Connect with us

punjab

ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ‘ਤੇ ਚੱਲ ਰਹੀ ਮਾਈਨਿੰਗ ਮਾਰੀ ਰੇਡ

Published

on

SUKHBIR BADAL

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੁੱਧਵਾਰ ਨੂੰ ਬਿਆਸ ਦਰਿਆ ’ਤੇ ਅਚੇਨਚੇਤ ਛਾਪਾ ਮਾਰ ਕੇ ਉਥੇ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਉਥੋਂ ਹੀ ਪੱਤਰਕਾਰਾਂ ਨੂੰ ਨਾਲ ਲੈ ਕੇ ਬਿਆਸ ਦਰਿਆ ’ਤੇ ਪਹੁੰਚੇ ਜਿੱਥੇ ਵੱਡੇ ਪੱਧਰ ’ਤੇ ਮਾਈਨਿੰਗ ਕੀਤੀ ਜਾ ਰਹੀ ਸੀ। ਸੁਖਬੀਰ ਨੇ ਦੋਸ਼ ਲਗਾਇਆ ਕਿ ਇਹ ਮਾਈਨਿੰਗ ਨਾਜਾਇਜ਼ ਤੌਰ ’ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਜਾਇਜ਼ ਹੁੰਦੀ ਤਾਂ ਇਥੇ ਮੌਜੂਦ ਟਰੱਕ ਡਰਾਇਵਰ ਅਤੇ ਹੋਰ ਲੋਕ ਉਨ੍ਹਾਂ ਨੂੰ ਦੇਖ ਕੇ ਨਾ ਭੱਜਦੇ। ਇਹ ਮਾਈਨਿੰਗ ਮੁੱਖ ਹਾਈਵੇ ਤੋਂ ਮਹਿਜ਼ ਇਕ ਕਿੱਲੋਮੀਟਰ ਦੂਰੀ ’ਤੇ ਹੋ ਰਹੀ ਸੀ। ਦਰਅਸਲ ਬੀਤੇ ਕੱਲ੍ਹ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਕਿਵੇਂ ਬਿਆਸ ਦਰਿਆ ’ਤੇ ਨਜਾਇਜ਼ ਮਾਈਨਿੰਗ ਚੱਲ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੁਖਬੀਰ ਬਾਦਲ ਇਥੇ ਪਹੁੰਚੇ ਸਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਮੰਤਰੀ ਤੇ ਐੱਮ. ਪੀ. ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਸੁਖਬੀਰ ਨੇ ਕਿਹਾ ਕਿ ਦਰਿਆ ਵਿਚ ਪਾਈਪ ਲਾਈਨ ਪਾ ਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।

ਜਦੋਂ ਮਾਈਨਿੰਗ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਦੇਖਿਆ ਤਾਂ ਸਾਰੇ ਇਥੋਂ ਫਰਾਰ ਹੋ ਗਏ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਾਂਗਰਸੀ ਆਗੂਆਂ ਨੂੰ ਪੰਜਾਬ ਨੂੰ ਲੁੱਟਣ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਟਰੱਕ ਵਿਚ ਮਾਈਨਿੰਗ ਮਾਫੀਆ ਨੂੰ 50 ਤੋਂ 60 ਹਜ਼ਾਰ ਰੁਪਏ ਦਾ ਮੁਨਾਫ਼ਾ ਹੁੰਦਾ ਹੈ। ਸੁਖਬੀਰ ਨੇ ਕਿਹਾ ਕਿ ਇਹ ਸਭ ਕੁੱਝ ਪੁਲਸ ਅਤੇ ਮਹਿਕਮੇ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ। ਇਸ ਦੌਰਾਨ ਮੌਕੇ ’ਤੇ ਸੁਖਬੀਰ ਬਾਦਲ ਵਲੋਂ ਸੰਬੰਧਤ ਦਿਹਾਤੀ ਐੱਸ. ਪੀ. ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਅਤੇ ਇਸ ਮਾਈਨਿੰਗ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੁਖਬੀਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਅਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਅਕਾਲੀ ਦਲ ਵਲੋਂ ਹਾਈਵੇ ਜਾਮ ਕਰ ਦਿੱਤਾ ਜਾਵੇਗਾ। ਇਸ ਦਰਮਿਆਨ ਮੌਕੇ ’ਤੇ ਪਹੁੰਚੇ ਪੁਲਸ ਅਫਸਰਾਂ ਨੇ ਆਖਿਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ, ਅਤੇ ਜੇਕਰ ਇਹ ਮਾਈਨਿੰਗ ਨਾਜਾਇਜ਼ ਹੋਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।