Connect with us

punjab

4.50 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਵਣ ਰੱਖਿਅਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਦੂਜਾ ਕਰਮਚਾਰੀ ਭਗੌੜਾ

Published

on

Punjab Vigilance Bureau

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਬ ਤਹਿਸੀਲ ਮਾਜਰੀ, ਐਸ.ਏ.ਐਸ. ਨਗਰ ਵਿਖੇ ਤਾਇਨਾਤ ਵਣ ਰੱਖਿਅਕ ਰਣਜੀਤ ਖਾਨ ਨੂੰ ਆਪਣੇ ਸੀਨੀਅਰ ਬਲਾਕ ਅਫ਼ਸਰ ਬਲਦੇਵ ਸਿੰਘ ਦੀ ਤਰਫੋਂ 4,50,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।  ਸ੍ਰੀ ਬੀ.ਕੇ. ਉੱਪਲ ਜੋ ਕਿ ਡੀ.ਜੀ.ਪੀ.-ਕਮ-ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਮਿਰਜ਼ਾਪੁਰ ਵਿਖੇ ਤਾਇਨਾਤ ਦੋਸ਼ੀ ਬਲਾਕ ਅਫ਼ਸਰ ਬਲਦੇਵ ਸਿੰਘ ਨੇ ਸ਼ਿਕਾਇਤਕਰਤਾ ਭੁਪਾਲ ਕੁਮਾਰ ਵਾਸੀ ਖਰੜ ਤੋਂ ਲੱਕੜ ਨੂੰ ਸਰਕਾਰੀ ਕੁਹਾੜੇ ਨਾਲ ਨਿਸ਼ਾਨ ਲਗਾਉਣ ਲਈ 5,50,000 ਰੁਪਏ ਦੀ ਮੰਗ ਕੀਤੀ ਸੀ। ਉਸਨੇ ਸ਼ਿਕਾਇਤਕਰਤਾ ਕੋਲੋਂ ਬੀਤੀ 28/03/2021 ਨੂੰ 5,00,000 ਰੁਪਏ ਰਿਸ਼ਵਤ ਵਜੋਂ ਪਹਿਲਾਂ ਹੀ ਲੈ ਲਏ ਸਨ। ਹੁਣ ਰਿਸ਼ਵਤ ਦੀ ਮੰਗ ਬਿਨਾਂ ਨਿਸ਼ਾਨ ਵਾਲੇ ਕੁਝ ਦਰੱਖਤ ਕੱਟਣ ਅਤੇ ਖੁੱਲ੍ਹੇ ਬਾਜ਼ਾਰ ਵਿੱਚ ਲੱਕੜ ਦੀ ਢੋਆ-ਢੋੁਆਈ ਲਈ ਘੱਟ ਜ਼ੁਰਮਾਨਾ ਲਗਾਉਣ ਲਈ ਕੀਤੀ ਗਈ ਸੀ।

ਸ਼ਿਕਾਇਤਕਰਤਾ ਨੂੰ ਜੰਗਲਾਤ ਵਿਭਾਗ ਵੱਲੋਂ ਮਾਜਰੀ ਬਲਾਕ ਦੇ ਪਿੰਡ ਮਿਰਜ਼ਾਪੁਰ ਵਿਖੇ ਖੈਰ ਦੇ ਦਰੱਖਤ ਕੱਟਣ ਅਤੇ ਵੇਚਣ ਲਈ ਬਾਕਾਇਦਾ ਪਰਮਿਟ ਜਾਰੀ ਕੀਤਾ ਗਿਆ ਹੈ ਤੇ ਉਸ ਕੋਲ 31/3/2021 ਤੱਕ ਸਾਈਟ ਤੋਂ ਦਰੱਖਤ ਹਟਾਉਣ ਦੀ ਆਗਿਆ ਹੈ। ਹੁਣ ਸ਼ੱਕੀਆਂ ਦੁਆਰਾ ਉਸਨੂੰ ਲੱਕੜ ਲਿਜਾਣ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਸ ਖਿਲਾਫ਼ ਬਿਨਾਂ ਨਿਸ਼ਾਨ ਵਾਲੇ ਗਲਤ ਦਰੱਖਤਾਂ ਨੂੰ ਕੱਟਣ ਵਿੱਚ ਬੇਨਿਯਮੀਆਂ ਕਰਨ ਸਬੰਧੀ ਸ਼ਿਕਾਇਤ ਹੈ। ਉਕਤ ਦੋਸ਼ੀਆਂ ਨੇ ਸ਼ਿਕਾਇਤਕਰਤਾ ਤੋਂ 2000 ਰੁਪਏ ਪ੍ਰਤੀ ਰੁੱਖ ਦੀ ਮੰਗ ਕੀਤੀ ਸੀ ਅਤੇ ਪਹਿਲਾਂ ਹੀ ਉਨ੍ਹਾਂ ਕੋਲੋਂ 5 ਲੱਖ ਰੁਪਏ ਲੈ ਲਏ ਸਨ ਪਰ ਹੁਣ ਉਹ ਲੱਕੜ ਦੀ ਢੋਆ-ਢੋਆਈ ਕਰਨ, ਜ਼ੁਰਮਾਨਾ 3,54,000 ਰੁਪਏ ਤੋਂ ਘਟਾ ਕੇ 2,50,000 ਕਰਨ ਅਤੇ ਸ਼ਿਕਾਇਤਕਰਤਾ ਦੇ ਸਾਥੀ ਦੇ ਨਾਮ`ਤੇ ਜੁਰਮਾਨਾ ਰਿਪੋਰਟ ਜਾਰੀ ਕਰਨ ਬਦਲੇ ਰਿਸ਼ਵਤ ਦੀ ਬਾਕੀ ਰਾਸ਼ੀ 3,20,000 ਰੁਪਏ ਦੀ ਮੰਗ ਕਰ ਰਹੇ ਸਨ।

ਦੋਸ਼ੀ ਰਣਜੀਤ ਖਾਨ ਨੂੰ ਅੱਜ ਉਸ ਦੇ ਸੀਨੀਅਰ ਬਲਾਕ ਅਧਿਕਾਰੀ ਬਲਦੇਵ ਸਿੰਘ ਤਰਫੋਂ ਸ਼ਿਕਾਇਤਕਰਤਾ ਤੋਂ 4,50,000 ਰੁਪਏ ਰਿਸ਼ਵਤ ਲੈਂਦੇ ਹੋਏ, ਓਮੈਕਸ ਟਾਵਰ ਪਾਰਕਿੰਗ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ ਮੌਕੇ ‘ਤੇ ਹੀ ਮੁਲਜ਼ਮ ਦੀ ਕਾਰ ਵਿੱਚੋਂ 4,64,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਇਸ ਰਕਮ ਦੇ ਸਰੋਤ ਸੰਬੰਧੀ ਅਗਲੇਰੀ ਪੜਤਾਲ ਜਾਰੀ ਹੈ। ਇਸ ਤੋਂ ਇਲਾਵਾ ਦੋਸ਼ੀ ਰਣਜੀਤ ਖਾਨ ਦੇ ਘਰ ਦੀ ਤਲਾਸ਼ੀ ਦੌਰਾਨ ਉੱਥੋਂ 1,00,000 ਰੁਪਏ ਵੀ ਬਰਾਮਦ ਕੀਤੇ ਗਏ ਹਨ। ਇਹ ਦੋਸ਼ੀ ਵੱਲੋਂ ਪਹਿਲਾਂ ਲਈ ਗਈ 5,00,000 ਰੁਪਏ ਦੀ ਰਿਸ਼ਵਤ ਦਾ ਬਾਕੀ ਹਿੱਸਾ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਬਲਦੇਵ ਸਿੰਘ ਬਲਾਕ ਅਧਿਕਾਰੀ ਅਜੇ ਫਰਾਰ ਹੈ ਅਤੇ ਉਸਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ। ਇਸ ਤੋਂ ਇਲਾਵਾ ਦੋਸ਼ੀ ਰਣਜੀਤ ਖਾਨ ਦੀ ਕਾਰ ਵਿਚੋਂ ਬਲਾਕ ਅਧਿਕਾਰੀ, ਮਿਰਜ਼ਾਪੁਰ ਦਾ ਅਧਿਕਾਰਤ ਹਥੌੜਾ ਵੀ ਬਰਾਮਦ ਹੋਇਆ ਹੈ। ਇਸ ਸਬੰਧੀ ਵਿਜੀਲੈਂਸ ਥਾਣਾ ਐਸ.ਏ.ਐਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ ਪੀ ਸੀ ਦੀ ਧਾਰਾ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।