Punjab
ਸੁਖਬੀਰ ਬਾਦਲ, ਸਿੱਖ ਸਿਆਸਤ ਅਤੇ ਤਖਤਾਂ ਦੀ ਦੁਰਵਰਤੋਂ!
ਸਿੱਖ ਸਿਆਸਤ ਆਪਸੀ ਟਕਰਾਓ ਵਿੱਚ ਉਸ ਪੱਧਰ ‘ਤੇ ਪਹੁੰਚ ਚੁੱਕੀ ਹੈ ਕਿ ਸਾਡੇ ਸਿਆਸਤਦਾਨਾਂ ਵੱਲੋਂ ਤਖਤਾਂ ਦੀ ਦੁਰਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੰਦਿਆਂ ਪੰਜ ਪਿਆਰਿਆਂ ਨੇ ਜੋ ਹੁਕਮਨਾਮਾ ਜਾਰੀ ਕੀਤਾ ਹੈ ਉਸ ਵਿੱਚ ਕਿਹਾ ਗਿਆ ਹੈ ਕਿ 21 ਮਈ 2025 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਕੁਲਦੀਪ ਸਿੰਘ ਗੜਗੱਜ ਤੇ ਭਾਈ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ 11.9.2022,9.12.2022 ਅਤੇ 25.11.2023 ਦੇ ਹੁਕਮਨਾਮਿਆਂ ਦੇ ਖ਼ਿਲਾਫ਼ ਜਾ ਕੇ ਫ਼ੈਸਲੇ ਸੁਣਾਏ ਹਨ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਅਧਿਕਾਰ ਖੇਤਰ ਵਿੱਚ ਦਖਲ ਅੰਦਾਜੀ ਕੀਤੀ ਗਈ ਹੈ। ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ ਤੁਹਾਨੂੰ ਦੋ ਵਾਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਪਰ ਤੁਸੀਂ ਨਹੀਂ ਆਏ । ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 20 ਦਿਨ ਦਾ ਸਮਾਂ ਮੰਗਿਆ ਸੀ ਪਰ ਤੁਸੀਂ ਉਸ ਸਮੇਂ ਪਿੱਛੋਂ ਵੀ ਹਾਜ਼ਰ ਨਹੀਂ ਹੋਏ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਸਾਰੇ ਘਟਨਾਕ੍ਰਮ ਲਈ ਤੁਸੀਂ ਜ਼ਿਮੇਵਾਰ ਹੋ। ਇਸ ਲਈ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ 21 ਮਈ 2025 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸਿੰਘ ਸਾਹਿਬਾਨ ਨੇ ਭਾਈ ਰਣਜੀਤ ਸਿੰਘ ਗੌਹਰ ਏ ਮਸਕੀਨ ਨੂੰ ਦੋਸ਼ ਮੁਕਤ ਕਰ ਦਿੱਤਾ ਸੀ । ਇਸੇ ਫੈਸਲੇ ਨੂੰ ਪਟਨਾ ਸਾਹਿਬ ਦੇ ਆਦੇਸ਼ਾਂ ਵਿੱਚ ਅੰਦਾਜ਼ੀ ਦੱਸਿਆ ਜਾ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਆਸੀ ਹਿੱਤਾਂ ਲਈ ਵਰਤੋਂ ਦੇ ਦੋਸ਼ ਬਾਦਲ ਦਲ ਉੱਪਰ ਲੱਗਦੇ ਰਹੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਸੇ ਵਾਲੇ ਸਾਧ ਨੂੰ ਦਿੱਤੀ ਮੁਆਫੀ ਦੀ ਗਲਤੀ ਜਾਂ ਇੰਝ ਕਹਿ ਲਓ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਆਸੀ ਹਿੱਤਾਂ ਲਈ ਵਰਤੋਂ ਨੂੰ ਅਪ੍ਰਤੱਖ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਨੇ ਉਸ ਵੇਲੇ ਮੰਨ ਲਿਆ ਸੀ ਜਦੋਂ ਉਨ੍ਹਾਂ ਨੇ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਇਨ੍ਹਾਂ ਗੁਨਾਹਾਂ ਦੀ ਮੁਆਫ਼ੀ ਮੰਗੀ ਸੀ। ਉਸ ਤੋਂ ਬਾਅਦ 21 ਮਈ 2025 ਨੂੰ ਜਿਹੜੇ ਆਦੇਸ਼ ਜਾਰੀ ਕੀਤੇ ਗਏ ਉਸਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਕੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਕੋਲ ਇਹ ਸ਼ਕਤੀ ਹੈ ਕਿ ਉਹ ਸਿੱਖਾਂ ਦੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇ ਸਕਣ।
ਹੁਣ ਜੇਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ ਤੇ ਕੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਆਦੇਸ਼ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਹਨ? ਅੱਜ ਦੇ ਸਮੇਂ ਸਿੱਖ ਸਿਆਸਤ ਐਸੇ ਗੰਭੀਰ ਸੰਕਟ ਵਿੱਚ ਹੈ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਅਕਾਲੀ ਦਲ ਮਰਨ ਕਿਨਾਰੇ ਹੈ। ਸਾਡੇ ਸਿਆਸਤਦਾਨਾਂ ਦੀ ਨਾਸਮਝੀ ਅਤੇ ਖਾਨਾਜੰਗੀ ਕਾਰਨ ਸਿੱਖ ਧਰਮ ਦੀ ਸਰਵਉਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਖ਼ਤਰੇ ਵਿੱਚ ਹੈ।
ਕੁਲਵੰਤ ਸਿੰਘ ਗੱਗੜਪੁਰੀ

