punjab
ਤਕਨੀਕੀ ਸਿੱਖਿਆ ਮੰਤਰੀ ਵਲੋਂ ਪੀ.ਟੀ.ਯੂ ਵਿਖੇ ਅਤਿ ਆਧੁਨਿਕ ਤਕਨੀਕੀ ਇੰਸਟੀਚਿਊਟ ਲਈ 10 ਏਕੜ ਜ਼ਮੀਨ ਦੇਣ ਦਾ ਐਲਾਨ
ਉਦਯੋਗਾਂ ਦੀ ਲੋੜ ਅਨੁਸਾਰ ਤਕਨੀਕੀ ਸਿੱਖਿਆ ਦੇ ਸਿਲੇਬਸ ਵਿਚ ਹੋਵੇਗਾ ਬਦਲਾਅ
ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਰੋਜ਼ਗਾਰ ਅਤੇ ਉਦਯੋਗਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਕਰਵਾਈ “ਇੰਡਸਟਰੀਅਲ ਮੀਟ”
ਕਪੂਰਥਲਾ, ਨਵੰਬਰ : ਪੰਜਾਬ ਦੇ ਤਕਨੀਕੀ ਸਿੱਖਿਆ, ਫੂਡ ਪ੍ਰੋਸੈਸਿੰਗ ਅਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਈ.ਕੇ. ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਅਤਿ ਆਧੁਨਿਕ ਤਕਨੀਕੀ ਇੰਸਟੀਚਿਊਟ ਦੀ ਸਥਾਪਨਾ ਲਈ10 ਏਕੜ ਜ਼ਮੀਨ ਦਿੱਤੀ ਜਾਵੇਗੀ ਤਾਂ ਜੋ ਉਦਯੋਗਾਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਮਨੁੱਖੀ ਸਰੋਤ ਪੈਦਾ ਕੀਤੇ ਜਾ ਸਕਣ।
ਅੱਜ ਇੱਥੇ ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਜਲੰਧਰ , ਕਪੂਰਥਲਾ ਅਤੇ ਫਗਵਾੜਾ ਦੇ 100 ਤੋਂ ਜਿਆਦਾ ਉਦਯੋਗਪਤੀਆਂ ਨਾਲ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਵਲੋਂ ਉਦਯੋਗਪਤੀਆਂ ਨਾਲ ਦੁਵੱਲੇ ਵਿਚਾਰ ਵਟਾਂਦਰੇ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਬਲੋਦਿਆਂ ਉਦਯੋਗਪਤੀਆਂ ਦੀ ਮੰਗ ’ਤੇ ਕੈਬਨਿਟ ਮੰਤਰੀ ਵਲੋਂ ਇਹ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਈ.ਟੀ.ਆਈ, ਪੋਲੀਟੈਕਨਿਕ ਅਤੇ ਹੋਰ ਤਕਨੀਕੀ ਸੰਸਥਾਵਾਂ ਵਿਚ ਪੜਦੇ ਲੱਖਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਅਤੇ ਉਦਯੋਗਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਯਤਨ ਆਰੰਭੇ ਗਏ ਹਨ।
ਉਨ੍ਹਾਂ ਉਦਯੋਗਪਤੀਆਂ ਨਾਲ ਖੁੱਲ੍ਹੇ ਵਿਚਾਰ ਵਟਾਂਦਰੇ ਦੌਰਾਨ ਵੱਖ – ਵੱਖ ਉਦਯੋਗਾਂ ਜਿਵੇਂ ਕਿ ਸਪੋਰਟਸ, ਲੈਦਰ, ਆਟੋ ਮੋਬਾਇਲ ਦੇ ਪ੍ਰਤੀਨਿਧੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਦੇ ਸੁਝਾਵਾਂ ਅਨੁਸਾਰ ਆਈ.ਟੀ.ਆਈ ਦੇ ਸਿਲੇਬਸ ਵਿਚ ਵੀ ਬਦਲਾਅ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੀਆਂ ਸਾਰੀਆਂ 359 ਆਈ.ਟੀ.ਆਈਜ਼ ਵਿਚ ਉਦਯੋਗਿਕ ਮੈਨੇਜਮੈਂਟ ਕਮੇਟੀਆਂ ਨੂੰ ਕਾਰਜਸ਼ੀਲ ਕੀਤਾ ਜਾਵੇਗਾ। ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਆਪਣੀਆਂ ਲੋੜਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ 27 ਨਵੀਆਂ ਆਈ.ਟੀ.ਆਈਜ਼ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਪੀ.ਟੀ.ਯੂ ਦੇ ਉਪ ਕੁਲਪਤੀ ਸ੍ਰੀ ਰਮੇਸ਼ ਕੁਮਾਰ ਗੈਂਤਾ ਨੇ “ਉਦਯੋਗ ਕੋਲੋਂ ਆਸ “ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਅਤੇ ਉਦਯੋਗਾਂ ਨੂੰ ਮਿਲ ਕੇ ਸਾਫਟ ਸਕਿੱਲ ਵਿਕਸਤ ਕਰਨ ਵੱਲ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਨੁੱਖੀ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਆਈ.ਟੀ.ਆਈ ਦੇ ਟਰੇਨਰਾਂ ਨੂੰ ਉਦਯੋਗਿਕ ਯੂਨਿਟਾਂ ਵਿਚ ਵੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਜਲੰਧਰ ਪੱਛਮੀ ਤੋਂ ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਵਿਖੇ ਲੈਦਰ ਇੰਸਟੀਚਿਊਟ ਦੇ ਨਵੀਨੀਕਰਨ ਦਾ ਮੁੱਦਾ ਉਠਾਇਆ।
ਸੈਸ਼ਨ ਦੌਰਾਨ ਉਦਯੋਗਪਤੀਆਂ ਦੀ ਤਰਫੋ ਬੋਲਦਿਆਂ ਸਾਵੀ ਇੰਟਰਨੈਸ਼ਨ ਦੇ ਪ੍ਰਤੀਨਿਧੀ ਸ੍ਰੀ ਮੁਕਲ ਵਰਮਾ ਨੇ ਤਕਨੀਕੀ ਸਿੱਖਿਆ ਵਿਭਾਗ ਵਲੋਂ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰੇ ਨੂੰ ਸਾਰਥਿਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਪੋਰਟਸ ਇੰਡਸਟਰੀ ਵਿਚ ਮੌਜੂਦ ਅਸੀਮ ਸੰਭਾਵਨਾਵਾਂ ਨੂੰ ਰੋਜਗਾਰ ਦੇ ਮੌਕਿਆਂ ਵਿਚ ਬਦਲਿਆ ਜਾ ਸਕੇਗਾ। ਉਨ੍ਹਾਂ ਡਿਜਾਈਨ ਵਿਚ ਨਵੇਂ ਕੋਰਸ ਸ਼ੁਰੂ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵੀ ਤਵੱਜੋਂ ਦੇਣ ਦੀ ਮੰਗ ਰੱਖੀ।