National
ਟਰੰਪ ਦੀਆਂ ਨੀਤੀਆਂ; ਅਮਰੀਕਾ ਡੁੱਬੇਗਾ ?
ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਦੋਂ ਤੋਂ ਹੀ ਅਮਰੀਕਾ ਅੰਦਰ ਆਰਥਿਕ ਸੰਕਟ ਵਧਦਾ ਜਾ ਰਿਹਾ ਹੈ। ਟਰੰਪ ਦੀਆਂ ਦੇਸ਼ੀ ਅਤੇ ਵਿਦੇਸ਼ੀ ਦੋਵੇਂ ਨੀਤੀਆਂ ਹੀ ਅਸਫਲ ਹੁੰਦੀਆਂ ਲੱਗ ਰਹੀਆਂ ਹਨ। ਇਸ ਸਮੇਂ ਅਮਰੀਕਾ ਅੰਦਰ ਮਹਿੰਗਾਈ ਬੇਹੱਦ ਵਧ ਚੁੱਕੀ ਹੈ। ਆਮ ਨਾਗਰਿਕ ਪ੍ਰੇਸ਼ਾਨ ਹੈ। ਖੇਤੀ ਮਜ਼ਦੂਰਾਂ ਦੀ ਕਮੀ ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਅਸਮਾਨੀ ਚੜੀਆਂ ਪਈਆਂ ਹਨ। ਇਹ ਅਮਰੀਕੀ ਰਾਸ਼ਟਰਪਤੀ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਹੋ ਰਿਹਾ ਹੈ ਕਿਉੰਕਿ ਲੱਖਾਂ ਮਜ਼ਦੂਰ ਦੇਸ਼ ਨਿਕਾਲੇ ਦੇ ਡਰ ਕਾਰਨ ਲੁਕ ਛਿਪ ਗਏ ਹਨ।ਇਸ ਕਾਰਨ ਅਮਰੀਕਾ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਇੱਕ ਸਤੰਬਰ ਨੂੰ ਦੇਸ਼ ਭਰ ਵਿੱਚ ਲੋਕਾਂ ਵੱਲੋਂ ਟਰੰਪ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ ਜੋ ਦਰਸਾਉਂਦੇ ਹਨ ਕਿ ਅਮਰੀਕਾ ਦੇ ਲੋਕ ਟਰੰਪ ਵੱਲੋਂ ਬਿਨਾਂ ਸੋਚੇ ਸਮਝੇ ਲਏ ਜਾ ਰਹੇ ਫੈਸਲਿਆਂ ਤੋਂ ਨਰਾਜ਼ ਹਨ। ਮਹਿੰਗਾਈ ਅਤੇ ਮੰਦਹਾਲੀ ਦੇ ਕਾਰਨ ਵਿਆਹਾਂ ਵਿੱਚ ਵੀ ਲੋਕਾਂ ਦੀ ਗਿਣਤੀ ਘਟ ਰਹੀ ਹੈ ਜਿਸ ਕਰਕੇ ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਹਾਲ ਹੀ ਵਿੱਚ ਅਮਰੀਕਾ ਵਿੱਚ ਮਹਿੰਗਾਈ ਦੀ ਦਰ ਕਾਫੀ ਵਧ ਗਈ ਹੈ। ਸਪਲਾਈ ਚੇਨ ਵਿੱਚ ਰੁਕਾਵਟਾਂ ਅਤੇ ਤੇਲ-ਗੈਸ ਦੀ ਕੀਮਤ ਵਿੱਚ ਉਛਾਲ ਨੇ ਗ੍ਰਾਹਕੀ ਸਮਾਨਾਂ ਦੀ ਕੀਮਤ ਨੂੰ ਵਧਾ ਦਿੱਤਾ। ਇਸ ਨਾਲ ਆਮ ਨਾਗਰਿਕ ਦੀ ਖਰੀਦਦਾਰੀ ਸਮਰੱਥਾ ਘਟ ਗਈ ਹੈ। ਅਮਰੀਕਾ ਦਾ ਸਰਕਾਰੀ ਕਰਜ਼ਾ ਇਸ ਸਮੇਂ $33 ਟ੍ਰਿਲੀਅਨ ਤੋਂ ਵੀ ਵੱਧ ਹੋ ਗਿਆ ਹੈ। ਵੱਧਦੇ ਹੋਏ ਖਰਚੇ, ਵੱਡੇ ਬਚਾਅ ਪੈਕੇਜ ਅਤੇ ਰੋਜ਼ਾਨਾ ਦੇ ਕਾਰਜਾਂ ਲਈ ਲਏ ਗਏ ਕਰਜ਼ੇ ਅਮਰੀਕਾ ਦੀ ਆਰਥਿਕਤਾ ‘ਤੇ ਭਾਰੀ ਬੋਝ ਪਾ ਰਹੇ ਹਨ। ਇਹ ਕਰਜ਼ਾ ਭਵਿੱਖ ਵਿੱਚ ਟੈਕਸ ਵਾਧੇ ਜਾਂ ਸਰਵਿਸ ਕਟੌਤੀ ਰਾਹੀਂ ਆਮ ਲੋਕਾਂ ‘ਤੇ ਅਸਰ ਕਰ ਸਕਦਾ ਹੈ।
ਅਮਰੀਕਾ ਦੀ ਵਿਦੇਸ਼ ਨੀਤੀ ਵਪਾਰਕ ਸੰਬੰਧ ਅਤੇ ਚੀਨ ਨਾਲ ਟਕਰਾਵ ਵੀ ਮੰਦਹਾਲੀ ਦਾ ਕਾਰਨ ਬਣ ਰਿਹਾ। ਟਰੰਪ ਵੱਲੋਂ ਦੂਜੇ ਦੇਸ਼ਾਂ ਦੇ ਸਮਾਨ ਉੱਪਰ ਟੈਰਿਫ ਵਧਾਉਣ ਨਾਲ ਬਹੁਤੇ ਦੇਸ਼ਾਂ ਨੇ ਅਮਰੀਕਾ ਨਾਲ ਆਪਣੇ ਵਪਾਰਕ ਸੰਬੰਧ ਘੱਟ ਕਰ ਦਿੱਤੇ ਹਨ। ਅਮਰੀਕਾ ਨੇ ਭਾਰਤ ਉੱਪਰ 50 ਫ਼ੀਸਦੀ ਟੈਰਿਫ ਲਗਾਇਆ ਹੈ ਜਿਸ ਕਾਰਨ ਭਾਰਤ ਨੇ ਅਮਰੀਕਾ ਨਾਲ ਆਯਾਤ ਨਿਰਯਾਤ ਬਹੁਤ ਘੱਟ ਕਰ ਦਿੱਤਾ ਹੈ। ਭਾਰਤ ਨੇ ਅਮਰੀਕਾ ਤੋਂ ਯਾਤਰੀ ਜਹਾਜ਼ ਖਰੀਦਣੇ ਸੀ ਜਿਸਦਾ ਡੀਲ ਵੀ ਰੱਦ ਹੋਣ ਵਾਲੀ ਹੈ। ਇਸਦੇ ਨਾਲ ਹੀ ਚੀਨ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਲੜਾਈ ਨੇ ਦੋਹਾਂ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਟੈਕਸ ਲੱਗਣ ਨਾਲ ਕੀਮਤਾਂ ਵਧੀਆਂ ਹਨ, ਜਿਸ ਨਾਲ ਖਪਤਕਾਰਾਂ ਅਤੇ ਉਦਯੋਗਾਂ ਨੂੰ ਨੁਕਸਾਨ ਹੋਇਆ ਹੈ। ਘਰੇਲੂ ਮਾਰਕੀਟ ਵਿੱਚ ਵਿਸ਼ਵਾਸ ਦੀ ਘਾਟ ਵੀ ਸ਼ਰ੍ਹੇਆਮ ਨਜ਼ਰ ਆ ਰਹੀ ਹੈ।
ਜਦੋਂ ਲੋਕ ਆਰਥਿਕਤਾ ਵਿੱਚ ਵਿਸ਼ਵਾਸ ਨਹੀਂ ਕਰਦੇ, ਉਹ ਖਰਚ ਕਰਨਾ ਘਟਾ ਦਿੰਦੇ ਹਨ। ਇਹ ਗਿਰਾਵਟ ਹੋਰ ਮੰਦਹਾਲੀ ਵਾਲੇ ਹਾਲਾਤ ਪੈਦਾ ਕਰਦੀ ਹੈ। ਬੈਂਕਿੰਗ ਸੈਕਟਰ ਦੀ ਅਸਥਿਰਤਾ ਵੀ ਮੰਦਹਾਲੀ ਦਾ ਕਾਰਨ ਬਣ ਰਿਹਾ ਹੈ।
2023–2024 ਦੌਰਾਨ ਕੁਝ ਮੱਧਮ ਅਕਾਰ ਦੇ ਬੈਂਕਾਂ ਦੇ ਫੇਲ ਹੋਣ, ਜਿਵੇਂ ਕਿ Silicon Valley Bank, ਨੇ ਆਰਥਿਕ ਮੰਡੀਆਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ। ਇਸ ਨਾਲ ਨਿਵੇਸ਼ਕਾਂ ਅਤੇ ਗ੍ਰਾਹਕਾਂ ਵਿੱਚ ਘਬਰਾਹਟ ਵਧੀ।
ਆਖਿਰ ਵਿੱਚ ਅਸੀਂ ਕਹਾਂਗੇ ਕਿ ਅਮਰੀਕਾ ਦੀ ਆਰਥਿਕਤਾ ਅਜੇ ਵੀ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕਤਾ ਹੈ, ਪਰ ਉਸਦੇ ਸਾਹਮਣੇ ਗੰਭੀਰ ਚੁਣੌਤੀਆਂ ਹਨ। ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਨਿਰਣਾਇਕ ਨੀਤੀਆਂ, ਨਵੀਨ ਤਕਨੀਕਾਂ ਅਤੇ ਜਨਤਾ ਦੇ ਸਹਿਯੋਗ ਦੀ ਲੋੜ ਹੈ। ਵਿਦੇਸ਼ ਨੀਤੀ ਉੱਪਰ ਮੁੜ ਵਿਚਾਰ ਕਰਨ ਦੀ ਲੋੜ ਹੈ।ਜੇਕਰ ਇਹ ਚੁਣੌਤੀਆਂ ਢੰਗ ਨਾਲ ਸਾਂਭੀਆਂ ਗਈਆਂ, ਤਾਂ ਅਮਰੀਕਾ ਮੁੜ ਆਰਥਿਕ ਤਾਕਤ ਵਜੋਂ ਉਭਰ ਸਕਦਾ ਹੈ।

