Punjab
ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਾਲੇ ਵਧੀ ਤਲਖ਼ੀ
ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸੀ ਮਾਹੌਲ ਭੱਖਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੱਲੋਂ ਰਾਜਾ ਵੜਿੰਗ ਦੀ ਤੁਲਨਾ ‘ਗਿੱਦੜ’ ਨਾਲ ਕੀਤੇ ਜਾਣ ਮਗਰੋਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਗਿੱਦੜ ਵਾਲੇ ਬਿਆਨ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਲੋਕ ਹੀ ਦੱਸਣਗੇ ਕਿ ‘ਗਿੱਦੜ’ ਹਾਂ ਜਾਂ ਸ਼ੇਰ ਹਾਂ। ਮਨਪ੍ਰੀਤ ਬਾਦਲ ਜਦੋਂ ਮੈਦਾਨ ਆਵੇਗਾ ਫਿਰ ਪਤਾ ਲੱਗੂ ਗਿੱਦੜ ਹੈ ਜਾਂ ਸ਼ੇਰ ਹੈ। ਇਸ ਗਿੱਦੜ ਨੇ ਹੀ ਮਨਪ੍ਰੀਤ ਵਰਗੇ ਸ਼ੇਰਾਂ ਦੀ ਫਿਰ ਪੂਛ ਚੁਕਾਈ ਸੀ।
ਦਰਅਸਲ ਮਨਪ੍ਰੀਤ ਸਿੰਘ ਬਾਦਲ ਨੇ ਰਾਜਾ ਵੜਿੰਗ ਨੂੰ ‘ਗਿੱਦੜ’ ਦੱਸਦੇ ਹੋਏ ਕਿਹਾ ਕਿ ਰਾਜਾ ਵੜਿੰਗ ਗਿੱਦੜਬਾਹਾ ਦਾ ‘ਗਿੱਦੜ’ ਹੈ। ਉਨ੍ਹਾਂ ਕਿਹਾ ਸੀ ਕਿ ਰਾਜਾ ਵੜਿੰਗ ਨੇ ਮੇਰੀ ਗੱਡੀ ਵਿਚ ਬੈਠਣ ਲਈ ਹੱਥ ਜੋੜੇ ਸਨ ਅਤੇ ਮੇਰੀਆਂ ਮਿੰਨਤਾਂ ਤੱਕ ਕੀਤੀਆਂ ਸਨ। ਮਨਪ੍ਰੀਤ ਬਾਦਲ ਵੱਲੋਂ ਇਹ ਵੀ ਇਲਜ਼ਾਮ ਲਾਏ ਗਏ ਹਨ ਕਿ ਰਾਜਾ ਵੜਿੰਗ ਨਿਗਮ ਚੋਣਾਂ ਵੇਲੇ ਭੱਜ ਗਏ ਸਨ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਲੋਕਾਂ ਨੂੰ ਡਿੰਪੀ ਢਿੱਲੋਂ ਅਤੇ ਸੰਨੀ ਤੋਂ ਨਹੀਂ ਬਚਾਉਣਾ।
ਉਥੇ ਹੀ ਰਾਜਾ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਬਾਦਲ ਆਪਣੇ ਪਿਓ ਦੀ ਸਹੁੰ ਖਾ ਲਵੇ ਕਿ ਪਿਛਲੀ ਵਾਰ ਮਨਪ੍ਰੀਤ ਬਾਦਲ ਨੇ ਡਿੰਪੀ ਢਿੱਲੋਂ ਦੀ ਮਦਦ ਕੀਤੀ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਤਾਂ ਇਥੋਂ ਭੱਜ ਕੇ ਬਠਿੰਡਾ ਚਲਾ ਗਿਆ ਸੀ। ਮਨਪ੍ਰੀਤ ਬਾਦਲ ਨੇ ਲੰਬੀ ਤੋਂ ਚੋਣ ਲੜਨ ਦੀ ਬਜਾਏ ਬਠਿੰਡਾ ਸੀਟ ਤੋਂ ਚੋਣ ਲੜੀ। ਗਿੱਦੜ ਨੇ ਹੀ ਮਨਪ੍ਰੀਤ ਵਰਗੇ ਸ਼ੇਰਾਂ ਦੀ ਪੂਛ ਚੁਕਾਈ ਸੀ।