punjab
ਜ਼ਮੀਨਾਂ ਵੇਚ ਅਮਰੀਕਾ ਭੇਜਿਆ ਪੁੱਤ, ਪਹੁੰਚਦਿਆਂ ਹੀ ਹੋਇਆ ਡਿਪੋਰਟ, ਹੁਣ ਵਿਲ੍ਹਕ ਰਿਹੈ ਪਰਿਵਾਰ

ਦੋ ਡੰਗ ਦੀ ਰੋਜ਼ੀ-ਰੋਟੀ ਅਤੇ ਸੁਨਹਿਰੇ ਭਵਿੱਖ ਲਈ ਪੁੱਤਰ ਨੂੰ 50 ਤੋਂ 55 ਲੱਖ ਰੁਪਏ ਖਰਚ ਕੇ ਅਮਰੀਕਾ ਭੇਜਿਆ ਸੀ ਕਿ ਟਰੰਪ ਸਰਕਾਰ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਉਥੋਂ ਦੀ ਧਰਤੀ ਤੋਂ ਵਾਪਿਸ ਭੇਜਣਾ ਸ਼ੁਰੂ ਕੀਤਾ ਹੈ। ਇਸ ਦੇ ਚੱਲਦਿਆਂ ਹੁਣ ਅਮਰੀਕਾ ਤੋਂ ਅੰਮ੍ਰਿਤਸਰ ਏਅਰਪੋਰਟ ਵਿਖੇ 119 ਹੋਰ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 67 ਲੋਕ ਪੰਜਾਬ ਦੇ, 33 ਹਰਿਆਣਾ ਦੇ, ਅੱਠ ਗੁਜਰਾਤ ਦੇ ਅਤੇ ਦੋ ਦੋ ਮਹਾਰਾਸ਼ਟਰ ਤੇ ਰਾਜਸਥਾਨ ਤੋਂ ਇਲਾਵਾ ਇੱਕ ਹੋਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ।
ਅਮਰੀਕਾ ਤੋਂ ਡਿਪੋਰਟ ਹੋ ਕੇ ਘਰ ਵਾਪਸ ਆਉਣ ਵਾਲੇ ਪੰਜਾਬ ਦੇ ਨੌਜਵਾਨਾਂ ਵਿੱਚੋਂ ਜਿਲ੍ਹਾਂ ਫਿਰੋਜ਼ਪੁਰ ਦੇ ਰਹਿਣ ਵਾਲੇ ਚਾਰ ਨੌਜਵਾਨ ਹਨ, ਜੋ ਅਮਰੀਕਾ ‘ਚ ਰੋਜ਼ੀ-ਰੋਟੀ ਕਮਾਉਣ ਤੇ ਆਪਣੇ ਤੇ ਗਰੀਬੀ ਦੇ ਬੋਝ ਨੂੰ ਖ਼ਤਮ ਕਰਨ ਵਾਸਤੇ ਗਏ ਸਨ ਪਰ ਅੱਜ ਉਹਨਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਪੰਜਾਬ ਉਹਨਾਂ ਦੇ ਘਰ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਉਹਨਾਂ ਵਿੱਚੋਂ ਜ਼ਿਲ੍ਹਾਂ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਤਰਾਂ ਵਾਲੀ ਦਾ ਰਹਿਣ ਵਾਲਾ ਨੌਜਵਾਨ ਨਵਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਇੱਕ ਨੌਜਵਾਨ ਹੈ ਜਿਸ ਦੇ ਘਰਦਿਆਂ ਨੇ ਉਸ ਨੂੰ ਆਪਣੀ ਜਮੀਨ ਵੇਚ ਕੇ ਅਮਰੀਕਾ ਭੇਜਿਆ ਸੀ ਤੇ ਉਥੋਂ ਅੱਜ ਉਸ ਨੂੰ ਡਿਪੋਰਟ ਕਰਕੇ ਵਾਪਸ ਉਸ ਦੇ ਘਰ ਭੇਜਿਆ ਜਾ ਰਿਹਾ ਹੈ, ਇਹ ਸੁਨੇਹਾ ਮਿਲਣ ਤੋਂ ਬਾਅਦ ਘਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਨਵਦੀਪ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਦੋ ਵਾਰ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਅੱਜ ਤੋਂ ਅੱਠ ਮਹੀਨੇ ਪਹਿਲਾਂ ਨਵਦੀਪ ਨੇ ਅਮਰੀਕਾ ਜਾਣ ਦੇ ਲਈ ਜਿੱਦ ਕੀਤੀ ਤਾਂ ਉਸ ਦੇ ਪਿਤਾ ਨੇ ਆਪਣੇ ਕੋਲ ਇੱਕ ਕਿੱਲਾ ਜ਼ਮੀਨ ਜੋ ਸੀ ਉਸ ਨੂੰ ਵੇਚ ਦਿੱਤਾ ਤੇ ਉਸ ਨੂੰ 40 ਲੱਖ ਰੁਪਏ ਲਗਾ ਕੇ ਅਮਰੀਕਾ ਭੇਜਿਆ ਪਰ ਉਸ ਤੋਂ ਪਹਿਲਾਂ ਪਨਾਮਾ ਦੇ ਜੰਗਲਾਂ ਵਿੱਚੋਂ ਹੀ ਉਸ ਨੂੰ ਫੜ ਲਿਆ ਗਿਆ ਤੇ ਡਿਪੋਰਟ ਕਰਕੇ ਫਿਰੋਜ਼ਪੁਰ ਉਸਦੇ ਘਰ ਵਾਪਸ ਭੇਜ ਦਿੱਤਾ ਅਤੇ ਨਵਦੀਪ ਦੋ ਮਹੀਨੇ ਆਪਣੇ ਘਰ ਰਿਹਾ ਤੇ ਉਸ ਨੂੰ ਫਿਰ ਇੰਝ ਏਜੰਟਾਂ ਤੇ ਉਸਦੇ ਦੋਸਤਾਂ ਨੇ ਦੁਬਾਰਾ ਵਾਪਸ ਜਾਣ ਦੇ ਲਈ ਕਿਹਾ ਤਾਂ ਪੁੱਤਰ ਨਵਦੀਪ ਸਿੰਘ ਦੇ ਕਹਿਣ ਤੇ ਮਜਬੂਰ ਪਿਤਾ ਨੇ ਆਪਣੇ ਘਰ ਤੇ 15 ਲੱਖ ਰੁਪਏ ਦਾ ਹੋਰ ਲੋਨ ਲੈ ਕੇ ਉਸ ਨੂੰ ਇੱਕ ਵਾਰ ਫਿਰ ਅਮਰੀਕਾ ਦੇ ਲਈ ਭੇਜ ਦਿੱਤਾ ਤੇ ਇਹ ਸੋਚਿਆ ਕਿ ਉਸ ਦਾ ਬੱਚਾ ਉਥੇ ਪਹੁੰਚ ਕੇ ਮਿਹਨਤ ਕਰੇਗਾ ਤੇ ਉਸਦੀ ਜ਼ਮੀਨ ਤੇ ਘਰ ਤੇ ਲਿਆ ਲੋਨ ਵੀ ਉਤਰ ਜਾਏਗਾ ਪਰ ਅੱਜ ਨਤੀਜਾ ਕੁਝ ਹੋਰ ਨਿਕਲਿਆ ਜਦ ਘਰ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਉਹਨਾਂ ਦਾ ਬੇਟਾ ਨਵਦੀਪ ਸਿੰਘ ਜੋ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਪਰ ਅੱਜ ਉਸ ਨੂੰ ਡਿਪੋਰਟ ਕਰਕੇ ਉਸਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ। ਇਹ ਪਤਾ ਲੱਗਣ ਤੋਂ ਬਾਅਦ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਤੇ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਉਹਨਾਂ ਕੋਲ ਉਹਨਾਂ ਦੀ ਜੱਦੀ ਜਮੀਨ ਰਹੀ ਤੇ ਘਰ ਤੇ ਵੀ ਲੋਨ ਲਿਆ ਹੋਇਆ ਹੈ ਉਹਨਾਂ ਕੋਲ ਕੁਝ ਨਹੀਂ ਰਿਹਾ ਤੇ ਮੁੰਡਾ ਵੀ ਘਰ ਵਾਪਸ ਪਰਤ ਆਇਆ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਹੋ ਸਕੇ
ਨਵਦੀਪ ਸਿੰਘ ਦੀ ਮਾਂ ਅਤੇ ਦਾਦੀ ਦਾ ਕਹਿਣਾ ਹੈ ਕਿ ਉਹ ਕਾਫੀ ਗਰੀਬ ਹਨ। ਗਰੀਬੀ ਕਾਰਨ ਉਹਨਾਂ ਨੇ ਆਪਣੇ ਪੁੱਤਰ ਨਵਦੀਪ ਸਿੰਘ ਨੂੰ ਆਪਣੀ ਜਮੀਨ ਵੇਚ ਕੇ ਤੇ ਘਰ ਤੇ ਲੋਨ ਲੈ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਪਰ ਉਹ ਦੂਜੀ ਵਾਰ ਫਿਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ। ਇਸ ਕਰਕੇ ਉਹਨਾਂ ਦਾ ਮਨ ਕਾਫੀ ਖਰਾਬ ਹੈ ਕਿਉਂਕਿ ਸਭ ਕੁਝ ਵੇਚ ਵਟਾ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤਾਂ ਜੋ ਗਰੀਬੀ ਤੋਂ ਉਹਨਾਂ ਨੂੰ ਕੁਝ ਰਾਹਤ ਮਿਲੇਗੀ ਪਰ ਅੱਜ ਸਭ ਕੁਝ ਉਹਨਾਂ ਦਾ ਵਿਕ ਚੁੱਕਿਆ ਹੈ ਉਹਨਾਂ ਕੋਲ ਹੁਣ ਕੁਝ ਨਹੀਂ ਰਿਹਾ ਉਹਨਾਂ ਕਿਹਾ ਕਿ ਜੇ ਪੰਜਾਬ ਵਿੱਚ ਵੀ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਂਦੀਆਂ ਤਾਂ ਉਹ ਕਦੀ ਵੀ ਆਪਣੇ ਬੱਚਿਆਂ ਨੂੰ ਅੱਖਾਂ ਤੋਂ ਦੂਰ ਨਾ ਕਰਦੇ।