Connect with us

National

ਸਤਿਆਪਾਲ ਮਲਿਕ ਨੇ ਆਖਰੀ ਪੋਸਟ ‘ਚ ਕੀ-ਕੀ ਲਿਖੀਆਂ ਸਨ ਗੱਲਾਂ…

Published

on

ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਜੋ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ 78 ਸਾਲ ਦੇ ਸਨ। ਆਪਣੇ ਤਿੱਖੇ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿਣ ਵਾਲੇ ਸੱਤਿਆਪਾਲ ਮਲਿਕ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਗੁਰਦੇ ਨਾਲ ਸਬੰਧਤ ਬੀਮਾਰੀ ਸੀ।

ਸਤਿਆਪਾਲ ਮਲਿਕ ਨੇ ਮੇਰਠ ਦੀ ਯੂਨੀਵਰਸਿਟੀ ਦੇ ਵਿਦਿਆਰਥੀ ਲੀਡਰ ਤੋਂ ਰਾਜਭਵਨ ਤੱਕ ਦੇ ਲੰਬਾ ਸਫਰ ਤੈਅ ਕੀਤਾ, ਇਸ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ ਪਰ ਪਹਿਲਾਂ ਇੱਥੇ ਦੱਸਦੇ ਹਾਂ ਸੱਤਿਆਪਾਲ ਮਲਿਕ ਨੂੰ ਇੱਕ ਅਜਿਹੇ ਨੇਤਾ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਹਮੇਸ਼ਾ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਦੇ ਰਹੇ ਸਨ। ਉਹ ਪੁਲਵਾਮਾ ਅੱਤਵਾਦੀ ਹਮਲੇ ‘ਤੇ ਲਗਾਤਾਰ ਪ੍ਰਤੀਕਿਰਿਆ ਦਿੰਦੇ ਰਹੇ। ਸੱਤਿਆਪਾਲ ਮਲਿਕ ਨੇ ਇੱਥੋ ਤੱਕ ਵੀ ਕਹਿ ਦਿੱਤਾ ਸੀ ਦੇਸ਼ ਬਹੁਤ ਗਲਤ ਹੱਥਾਂ ਵਿੱਚ ਹੈ। ਜੇਕਰ ਕਿਸਾਨ ਇੱਕਜੁੱਟ ਨਹੀਂ ਹੋਏ ਅਤੇ ਇਹ ਭਾਜਪਾ ਸਰਕਾਰ ਦੁਬਾਰਾ ਸੱਤਾ ਵਿੱਚ ਆਈ ਤਾਂ ਕਿਸਾਨ ਬਚ ਨਹੀਂ ਸਕਣਗੇ। ਇਸ ਦੇ ਨਾਲ ਹੀ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੌਰਾਨ ਸਤਿਆਪਾਲ ਮਲਿਕ ਡਟ ਕੇ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹੋ ਗਏ ਸਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਸੀ।

ਮੂਲ ਰੂਪ ਵਿੱਚ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਸਤਿਆਪਾਲ ਮਲਿਕ ਜਾਟ ਭਾਈਚਾਰੇ ਨਾਲ ਸਬੰਧਤ ਹੈ। ਉਨ੍ਹਾਂ ਨੇ ਮੇਰਠ ਕਾਲਜ ਤੋਂ ਵੀ ਪੜ੍ਹਾਈ ਕੀਤੀ ਹੈ। ਬੀਐਸਸੀ, ਤੇ ਐਲਐਲਬੀ ਕਰਨ ਦੇ ਨਾਲ ਮਲਿਕ ਨੇ ਸੰਸਦੀ ਮਾਮਲਿਆਂ ਵਿੱਚ ਡਿਪਲੋਮਾ ਵੀ ਕੀਤਾ ਹੋਇਆ ਸੀ। 1965 ਵਿੱਚ ਸਮਾਜਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿੱਚ ਦਾਖਲ ਹੋਏ ਸੱਤਿਆਪਾਲ ਮਲਿਕ ਨੇ ਆਪਣੇ ਲੰਬੇ ਜਨਤਕ ਜੀਵਨ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ। ਉਨ੍ਹਾਂ ਨੇ 1974 ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਵਜੋਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਰਾਜ ਸਭਾ ਅਤੇ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਦੇਸ਼ ਦੀ ਸੇਵਾ ਕੀਤੀ।

1984 ਵਿੱਚ ਮਲਿਕ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਰਾਜ ਸਭਾ ਮੈਂਬਰ ਬਣੇ। 1987 ਵਿੱਚ ਉਨ੍ਹਾਂ ਨੇ ਬੋਫੋਰਸ ਘੁਟਾਲੇ ਤੋਂ ਬਾਅਦ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। 1988 ਵਿੱਚ ਉਹ ਜਨਤਾ ਦਲ ਵਿੱਚ ਸ਼ਾਮਲ ਹੋ ਗਏ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਸੱਤਿਆਪਾਲ ਮਲਿਕ ਨੇ 1990 ਵਿੱਚ ਕੇਂਦਰੀ ਮੰਤਰੀ ਵਜੋਂ ਵੀ ਅਹੁਦਾ ਸੰਭਾਲਿਆ। 1996 ਵਿੱਚ ਸੱਤਿਆਪਾਲ ਮਲਿਕ ਨੇ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਅਲੀਗੜ੍ਹ ਤੋਂ ਚੋਣ ਲੜੀ, ਪਰ ਹਾਰ ਗਏ।

2004 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਬਾਗਪਤ ਤੋਂ ਲੋਕ ਸਭਾ ਚੋਣਾਂ ਲੜੀਆਂ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰਨ ਦੇ ਬਾਵਜੂਦ 2012 ਵਿੱਚ ਸੱਤਿਆਪਾਲ ਮਲਿਕ ਨੂੰ ਭਾਜਪਾ ਦਾ ਰਾਸ਼ਟਰੀ ਉਪ ਪ੍ਰਧਾਨ ਵੀ ਬਣਾਇਆ ਗਿਆ ਸੀ।
ਇਸ ਤੋਂ ਇਲਾਵਾ ਸਤਿਆਪਾਲ ਮਲਿਕ 2017-2018 ਵਿੱਚ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਸੀ। 2018 ਵਿੱਚ ਉਹ ਦੋ ਮਹੀਨਿਆਂ ਲਈ ਓਡੀਸ਼ਾ ਦੇ ਅੰਤਰਿਮ ਰਾਜਪਾਲ ਰਹੇ। 2018 ਤੋਂ 2019 ਦੌਰਾਨ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। 2019 ਤੋਂ 2020 ਤੱਕ ਗੋਆ ਦੇ ਰਾਜਪਾਲ ਤੇ 2020 ਤੋਂ 2022 ਤੱਕ ਮੇਘਾਲਿਆ ਦੇ ਰਾਜਪਾਲ ਵੀ ਰਹੇ।ਆਪਣੇ ਕਾਰਜਕਾਲ ਦੇ ਆਖਰੀ ਸਾਲਾਂ ਵਿੱਚ, ਉਨ੍ਹਾਂ ਨੇ ਕਈ ਰਾਜਾਂ ਦੇ ਰਾਜਪਾਲ ਵਜੋਂ ਸੇਵਾ ਨਿਭਾਉਂਦਿਆਂ ਹੋਇਆ ਸੱਤਿਆਪਾਲ ਮਲਿਕ ਜੰਮੂ-ਕਸ਼ਮੀਰ ਦੇ ਉਹ ਆਖਰੀ ਰਾਜਪਾਲ ਰਹੇ ਸਨ ਜਦੋਂ 2019 ਵਿੱਚ ਇਸ ਰਾਜ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਸੱਤਿਆਪਾਲ ਮਲਿਕ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਦੋਸ਼ ਲਗਾਏ। ਸੱਤਿਆਪਾਲ ਮਲਿਕ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵੀ ਵਿਰੁੱਧ ਸਨ। ਇਸ ਦੌਰਾਨ, ਉਨ੍ਹਾਂ ਦੁਆਰਾ ਦਿੱਤੇ ਗਏ ਤਿੱਖੇ ਬਿਆਨਾਂ ਨੇ ਬਹੁਤ ਸੁਰਖੀਆਂ ਬਟੋਰੀਆਂ।

7 ਜੂਨ ਦੀ ਆਖਰੀ ਪੋਸਟ ‘ਚ ਸਤਿਆਪਾਲ ਮਲਿਕ ਨੇ ਕਹੀਆਂ ਸੀ ਵੱਡੀਆਂ ਗੱਲਾਂ

7 ਜੂਨ ਨੂੰ ਆਪਣੀ ਆਖਰੀ ਪੋਸਟ ਵਿੱਚ, ਸੱਤਿਆਪਾਲ ਮਲਿਕ ਨੇ ਕਿਹਾ ਸੀ, “ਨਮਸਤੇ ਦੋਸਤੋ। ਮੈਂ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖਲ ਹਾਂ ਅਤੇ ਗੁਰਦਿਆਂ ਦੀ ਸਮੱਸਿਆ ਤੋਂ ਪੀੜਤ ਹਾਂ। ਮੈਂ ਕੱਲ੍ਹ ਸਵੇਰ ਤੋਂ ਠੀਕ ਸੀ ਪਰ ਅੱਜ ਮੈਨੂੰ ਦੁਬਾਰਾ ਆਈਸੀਯੂ ਵਿੱਚ ਸ਼ਿਫਟ ਕਰਨਾ ਪਿਆ। ਮੇਰੀ ਹਾਲਤ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਮੈਂ ਆਪਣੇ ਦੇਸ਼ ਵਾਸੀਆਂ ਨੂੰ ਸੱਚ ਦੱਸਣਾ ਚਾਹੁੰਦਾ ਹਾਂ ਕਿ ਮੈਂ ਜੀਵਾਂ ਜਾਂ ਨਾ ਜੀਵਾਂ।” ਉਨ੍ਹਾਂ ਅੱਗੇ ਕਿਹਾ, “ਜਦੋਂ ਮੈਂ ਰਾਜਪਾਲ ਦੇ ਅਹੁਦੇ ‘ਤੇ ਸੀ, ਤਾਂ ਮੈਨੂੰ 150-150 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਮੈਂ ਆਪਣੇ ਰਾਜਨੀਤਿਕ ਗੁਰੂ, ਕਿਸਾਨ ਮਸੀਹਾ, ਸਵਰਗੀ ਚੌਧਰੀ ਚਰਨ ਸਿੰਘ ਜੀ ਵਾਂਗ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਅਤੇ ਉਹ ਕਦੇ ਵੀ ਮੇਰਾ ਵਿਸ਼ਵਾਸ ਨਹੀਂ ਹਿਲਾ ਸਕਦੇ।”

ਉਨ੍ਹਾਂ ਨੇ ਅੱਗੇ ਲਿਖਿਆ ਸੀ
“ਜਦੋਂ ਮੈਂ ਰਾਜਪਾਲ ਸੀ, ਤਾਂ ਕਿਸਾਨ ਅੰਦੋਲਨ ਵੀ ਚੱਲ ਰਿਹਾ ਸੀ। ਮੈਂ ਬਿਨਾਂ ਕਿਸੇ ਰਾਜਨੀਤਿਕ ਲਾਲਚ ਦੇ ਇਸ ਅਹੁਦੇ ‘ਤੇ ਰਹਿੰਦਿਆਂ ਕਿਸਾਨਾਂ ਦੀਆਂ ਮੰਗਾਂ ਨੂੰ ਉਠਾਇਆ।”
“ਫਿਰ, ਮਹਿਲਾ ਪਹਿਲਵਾਨਾਂ ਦੇ ਅੰਦੋਲਨ ਵਿੱਚ, ਮੈਂ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਹਰ ਲੜਾਈ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਰਿਹਾ।”
“ਮੈਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਦਾ ਮੁੱਦਾ ਉਠਾਇਆ, ਜਿਸਦੀ ਜਾਂਚ ਇਸ ਸਰਕਾਰ ਨੇ ਅੱਜ ਤੱਕ ਨਹੀਂ ਕੀਤੀ ਹੈ।
ਸਰਕਾਰ ਮੈਨੂੰ ਸੀਬੀਆਈ ਦੀ ਧਮਕੀ ਦੇ ਕੇ ਝੂਠੇ ਚਾਰਜਸ਼ੀਟ ਵਿੱਚ ਫਸਾਉਣ ਲਈ ਬਹਾਨੇ ਲੱਭ ਰਹੀ ਹੈ। ਮੈਂ ਖੁਦ ਉਹ ਟੈਂਡਰ ਰੱਦ ਕਰ ਦਿੱਤਾ ਸੀ ਜਿਸ ਵਿੱਚ ਉਹ ਮੈਨੂੰ ਫਸਾਉਣਾ ਚਾਹੁੰਦੇ ਹਨ। ਮੈਂ ਖੁਦ ਪ੍ਰਧਾਨ ਮੰਤਰੀ ਨੂੰ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਭ੍ਰਿਸ਼ਟਾਚਾਰ ਹੈ ਅਤੇ ਉਨ੍ਹਾਂ ਨੂੰ ਦੱਸਣ ਤੋਂ ਬਾਅਦ, ਮੈਂ ਖੁਦ ਉਹ ਟੈਂਡਰ ਰੱਦ ਕਰ ਦਿੱਤਾ। ਮੇਰੇ ਤਬਾਦਲੇ ਤੋਂ ਬਾਅਦ, ਇਹ ਟੈਂਡਰ ਕਿਸੇ ਹੋਰ ਦੇ ਦਸਤਖਤ ਨਾਲ ਕੀਤਾ ਗਿਆ ਸੀ।”

ਉਨ੍ਹਾਂ ਅੰਤ ਵਿੱਚ ਕਿਹਾ, “ਮੈਂ ਸਰਕਾਰ ਅਤੇ ਸਰਕਾਰੀ ਏਜੰਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸਾਨ ਭਾਈਚਾਰੇ ਨਾਲ ਸਬੰਧਤ ਹਾਂ, ਮੈਂ ਨਾ ਤਾਂ ਡਰਨ ਵਾਲਾ ਹਾਂ ਅਤੇ ਨਾ ਹੀ ਝੁਕਣ ਵਾਲਾ ਹਾਂ। ਸਰਕਾਰ ਨੇ ਮੈਨੂੰ ਬਦਨਾਮ ਕਰਨ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ, ਅੰਤ ਵਿੱਚ ਮੈਂ ਸਰਕਾਰ ਅਤੇ ਸਰਕਾਰੀ ਏਜੰਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਪਿਆਰੇ ਦੇਸ਼ ਦੇ ਲੋਕਾਂ ਨੂੰ ਸੱਚ ਦੱਸਣ ਕਿ ਤੁਹਾਨੂੰ ਜਾਂਚ ਦੌਰਾਨ ਮੇਰੇ ਵਿੱਚ ਕੀ ਮਿਲਿਆ? ਹਾਲਾਂਕਿ, ਸੱਚਾਈ ਇਹ ਹੈ ਕਿ 50 ਸਾਲਾਂ ਤੋਂ ਵੱਧ ਦੇ ਰਾਜਨੀਤਿਕ ਕਰੀਅਰ ਵਿੱਚ ਬਹੁਤ ਉੱਚੇ ਅਹੁਦਿਆਂ ‘ਤੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਣ ਤੋਂ ਬਾਅਦ, ਮੈਂ ਅੱਜ ਵੀ ਇੱਕ ਕਮਰੇ ਵਾਲੇ ਘਰ ਵਿੱਚ ਰਹਿ ਰਿਹਾ ਹਾਂ ਅਤੇ ਕਰਜ਼ੇ ਵਿੱਚ ਵੀ ਡੁੱਬਿਆ ਹੋਇਆ ਹਾਂ। ਜੇਕਰ ਅੱਜ ਮੇਰੇ ਕੋਲ ਪੈਸੇ ਹੁੰਦੇ, ਤਾਂ ਮੇਰਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਹੁੰਦਾ।”