punjab
ਅਮਨੈਸਟੀ ਸਕੀਮ 19 ਜੁਲਾਈ ਨੂੰ ਹੋਵੇਗੀ ਬੰਦ

ਜਿਹੜੇ ਅਲਾਟੀ ਕਿਸੇ ਕਾਰਨ ਕਰਕੇ ਆਪਣੀਆਂ ਬਕਾਇਆ ਕਿਸ਼ਤਾਂ ਜਮ੍ਹਾਂ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਇੱਕ ਮੌਕਾ ਦੇਣ ਲਈ ਪੰਜਾਬ ਦਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਮਨੈਸਟੀ ਸਕੀਮ ਲੈ ਕੇ ਆਇਆ ਹੈ। ਇਸ ਸਕੀਮ ਤਹਿਤ ਅਲਾਟੀਆਂ ਨੂੰ ਅਲਾਟਮੈਂਟ ਪੱਤਰ ਵਿੱਚ ਦਰਸਾਏ ਗਏ ਰੇਟ `ਤੇ ਸਾਧਾਰਨ ਵਿਆਜ ਸਮੇਤ ਬਕਾਏ ਦੀ ਰਾਸ਼ੀ ਜਮ੍ਹਾਂ ਕਰਵਾਉਣੀ ਹੋਵੇਗੀ। ਇਹ ਬਕਾਇਆ ਰਾਸ਼ੀ ਇਕਮੁਸ਼ਤ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਇਸ ਰਾਸ਼ੀ ਦੇ ਕੁਝ ਹਿੱਸੇ ਦੇ ਭੁਗਤਾਨ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਹ ਸਕੀਮ 19 ਜੁਲਾਈ, 2021 ਨੂੰ ਬੰਦ ਹੋ ਜਾਵੇਗੀ ਅਤੇ ਇਸ ਵਿਚ ਵਾਧਾ ਨਹੀਂ ਕੀਤਾ ਜਾਵੇਗਾ।
ਜਿਨ੍ਹਾਂ ਅਲਾਟੀਆਂ ਨੇ 31-12-2013 ਤੋਂ ਬਾਅਦ ਬਕਾਇਆ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਹੈ, ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਅਲਾਟੀਆਂ ਦੀ ਅਲਾਟਮੈਂਟ ਬਕਾਇਆ ਕਿਸ਼ਤਾਂ ਕਰਕੇ ਰੱਦ ਕੀਤੀ ਗਈ ਹੈ ਜਾਂ ਇਸ ਸਬੰਧੀ ਕੋਈ ਮੁਕੱਦਮਾ ਚੱਲ ਰਿਹਾ ਹੈ, ਉਹ ਵੀ ਇਸ ਸਕੀਮ ਅਧੀਨ ਅਪਲਾਈ ਕਰ ਸਕਦੇ ਹਨ। ਇਹ ਸਕੀਮ ਵਿਕਾਸ ਅਥਾਰਟੀਆਂ ਜਿਵੇਂ ਪੁੱਡਾ, ਗਮਾਡਾ, ਗਲਾਡਾ, ਪੀ.ਡੀ.ਏ., ਏ.ਡੀ.ਏ., ਜੇ.ਡੀ.ਏ. ਅਤੇ ਬੀ.ਡੀ.ਏ. ਦੁਆਰਾ ਕਿਸੇ ਵੀ ਢੰਗ ਰਾਹੀਂ ਨਿਲਾਮ ਕੀਤੀਆਂ ਗਈਆਂ ਜਾਂ ਅਲਾਟ ਕੀਤੀਆਂ ਗਈਆਂ ਸਾਰੀਆਂ ਜਾਇਦਾਦ `ਤੇ ਲਾਗੂ ਹੈ। ਹਾਲਾਂਕਿ, ਇਹ ਸਕੀਮ ਅਜਿਹੇ ਮਾਮਲਿਆਂ ਵਿੱਚ ਲਾਗੂ ਨਹੀਂ ਹੁੰਦੀ ਜਿੱਥੇ ਸਬੰਧਤ ਵਿਕਾਸ ਅਥਾਰਟੀ ਦੁਆਰਾ ਜਾਇਦਾਦ ਦਾ ਕਬਜ਼ਾ ਲੈ ਲਿਆ ਗਿਆ ਹੈ।
ਇਹ ਵਿਭਾਗ ਦੁਆਰਾ ਅਲਾਟੀਆਂ ਨੂੰ ਆਪਣੇ ਬਕਾਏ ਦੇ ਨਿਬੇੜੇ ਲਈ ਦਿੱਤਾ ਗਿਆ ਇਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਅਪਲਾਈ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਲਈ ਇਛੁੱਕ ਵਿਅਕਤੀ ਸਬੰਧਤ ਵਿਕਾਸ ਅਥਾਰਟੀ ਦੇ ਅਸਟੇਟ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਅਲਾਟੀਆਂ ਦੀ ਸਹੂਲਤ ਲਈ ਸਾਰੀਆਂ ਵਿਕਾਸ ਅਥਾਰਟੀਆਂ ਦੀ ਵੈਬਸਾਈਟ `ਤੇ ਇਕ ਕੈਲਕੁਲੇਟਰ ਵੀ ਅਪਲੋਡ ਕੀਤਾ ਗਿਆ ਹੈ ਜਿੱਥੋਂ ਉਹ ਆਪਣੇ ਬਕਾਏ ਦਾ ਹਿਸਾਬ ਲਗਾ ਸਕਦੇ ਹਨ।