punjab
ਐਨਆਈਏ ਨੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਰੋਡੇ ਦੇ ਘਰ ਛਾਪਾ, ਉਸਦੇ ਬੇਟੇ ਨੂੰ ਕੀਤਾ ਗ੍ਰਿਫਤਾਰ

ਸੂਤਰਾਂ ਅਨੁਸਾਰ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰੋਂ ਐਨਆਈਏ ਅਤੇ ਆਈਬੀ ਵੱਲੋਂ ਇਸ ਸਾਂਝੇ ਅਪ੍ਰੇਸ਼ਨ ਦੌਰਾਨ ਆਰ.ਡੀ.ਐਕਸ, ਟਿਫਨ ਬੰਬ ਅਤੇ ਗਲੌਕ ਦੇ ਪਿਸਟਲਾਂ ਸਣੇ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਹੈ। ਇਸ ਮਾਮਲੇ ਵਿਚ ਜਥੇਦਾਰ ਰੋਡੇ ਦੇ ਬੇਟੇ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਐਨ.ਆਈ.ਏ. ਦੀ ਟੀਮ ਜਥੇਦਾਰ ਰੋਡੇ ਦੇ ਮੁੰਡੇ ਨੂੰ ਵੀ ਆਪਣੇ ਨਾਲ ਲੈ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਪੁਲਿਸ ਨੇ ਵੀ ਅੰਮ੍ਰਿਤਸਰ ਤੋਂ ਅਸਲਾ ਅਤੇ ਟਿਫਨ ਬੰਬ ਬਰਾਮਦ ਕੀਤੇ ਸਨ। ਐੱਨ.ਆਈ.ਏ ਨੇ ਅਧਿਕਾਰਤ ਤੌਰ ’ਤੇ ਇਸ ਰੇਡ ਦੀ ਪੁਸ਼ਟੀ ਨਹੀਂ ਕੀਤੀ। ਕਾਬਲੇਗੌਰ ਹੈ ਕਿ ਅਕਾਲੀ ਸਰਕਾਰ ਦੌਰਾਨ ਵੀ ਪੰਜਾਬ ਆਰ.ਡੀ.ਐਕਸ ਫੜੀ ਗਈ ਸੀ ਅਤੇ ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਆਰ.ਡੀ.ਐਕਸ ਬਾਦਲ ਪਰਿਵਾਰ ਨੂੰ ਉਡਾਉਣ ਲਈ ਇਸਤੇਮਾਲ ਕੀਤੀ ਜਾਣੀ ਸੀ ਤੇ ਇਸ ਮਾਮਲੇ ਵਿਚ ਵੀ ਜਥੇਦਾਰ ਰੋਡੇ ਦੇ ਨਾਮ ਦੀ ਚਰਚਾ ਹੋਈ ਸੀ।ਜਿਕਰਯੋਗ ਹੈ ਕਿ ਜਸਵੀਰ ਸਿੰਘ ਰੋਡੇ ਦਾ ਭਰਾ ਲਖਵੀਰ ਸਿੰਘ ਰੋਡੇ ਇਸ ਸਮੇਂ ਪਾਕਿਸਤਾਨ ਵਿਚ ਹੈ ਤੇ ਪੰਜਾਬ ਵਿਚ ਪਹਿਲਾ ਵੀ ਜਿਹੜੇ ਅਸਲੇ ਪੁਲਿਸ ਨੇ ਬਰਾਮਦ ਕੀਤੇ ਹਨ ਉਸ ਵਿਚ ਵੀ ਲਖਵੀਰ ਸਿੰਘ ਰੋਡੇ ਦੀ ਭੂਮਿਕਾ ਦਾ ਜਿਕਰ ਹੁੰਦਾ ਰਿਹਾ ਹੈ। ਛਾਪੇਮਾਰੀ ਦੀਆਂ ਖਬਰਾਂ ਤੋਂ ਬਾਅਦ, ਮੀਡੀਆ ਕਰਮਚਾਰੀ ਰੋਡੇ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ, ਜੋ ਮੀਡੀਆ ਨੂੰ ਸਪੱਸ਼ਟ ਕਰਨ ਲਈ ਬਾਹਰ ਆਏ ਕਿ ਹਾਲਾਂਕਿ ਟੀਮਾਂ ਉਸ ਦੇ ਬੇਟੇ ਨੂੰ ਲੈ ਗਈਆਂ ਸਨ, ਪਰ ਉਸਦੇ ਘਰ ਤੋਂ ਆਈਈਡੀ ਦੀ ਕੋਈ ਬਰਾਮਦਗੀ ਨਹੀਂ ਹੋਈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਫਸਾਇਆ ਜਾ ਰਿਹਾ ਹੈ।