Connect with us

Uncategorized

“ਸੋਨ ਤਮਗ਼ੇ ਦੇ ਐਨ ਨੇੜੇ”, ਰਾਣਾ ਸੋਢੀ ਵੱਲੋਂ ਉਲੰਪਿਕਸ ਦੇ ਸੈਮੀਫ਼ਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ

Published

on

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਲੰਪਿਕਸ ਦੇ ਸੈਮੀਫ਼ਾਈਨਲ ਵਿੱਚ ਪਹੁੰਚੀ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸੀ ਸੋਨ ਤਮਗ਼ੇ ਦੇ ਐਨ ਨੇੜੇ ਪਹੁੰਚ ਗਏ ਹਾਂ। ਟੋਕੀਉ ਉਲੰਪਿਕਸ ਵਿੱਚ ਹਾਕੀ ਟੀਮ ਦੀ ਬਰਤਾਨੀਆ ਵਿਰੁੱਧ ਜਿੱਤ ਪਿੱਛੋਂ ਕੀਤੇ ਆਪਣੇ ਦੋ ਟਵੀਟਸ ਵਿੱਚ ਉਨ੍ਹਾਂ ਕਿਹਾ, “ਭਾਰਤੀ ਟੀਮ ਵੱਲੋਂ ਉਲੰਪਿਕਸ ਵਿੱਚ ਵਿਖਾਏ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਪੁਰਸ਼ ਹਾਕੀ ਟੀਮ 1980 ਤੋਂ ਬਾਅਦ ਪਹਿਲੀ ਵਾਰ ਸੈਮੀਫ਼ਾਈਨਲ ਵਿੱਚ ਪਹੁੰਚੀ ਹੈ। ਅਸੀਂ ਉਲੰਪਿਕਸ ਸੋਨ ਤਮਗ਼ੇ ਦੇ ਨੇੜੇ ਪਹੁੰਚ ਚੁੱਕੇ ਹਾਂ। ਉਲੰਪਿਕਸ ਵਿੱਚ ਖੇਡ ਰਹੇ ਪੰਜਾਬ ਦੇ 11 ਖਿਡਾਰੀਆਂ ਦੀ ਪ੍ਰਾਪਤੀ ‘ਤੇ ਸਾਨੂੰ ਮਾਣ ਹੈ।”

ਇਸੇ ਤਰ੍ਹਾਂ ਦੂਜੇ ਟਵੀਟ ਵਿੱਚ ਰਾਣਾ ਸੋਢੀ ਨੇ ਕਿਹਾ, “ਉਲੰਪਿਕਸ ਦੀਆਂ ਚੋਟੀ ਦੀਆਂ 4 ਟੀਮਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹੁੰਚਣਾ ਮਾਣ ਵਾਲੀ ਗੱਲ ਹੈ।” ਉਨ੍ਹਾਂ ਕਿਹਾ ਕਿ ਅੱਜ ਦੇ ਮੈਚ ਵਿੱਚ ਵੀ ਤਿੰਨੇ ਗੋਲ ਪੰਜਾਬ ਦੇ ਖਿਡਾਰੀਆਂ ਨੇ ਕੀਤੇ ਅਤੇ ਇਨ੍ਹਾਂ ਤੋਂ ਅੱਗੇ ਵੀ ਸਾਨੂੰ ਬਹੁਤ ਉਮੀਦ ਹੈ। ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ 3 ਅਗਸਤ ਨੂੰ ਬੈਲਜੀਅਮ ਵਿਰੁੱਧ ਹੋਣ ਵਾਲੇ ਮੈਚ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਜਤਾਈ ਕਿ ਬੈਲਜੀਅਮ ਨੂੰ ਪਹਿਲਾਂ ਵੀ ਹਰਾ ਚੁੱਕੀ ਭਾਰਤੀ ਹਾਕੀ ਟੀਮ ਜੇਤੂ ਹੋ ਕੇ ਉੱਭਰੇਗੀ। ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਟੋਕੀਉ ਉਲੰਪਿਕ ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵੱਲੋਂ ਸੋਨ ਤਮਗ਼ਾ ਜਿੱਤਣ ‘ਤੇ ਪੰਜਾਬ ਦੇ ਹਰ ਖਿਡਾਰੀ ਨੂੰ ਵਿਅਕਤੀਗਤ ਤੌਰ ‘ਤੇ 2.25 ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ।