Connect with us

Punjab

“ਮਣਕੇ ਟੁੱਟਦੇ ਜਾਂਦੇ ਨੇ” ਰੱਖੜਾ ਤੋਂ ਬਾਅਦ ਇਆਲੀ ਵੀ ਗਏ! ਪੁਨਰ ਸੁਰਜੀਤ ਦੇ ਬਿਖਰਨ ਦੇ ਕੀ ਨੇ ਕਾਰਨ ਤੇ ਕਿਸਨੂੰ ਲਾਭ ਹੋਵੇਗਾ?

Published

on

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸਿਆਸੀ ਮਾਲਾ ਦੇ ਮਣਕੇ ਲਗਾਤਾਰ ਟੁੱਟਦੇ ਨਜ਼ਰ ਆ ਰਹੇ ਹਨ ਅਤੇ ਪਾਰਟੀ ਦਾ ਢਾਂਚਾ ਦਿਨੋਂ-ਦਿਨ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ। ਇੱਕ ਤੋਂ ਬਾਅਦ ਇੱਕ ਵੱਡੇ ਨੇਤਾ ਪਾਰਟੀ ਦਾ ਸਾਥ ਛੱਡ ਰਹੇ ਹਨ, ਜਿਸ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਪੁਨਰ ਸੁਰਜੀਤ ਆਪਣੀ ਸਿਆਸੀ ਪਕੜ ਬਚਾ ਪਾਵੇਗਾ ਜਾਂ ਫਿਰ ਇਹ ਪਾਰਟੀ ਹੌਲੀ-ਹੌਲੀ ਬਿਖਰਦੀ ਜਾਵੇਗੀ। ਸੁਰਜੀਤ ਸਿੰਘ ਰੱਖੜਾ ਦੇ ਪਾਰਟੀ ਛੱਡਣ ਤੋਂ ਬਾਅਦ ਹੁਣ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੀ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਰਟੀ ਅੰਦਰ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਜਿਹੜੀ ਪਾਰਟੀ ਨੂੰ ਪੰਥਕ ਸਿਆਸਤ ਵਿੱਚ ਇੱਕ ਨਵਾਂ ਵਿਕਲਪ ਮੰਨਿਆ ਜਾ ਰਿਹਾ ਸੀ, ਉਹ ਹੁਣ ਆਪਣੇ ਹੀ ਅੰਦਰੂਨੀ ਸੰਕਟ ਨਾਲ ਜੂਝਦੀ ਦਿਖਾਈ ਦੇ ਰਹੀ ਹੈ।
ਸੁਰਜੀਤ ਸਿੰਘ ਰੱਖੜਾ ਨੇ ਪਹਿਲਾਂ ਹੀ ਪੁਨਰ ਸੁਰਜੀਤ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਉਸ ਸਮੇਂ ਇਹ ਗੱਲ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ ਕਿ ਇਹ ਸਿਰਫ ਇੱਕ ਨੇਤਾ ਦੇ ਜਾਣ ਦੀ ਗੱਲ ਨਹੀਂ, ਸਗੋਂ ਇਹ ਇੱਕ ਵੱਡੇ ਸਿਆਸੀ ਬਿਖਰਾਅ ਦੀ ਸ਼ੁਰੂਆਤ ਹੋ ਸਕਦੀ ਹੈ। ਹੁਣ ਮਨਪ੍ਰੀਤ ਸਿੰਘ ਇਆਲੀ ਦੇ ਅਸਤੀਫੇ ਨੇ ਇਸ ਗੱਲ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਪਾਰਟੀ ਅੰਦਰ ਲੰਬੇ ਸਮੇਂ ਤੋਂ ਅਸਹਿਮਤੀ ਅਤੇ ਨਾਰਾਜ਼ਗੀ ਚੱਲ ਰਹੀ ਸੀ। ਇਆਲੀ ਲਗਾਤਾਰ ਪਾਰਟੀ ਲਾਈਨ ਤੋਂ ਵੱਖਰੀ ਸੋਚ ਅਤੇ ਵੱਖਰੇ ਰੁਖ ਨਾਲ ਨਜ਼ਰ ਆ ਰਹੇ ਸਨ। ਉਹ ਕਈ ਮੌਕਿਆਂ ’ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਨਾਲ ਜੁੜੀਆਂ ਸਟੇਜਾਂ ਉੱਤੇ ਵੀ ਦਿਖਾਈ ਦਿੱਤੇ, ਜਿਸ ਨਾਲ ਇਹ ਸੰਕੇਤ ਮਿਲ ਰਿਹਾ ਸੀ ਕਿ ਉਹ ਪਾਰਟੀ ਅੰਦਰ ਖੁਸ਼ ਨਹੀਂ ਹਨ।
ਮਨਪ੍ਰੀਤ ਸਿੰਘ ਇਆਲੀ ਨੇ ਅਸਤੀਫਾ ਦਿੰਦਿਆਂ ਜਿਹੜਾ ਕਾਰਨ ਦਿੱਤਾ, ਉਹ ਵੀ ਕਾਫੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਦੋ ਦਸੰਬਰ 2024 ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿੱਚ ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਲੋਕਾਂ ਦੀ ਇੱਛਾ ਸੀ ਕਿ ਉਹ ਅੱਗੇ ਲੱਗ ਕੇ ਨਾ ਚੱਲਣ। ਉਨ੍ਹਾਂ ਸੁਝਾਅ ਦਿੱਤਾ ਸੀ ਕਿ ਅਜਿਹੇ ਨੇਤਾਵਾਂ ਨੂੰ ਘੱਟੋ-ਘੱਟ ਇੱਕ ਸਾਲ ਲਈ ਪਿੱਛੇ ਹਟ ਜਾਣਾ ਚਾਹੀਦਾ ਹੈ, ਪਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ। ਇਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਅੰਦਰ ਲੀਡਰਸ਼ਿਪ ਨੂੰ ਲੈ ਕੇ ਗੰਭੀਰ ਮਤਭੇਦ ਸਨ, ਜਿਹੜੇ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਜਦੋਂ ਕਿਸੇ ਪਾਰਟੀ ਦੇ ਵੱਡੇ ਨੇਤਾ ਹੀ ਆਪਣੀ ਗੱਲ ਸਮਝਾਉਣ ਵਿੱਚ ਅਸਫਲ ਰਹਿ ਜਾਣ, ਤਾਂ ਇਹ ਪਾਰਟੀ ਦੀ ਅੰਦਰੂਨੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਰੱਖੜਾ ਅਤੇ ਇਆਲੀ ਤੋਂ ਪਹਿਲਾਂ ਵੀ ਕਈ ਹੋਰ ਵੱਡੇ ਨੇਤਾ ਪੁਨਰ ਸੁਰਜੀਤ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸ ਦਾ ਸਿੱਧਾ ਅਸਰ ਪਾਰਟੀ ਦੀ ਸਾਖ ਅਤੇ ਸੰਗਠਨਾਤਮਕ ਤਾਕਤ ਉੱਤੇ ਪੈ ਰਿਹਾ ਹੈ। ਜਿਹੜੀ ਪਾਰਟੀ ਇੱਕ ਮਜ਼ਬੂਤ ਪੰਥਕ ਵਿਕਲਪ ਬਣਨ ਦੀ ਕੋਸ਼ਿਸ਼ ਕਰ ਰਹੀ ਸੀ, ਉਹ ਹੁਣ ਆਪਣੇ ਹੀ ਲੀਡਰਾਂ ਨੂੰ ਜੋੜ ਕੇ ਰੱਖਣ ਵਿੱਚ ਅਸਫਲ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਆਮ ਵਰਕਰ ਅਤੇ ਵੋਟਰ ਦਾ ਮਨੋਬਲ ਵੀ ਡਿੱਗਦਾ ਹੈ ਅਤੇ ਉਹ ਸੋਚਣ ਲੱਗਦਾ ਹੈ ਕਿ ਜੇ ਵੱਡੇ ਲੀਡਰ ਹੀ ਪਾਰਟੀ ਉੱਤੇ ਭਰੋਸਾ ਨਹੀਂ ਕਰ ਰਹੇ, ਤਾਂ ਉਹ ਕਿਉਂ ਕਰਨ।
ਹੁਣ ਸਵਾਲ ਇਹ ਹੈ ਕਿ ਇਸ ਸਿਆਸੀ ਬਿਖਰਾਅ ਦਾ ਲਾਭ ਕਿਸਨੂੰ ਹੋਵੇਗਾ? ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਬਾਦਲ ਵਿੱਚ ਇਸ ਗੱਲ ਨੂੰ ਲੈ ਕੇ ਖੁਸ਼ੀ ਦਿਖਾਈ ਦੇ ਸਕਦੀ ਹੈ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਲਈ ਇਹ ਇੱਕ ਮਨੋਵਿਗਿਆਨਕ ਤਸੱਲੀ ਵਾਲੀ ਗੱਲ ਹੋ ਸਕਦੀ ਹੈ ਕਿ ਬਾਗ਼ੀ ਨੇਤਾਵਾਂ ਵੱਲੋਂ ਬਣਾਇਆ ਦਲ ਕਮਜ਼ੋਰ ਹੋ ਰਿਹਾ ਹੈ। ਪਰ ਸਿਆਸੀ ਤੌਰ ’ਤੇ ਇਸ ਦਾ ਸਿੱਧਾ ਲਾਭ ਅਕਾਲੀ ਦਲ ਬਾਦਲ ਨੂੰ ਮਿਲੇਗਾ, ਇਹ ਕਹਿਣਾ ਜਲਦੀ ਹੋਵੇਗਾ। ਕਿਉਂਕਿ ਉਹ ਵੋਟਰ ਜਿਹੜਾ ਪਹਿਲਾਂ ਹੀ ਬਾਦਲ ਦਲ ਨੂੰ ਨਕਾਰ ਚੁੱਕਾ ਹੈ, ਉਹ ਵਾਪਸ ਉੱਥੇ ਜਾਵੇਗਾ, ਇਸ ਦੀ ਕੋਈ ਗਰੰਟੀ ਨਹੀਂ।
ਇਸ ਬਿਖਰਾਅ ਦਾ ਵੱਡਾ ਲਾਭ ਆਮ ਆਦਮੀ ਪਾਰਟੀ ਅਤੇ ਵਾਰਿਸ ਪੰਜਾਬ ਦੇ ਨੂੰ ਮਿਲ ਸਕਦਾ ਹੈ। ਜਿਹੜਾ ਵੋਟਰ ਪੰਥਕ ਸੋਚ ਵਾਲਾ ਹੈ ਅਤੇ ਬਾਦਲ ਦਲ ਤੋਂ ਨਾਰਾਜ਼ ਹੈ, ਉਹ ਜੇ ਪੁਨਰ ਸੁਰਜੀਤ ਨੂੰ ਕਮਜ਼ੋਰ ਸਮਝੇਗਾ ਤਾਂ ਉਹ ਨਵਾਂ ਰਸਤਾ ਲੱਭੇਗਾ। ਜਿਹੜਾ ਵੋਟਰ ਜ਼ਿਆਦਾ ਕੱਟੜਪੰਥੀ ਪੰਥਕ ਸੋਚ ਰੱਖਦਾ ਹੈ, ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਵੱਲ ਜਾ ਸਕਦਾ ਹੈ। ਜਿਹੜਾ ਵੋਟਰ ਪੰਥਕ ਸੋਚ ਰੱਖਦਾ ਹੈ ਪਰ ਸਰਕਾਰ ਦੇ ਨਾਲ ਵੀ ਇੱਕ ਰਾਜਨੀਤਿਕ ਸਬੰਧ ਦੇਖਣਾ ਚਾਹੁੰਦਾ ਹੈ, ਉਹ ਆਮ ਆਦਮੀ ਪਾਰਟੀ ਵੱਲ ਮੁੜ ਸਕਦਾ ਹੈ। ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਖ਼ਿਲਾਫ਼ ਕਾਨੂੰਨ ਬਣਨ ਤੋਂ ਬਾਅਦ ਕੁੱਝ ਪੰਥਕ ਸੋਚ ਵਾਲੇ ਵਰਗ ਵਿੱਚ ਆਮ ਆਦਮੀ ਪਾਰਟੀ ਲਈ ਹਾਂਪੱਖੀ ਸੋਚ ਬਣੀ ਹੈ। ਸੁਰਜੀਤ ਸਿੰਘ ਰੱਖੜਾ ਨੇ ਵੀ ਆਪ ਵਿੱਚ ਜਾਣ ਦਾ ਇੱਕ ਵੱਡਾ ਕਾਰਨ ਇਹੀ ਦੱਸਿਆ ਸੀ।
ਇਸ ਸਾਰੇ ਸਿਆਸੀ ਦ੍ਰਿਸ਼ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਆਪਣੀ ਸਿਆਸੀ ਮਾਲਾ ਦੇ ਬਾਕੀ ਮਣਕਿਆਂ ਨੂੰ ਸੰਭਾਲ ਸਕਣਗੇ ਜਾਂ ਨਹੀਂ। ਚੋਣਾਂ ਵਿੱਚ ਅਜੇ ਕੁਝ ਮਹੀਨੇ ਬਾਕੀ ਹਨ ਅਤੇ ਸਿਆਸਤ ਵਿੱਚ ਕੁਝ ਵੀ ਹੋ ਸਕਦਾ ਹੈ। ਜੇ ਪੁਨਰ ਸੁਰਜੀਤ ਆਪਣੀ ਅੰਦਰੂਨੀ ਕਮਜ਼ੋਰੀ ਦੂਰ ਕਰਕੇ ਮੁੜ ਆਪਣੇ ਵਰਕਰਾਂ ਅਤੇ ਪੰਥਕ ਵੋਟਰਾਂ ਦਾ ਭਰੋਸਾ ਜਿੱਤ ਲੈਂਦਾ ਹੈ ਤਾਂ ਉਹ ਮੁੜ ਖੜ੍ਹਾ ਹੋ ਸਕਦਾ ਹੈ। ਪਰ ਜੇ ਇਹ ਟੁੱਟਣ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪਾਰਟੀ ਦਾ ਬਚਣਾ ਮੁਸ਼ਕਿਲ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਸਿਆਸੀ ਮਾਲਾ ਨੂੰ ਮੁੜ ਜੋੜ ਪਾਉਂਦੇ ਹਨ ਜਾਂ ਫਿਰ ਇਹ ਮਣਕੇ ਇਸੇ ਤਰ੍ਹਾਂ ਟੁੱਟਦੇ ਜਾਣਗੇ।

 

 

 

ਕੁਲਵੰਤ ਸਿੰਘ ਗੱਗੜਪੁਰੀ