾਂਦੀ ਹੈ। ਉਨ੍ਹਾਂ ਨੇ ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ ਦੂਜੀ ਖੁਰਾਕ ਲੈਣ ਨਾਲ ਵਿਭਾਗ ਵਿੱਚ ਕੋਵਿਡ ਨਾਲ ਕੋਈ ਵੀ ਮੌਤ ਨਹੀਂ ਹੋਈ।

ਮੁੱਖ ਮੰਤਰੀ ਨੇ ਪੁਲਿਸ ਵਿਭਾਗ ਨੂੰ ਹੁਕਮ ਦਿੱਤੇ ਕਿ ਮੈਰਿਜ ਪੈਲਸਾਂ ਸਮੇਤ ਜਨਤਕ ਥਾਵਾਂ ‘ਤੇ ਕੋਵਿਡ ਸਬੰਧੀ ਇਹਤਿਆਤ ਨਾ ਵਰਤਣ ਵਾਲੇ ਲੋਕਾਂ ਨੂੰ ਟੈਸਟਿੰਗ ਲਈ ਲਿਜਾਇਆ ਜਾਵੇ ਅਤੇ ਜੇਕਰ ਉਹ ਲੋਕ ਸਹਿਮਤ ਅਤੇ ਯੋਗ ਹੋਣ ਤਾਂ ਉਨ੍ਹਾਂ ‘ਤੇ ਬਿਨਾਂ ਕਿਸੇ ਤਰ੍ਹਾਂ ਦੇ ਦਬਾਅ ਦੀ ਵਰਤੋਂ ਕੀਤੇ ਟੀਕਾਕਰਨ ਲਈ ਲਿਜਾਇਆ ਜਾਵੇ। ਹਾਲਾਂਕਿ ਮ੍ਰਿਤਕ, ਦੀ ਦਰ ਵਿਚ ਗਿਰਾਵਟ ਆਈ ਹੈ ਅਤੇ ਲਗਪਗ 30 ਫੀਸਦੀ ਮੌਤਾਂ ਵੀ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਦੋ ਦਿਨਾਂ ਦੇ ਅੰਦਰ ਹੀ ਹੋ ਰਹੀਆਂ ਹਨ, ਮੁੱਖ ਮੰਤਰੀ ਨੇ ਕਿਹਾ ਕਿ ਲਗਭਗ 84 ਫੀਸਦੀ ਮਰੀਜ਼ਾਂ ਨੇ ਗੰਭੀਰ ਲੱਛਣਾਂ ਨਾਲ ਪਹਿਲੀ ਵਾਰ ਹਸਪਤਾਲ ਵਿੱਚ ਰਿਪੋਰਟ ਕੀਤਾ ਹੈ ਜੋ ਦੇਰ ਨਾਲ ਰਿਪੋਰਟ ਕੀਤੇ ਜਾਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁੱਲ ਮੌਤਾਂ ਵਿੱਚੋਂ 90 ਫੀਸਦੀ ਮੌਤਾਂ ਸਹਿ-ਰੋਗਾਂ ਵਾਲੇ ਵਿਅਕਤੀਆਂ ਦੀਆਂ ਹੋਈਆਂ ਹਨ। ਉਨ੍ਹਾਂ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਕੋਵਿਡ ਦੇ ਲੱਛਣ ਵਾਲੇ ਵਿਅਕਤੀ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿਖੇ ਰਿਪੋਰਟ ਕਰਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸ਼ੂਗਰ, ਹਾਈਪਰਟੈਂਸ਼ਨ, ਕਿਡਨੀ/ਫੇਫੜਿਆਂ ਆਦਿ ਦੀ ਬਿਮਾਰੀ ਵਾਲੇ ਮਰੀਜ਼ਾਂ ਦੀ ਜਾਂਚ ਕਰਵਾਈ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ ਦੀ ਸੂਰਤ ਵਿਚ ਹਸਪਤਾਲ ਨੂੰ ਰਿਪੋਰਟ ਕਰਨ ਦੀ ਸਲਾਹ ਦਿੱਤੀ ਜਾਵੇ ਅਤੇ ਯੋਗ ਵਿਅਕਤੀ ਨੂੰ ਟੀਕਾਕਰਨ ਲਈ ਵੀ ਪਹਿਲ ਦਿੱਤੀ ਜਾਵੇ।

ਸੰਪਰਕ ਟਰੇਸਿੰਗ ਘੱਟ ਹੋਣ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਨੇ ਵਿਭਾਗ ਨੂੰ ਹਰੇਕ ਪਾਜ਼ੇਟਿਵ ਮਰੀਜ਼ ਪਿੱਛੇ 30 ਸੰਪਰਕਾਂ ਦਾ ਪਤਾ ਲਗਾਉਣ ਦਾ ਟੀਚਾ ਮਿੱਥਣ ਲਈ ਆਖਿਆ। ੳਨ੍ਹਾਂ ਕਿਹਾ ਕਿ ਟਰੇਸ ਕੀਤੇ ਗਏ 100 ਫੀਸਦੀ ਸੰਪਰਕਾਂ ਦਾ ਆਰ.ਏ.ਟੀ. ਨਾਲ ਟੈਸਟ ਕੀਤਾ ਜਾਣਾ ਲਾਜ਼ਮੀ ਹੈ ਤਾਂ ਜੋ ਉਨ੍ਹਾਂ ਦੀ ਜਲਦ ਪਛਾਣ ਕੀਤੀ ਜਾ ਸਕੇ ਅਤੇੇ ਪਾਜ਼ੇਟਿਵ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਆਰ.ਟੀ.ਪੀ.ਸੀ.ਆਰ. ਦੇ ਨਮੂਨੇ ਲੈਣ ਅਤੇ ਨਤੀਜੇ ਦੇਣ ਦਾ ਸਮਾਂ ਇਕ ਦਿਨ ਤੋਂ ਵੀ ਘੱਟ ਕਰਨ ਦੀ ਜ਼ਰੂਰਤ ਹੈ। ਟੈਸਟਿੰਗ ਲਈ ਪ੍ਰਾਈਵੇਟ ਲੈਬਾਂ ਅਤੇ ਸੁਚੱਜੇ ਢੰਗ ਨਾਲ ਕੰਮ ਕਰਨ ਵਾਲੇ ਹਸਪਤਾਲਾਂ ਦੀ ਮਨਜ਼ੂਰ ਕੀਤੀ ਗਈ ਸੂਚੀ ਤੁਰੰਤ ਜਨਤਕ ਦਾਇਰੇ ਵਿਚ ਪਾ ਦੇਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸੈਂਪਲਿੰਗ 40,000 ਪ੍ਰਤੀ ਦਿਨ ਤੱਕ ਪਹੁੰਚ ਗਈ ਹੈ, ਇਸ ਨੂੰ ਅੱਗੇ ਵਧਾ ਕੇ ਘੱਟੋ-ਘੱਟ 50,000 ਪ੍ਰਤੀ ਦਿਨ ਕਰਨ ਦੀ ਜਰੂਰਤ ਹੈ।

ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਵੈਂਟੀਲੇਟਰ ਉਨ੍ਹਾਂ ਹਸਪਤਾਲਾਂ ਨੂੰ ਦਿੱਤੇ ਜਾਣ, ਜਿੱਥੇ ਇਨ੍ਹਾਂ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਆਕਸੀਜਨ ਕਿੱਟਾਂ, ਰੈਮੇਡਿਜ਼ਵਿਰ ਅਤੇ ਹੋਰ ਦਵਾਈਆਂ ਢੁੱਕਵੀਂ ਮਾਤਰਾ ਵਿੱਚ ਉਪਲਬਧ ਹਨ ਅਤੇ ਇਨ੍ਹਾਂ ਦੀ ਵਰਤੋਂ ਪ੍ਰਭਾਵਸ਼ਾਲੀ  ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਜਲੰਧਰ, ਮੁਹਾਲੀ, ਲੁਧਿਆਣਾ ਜ਼ਿਲ੍ਹਿਆਂ ਜਿੱਥੇ ਜ਼ਿਆਦਾ ਪ੍ਰਭਾਵਿਤ ਐਲ-3 ਮਰੀਜ਼ ਹਨ, ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਡ ਲਈ ਹੋਰ ਬਿਸਤਰੇ ਰਾਖਵੇਂ ਰੱਖਣ ਦੀ ਹਦਾਇਤ ਕਰਦਿਆਂ ਐਲ-3 ਦੀ ਸਮਰੱਥਾ ਵਧਾਉਣੀ ਚਾਹੀਦੀ ਹੈ।

ਸਿਹਤ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ ਇਸ ਵੇਲੇ ਆਕਸੀਜ਼ਨ ਦੀ ਘਾਟ ਨਹੀਂ ਹੈ ਅਤੇ ਤਿੰਨ ਆਕਸੀਜ਼ਨ ਪਲਾਂਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਦੋ ਹੋਰ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਵਿਭਾਗ ਰੈਮੇਡਿਜ਼ਵਿਰ ਦੀਆਂ 20,000 ਖੁਰਾਕਾਂ ਮੁਹੱਈਆ ਕਰਵਾਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜੋ ਕਿ ਸਰਕਾਰੀ (12500) ਅਤੇ ਸੁਚੱਜੇ ਢੰਗ ਨਾਲ ਚੱਲ ਰਹੇ ਨਿੱਜੀ ਹਸਪਤਾਲਾਂ (7500 ਖੁਰਾਕਾਂ) ਨੂੰ ਦਿੱਤੀਆਂ ਗਈਆਂ ਹਨ। ਪੀ.ਜੀ.ਆਈ. ਨੂੰ ਤਕਰੀਬਨ 300 ਖੁਰਾਕਾਂ ਦੇਣ ਤੋਂ ਬਾਅਦ ਵੀ ਪੰਜਾਬ ਕੋਲ ਸਟਾਕ ਵਿੱਚ ਅਜੇ ਤਕ 7000 ਖੁਰਾਕਾਂ ਹਨ।

ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀਆਂ ਸੇਵਾਵਾਂ ਦੀ ਸਰਬੋਤਮ ਵਰਤੋਂ ਦੀ ਜ਼ਰੂਰਤ ‘ਤੇ ਜੋਰ ਦਿੰਦਿਆਂ ਕਿਹਾ ਕਿ ਪੁਲਿਸ ਵਿਭਾਗ ਪਹਿਲਾਂ ਹੀ ਕੋਵਿਡ ਸਬੰਧੀ ਗਤੀਵਿਧੀਆਂ ਲਈ ਮੁਲਾਜ਼ਮਾਂ ਦੀਆਂ ਸੇਵਾਵਾਂ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਇਸ ਲਈ ਹੋਰ ਸਾਰੇ ਵਿਭਾਗਾਂ, ਖਾਸਕਰ ਸਕੂਲ ਸਿੱਖਿਆ ਅਤੇ ਉੱਚੇਰੀ ਸਿੱਖਿਆ ਨੂੰ ਵੀ ਤੁਰੰਤ ਆਪਣੇ ਵਿਭਾਗ ਵਿੱਚ ਸਟਾਫ਼ ਦੀ ਉਪਲਬਧਤਾ ਸਬੰਧੀ ਆਦੇਸ਼ ਜਾਰੀ ਕਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਫੂਡ ਕਿੱਟਾਂ ਵੰਡਣ ਦੀ ਵੀ ਸ਼ੁਰੂਆਤ ਕੀਤੀ ਜੋ ਉਨ੍ਹਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਹਨ ਜੋ ਗਰੀਬ ਹਨ ਅਤੇ ਜਿਨ੍ਹਾਂ ਨੂੰ ਰਿਕਵਰੀ ਦੌਰਾਨ ਆਪਣਾ ਰੁਜ਼ਗਾਰ ਚਲੇ ਜਾਣ ਕਰਕੇ ਵੱਡੀ ਮਾਰ ਪਈ ਹੈ।

ਮੁੱਖ ਮੰਤਰੀ ਨੂੰ ਨਿਰਦੇਸ਼ ਦਿੱਤੇ ਕਿ ਹਾਲਾਂਕਿ, ਫ਼ਤਹਿ ਕਿੱਟਾਂ ਢੁੱਕਵੀਂ ਮਾਤਰਾ ਵਿੱਚ ਉਪਲਬਧ ਹਨ, ਪਰ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਇਹ ਕਿੱਟਾਂ ਮਰੀਜ਼ ਦੇ ਪਾਜ਼ੇਟਿਵ ਪਾਏ ਜਾਣ ‘ਤੇ ਉਸੇ ਦਿਨ ਉਨ੍ਹਾਂ ਤੱਕ ਪਹੁੰਚਾਈਆਂ ਜਾਣ। ਜ਼ਿਕਰਯੋਗ ਹੈ ਕਿ ਰਾਸ਼ਨ ਕਿੱਟ ਵਿੱਚ 10 ਕਿੱਲੋ ਕਣਕ ਦਾ ਆਟਾ, 2 ਕਿਲੋ ਕਾਲੇ ਛੋਲੇ ਅਤੇ 2 ਕਿਲੋ ਖੰਡ ਹੋਵੇਗੀ। ਇਸ ਤੋਂ ਪਹਿਲਾਂ ਇੱਕ ਪੇਸ਼ਕਾਰੀ ਵਿੱਚ, ਸਿਹਤ ਸਕੱਤਰ ਨੇ ਮੀਟਿੰਗ ਨੂੰ ਜਾਣੂੰ ਕਰਾਇਆ ਕਿ ਪੰਜਾਬ ਵਿੱਚ 8.1 ਫ਼ੀਸਦੀ ਸਮੁੱਚੀ ਪਾਜ਼ੇਟਿਵ ਦਰ ਦੇ ਮੁਕਾਬਲੇ ਮੁਹਾਲੀ ਜ਼ਿਲ੍ਹੇ ਵਿੱਚ 18 ਫ਼ੀਸਦੀ ਦਰ ਦਰਜ ਕੀਤੀ ਗਈ ਹੈ। ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਮੇਤ ਮੁਹਾਲੀ ਜ਼ਿਲ੍ਹੇ ਵਿਚ ਵਾਈਰਸ ਦੇ ਫੈਲਾਅ ਦੀ ਦਰ ਵੱਧ ਹੈ।

ਸੂਬੇ ਦੀ ਕੋਵਿਡ ਟਾਸਕ ਫੋਰਸ ਦੇ ਮੁਖੀ ਡਾ. ਕੇ. ਕੇ. ਤਲਵਾੜ ਨੇ ਕਿਹਾ ਕਿ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਸਾਵਧਾਨੀ ਵਰਤਣੀ ਲਾਜ਼ਮੀ ਹੈ ਅਤੇ ਕਿਸੇ ਵੱਡੇ ਇਕੱਠ ਵਿੱਚ ਸ਼ਾਮਲ ਹੋਣ ਉਪਰੰਤ ਸਾਵਧਾਨੀ ਉਪਾਅ ਵਜੋਂ ਚਾਰ ਦਿਨਾਂ ਲਈ ਘਰੇਲੂ ਇਕਾਂਤਵਾਸ ਵਿੱਚ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫਤਿਆਂ ਵਿੱਚ ਵੀ ਇੰਨੀ ਹੀ ਗਿਣਤੀ ਵਿੱਚ ਕੇਸਾਂ ਦੀ ਉਮੀਦ ਹੈ, ਜਿਸ ਤੋਂ ਬਾਅਦ ਕੇਸਾਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।

Continue Reading
Click to comment

Leave a Reply

Your email address will not be published. Required fields are marked *