Connect with us

India

TARIFF WAR ਦੇ ਕੀ ਨੇ ਕਾਰਨ ਤੇ ਟਰੰਪ ਵੱਲੋਂ 50 ਫੀਸਦੀ ਟੈਰਿਫ ਲਗਾਉਣ ਦੇ ਭਾਰਤ ਨੂੰ ਕੀ ਹੋਣਗੇ ਨੁਕਸਾਨ ?

Published

on

ਅੱਜ ਗੱਲ ਕਰਾਂਗੇ ਕਿ ਅਮਰੀਕਾ- ਭਾਰਤ ਵਿਚਾਲੇ ਚੱਲ ਰਹੇ ਟੈਰਿਫ ਯੁੱਧ ਦੇ ਕੀ ਕਾਰਨ ਹਨ? ਅਤੇ ਅਮਰੀਕਾ ਵੱਲੋਂ ਭਾਰਤ ਉੱਪਰ 50% ਟੈਰਿਫ ਲਗਾਉਣ ਨਾਲ ਭਾਰਤ ਨੂੰ ਕੀ ਨੁਕਸਾਨ ਹੋਣਗੇ? ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਇਹ ਟੈਰਿਫ ਹੈ ਕੀ? ਅਮਰੀਕੀ ਟੈਰਿਫ ਦਾ ਮਤਲਬ ਹੈ ਕਿ ਜਿਹੜੀਆਂ ਵਸਤਾਂ ਭਾਰਤ ਤੋਂ ਅਮਰੀਕਾ ਜਾਣਗੀਆਂ ਉਨ੍ਹਾਂ ਉੱਪਰ 50 ਫ਼ੀਸਦੀ ਟੈਕਸ ਲਗਾਇਆ ਜਾਵੇਗਾ। ਭਾਵ ਜਿਹੜੀ ਚੀਜ਼ 100 ਰੁਪਏ ਦੀ ਹੈ ਉਹ ਅਮਰੀਕੀ ਬਾਜ਼ਾਰ ਵਿੱਚ 150 ਰੁਪਏ ਦੀ ਵਿਕੇਗੀ ਤੇ ਇਸ ਵਿੱਚੋਂ 50 ਰੁਪਏ ਅਮਰੀਕਾ ਸਰਕਾਰ ਕੋਲ ਜਾਣਗੇ।ਇਸੇ ਤਰ੍ਹਾਂ ਭਾਰਤ ਵੱਲੋਂ ਅਮਰੀਕੀ ਵਸਤੂਆਂ ਉੱਪਰ ਟੈਰਿਫ਼ ਲਗਾਇਆ ਜਾਂਦਾ ਹੈ। ਹਰੇਕ ਦੇਸ਼ ਦੂਜੇ ਦੇਸ਼ ਦੀਆਂ ਵਸਤੂਆਂ ਉੱਪਰ ਟੈਰਿਫ਼ ਲਗਾਉਂਦਾ ਹੈ।

ਬੀਤੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਉੱਪਰ 50 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਵੱਲੋਂ ਭਾਰਤ ਉੱਪਰ 25 ਫ਼ੀਸਦੀ ਟੈਰਿਫ ਪਹਿਲਾਂ ਹੀ ਲਗਾਇਆ ਜਾ ਚੁੱਕਾ ਹੈ ਅਤੇ ਹੁਣ 25 ਫ਼ੀਸਦੀ ਟੈਰਿਫ ਹੋਰ ਵਧਾਉਣ ਦਾ ਐਲਾਨ ਕੀਤਾ ਹੈ ਟਰੰਪ ਨੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਜੋ ਟੈਰਿਫ ਜੰਗ ਚੱਲ ਰਹੀ ਹੈ ਇਸਦੇ ਕਾਰਨ ਕੀ ਹਨ? ਟਰੰਪ ਵੱਲੋਂ ਭਾਰਤੀ ਵਸਤਾਂ ਉੱਪਰ ਟੈਰਿਫ ਲਗਾਉਣ ਦੇ ਦੋ ਵੱਡੇ ਕਾਰਨ ਹਨ । ਪਹਿਲਾ ਇਹ ਕਿ ਅਮਰੀਕਾ ਨੂੰ ਇਸ ਗੱਲ ਉੱਤੇ ਇਤਰਾਜ਼ ਹੈ ਕਿ ਭਾਰਤ ਰੂਸ ਤੋਂ ਤੇਲ ਕਿਉੰ ਖਰੀਦ ਰਿਹਾ ਹੈ?ਦੂਜਾ ਕਾਰਨ ਹੈ ਕਿ ਟਰੰਪ ਚਾਹੁੰਦਾ ਹੈ ਕਿ ਜਿੰਨਾ ਅਮਰੀਕਾ ਭਾਰਤ ਦੇ ਖੇਤੀ ਉਤਪਾਦਾਂ ਉੱਪਰ ਟੈਰਿਫ ਲਗਾ ਰਿਹਾ ਹੈ ਓਨਾ ਹੀ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ਉੱਪਰ ਟੈਰਿਫ ਲਗਾਵੇ ਪਰ ਅਜਿਹਾ ਕਰਨਾ ਸੰਭਵ ਨਹੀਂ ਹੈ ਕਿਉੰਕਿ ਭਾਰਤ ਦੇ ਕਿਸਾਨ ਤੇ ਅਮਰੀਕਾ ਦੇ ਕਿਸਾਨ ਵਿਚਾਲੇ ਜ਼ਮੀਨ ਅਸਮਾਨ ਦਾ ਫਰਕ ਹੈ। ਅਮਰੀਕਾ ਦੇ ਕਿਸਾਨਾਂ ਵੱਲੋਂ ਹਜ਼ਾਰਾਂ ਏਕੜ ਜ਼ਮੀਨ ਵਿੱਚ ਖੇਤੀ ਕੀਤੀ ਜਾਂਦੀ ਹੈ ਪਰ ਭਾਰਤ ਵਿੱਚ ਲੋਕ 5-5, 10-10 ਏਕੜ ਜ਼ਮੀਨ ਵਿੱਚ ਵੀ ਖੇਤੀ ਕਰਦੇ ਹਨ। ਇਨ੍ਹਾਂ ਦੀ ਆਰਥਿਕ ਸਥਿਤੀਅਤੇ ਅਮਰੀਕੀ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਬਹੁਤ ਫਰਕ ਹੈ।

ਤੁਹਾਨੂ ਇਹ ਵੀ ਦੱਸ ਦਈਏ ਕਿ ਭਾਰਤ ਵੱਲੋਂ ਅਮਰੀਕਾ ਦੇ ਖੇਤੀ ਉਤਪਾਦਾਂ ਉੱਪਰ 39 ਤੋਂ 65 ਫ਼ੀਸਦੀ ਤੱਕ ਟੈਰਿਫ ਲਗਾਇਆ ਜਾਂਦਾ ਹੈ ਪਰ ਅਮਰੀਕਾ ਵੱਲੋਂ ਭਾਰਤ ਦੇ ਖੇਤੀਬਾੜੀ ਉਤਪਾਦਾਂ ਉੱਪਰ ਕੇਵਲ 5.3 ਫ਼ੀਸਦੀ ਟੈਰਿਫ ਹੀ ਲਗਾਇਆ ਜਾਂਦਾ ਸੀ। ਟਰੰਪ ਚਾਹੁੰਦਾ ਹੈ ਕਿ ਭਾਰਤ ਵੀ ਇੰਨਾਂ ਹੀ ਟੈਰਿਫ ਲਗਾਵੇ ਲੇਕਿਨ ਭਾਰਤ ਸਰਕਾਰ ਚਾਹੁੰਦੀ ਹੈ ਕਿ ਭਾਰਤ ਦੇ ਕਿਸਾਨ ਦੇ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਵੱਧ ਹੋਵੇ ਕਿਉੰਕਿ ਉਹ ਅਮਰੀਕਾ ਦੇ ਕਿਸਾਨ ਜਿੰਨਾ ਸਮਰੱਥ ਨਹੀਂ ਹੈ। ਇਸੇ ਲਈ ਟਰੰਪ ਦੇ 50 ਫੀਸਦੀ ਟੈਰਿਫ ਲਗਾਉਣ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਹ ਆਪਣੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਹੁਣ ਜਾਣਦੇ ਹਾਂ ਕਿ ਅਮਰੀਕਾ ਦੇ 50 ਫ਼ੀਸਦੀ ਟੈਰਿਫ ਲਗਾਉਣ ਨਾਲ ਭਾਰਤ ਨੂੰ ਕੀ ਨੁਕਸਾਨ ਹੋਣਗੇ? ਭਾਰਤ ਦੀ ਆਰਥਿਕਤਾ ‘ਤੇ ਕਈ ਪੱਖਾਂ ਤੋਂ ਪ੍ਰਭਾਵ ਪਾਵੇਗਾ ਇਹ ਟੈਰਿਫ।

1. ਨਿਰਯਾਤ ਉੱਪਰ ਗੰਭੀਰ ਪ੍ਰਭਾਵ:- ਭਾਰਤ ਅਮਰੀਕਾ ਨੂੰ ਕੱਪੜਾ, ਹੀਰੇ ਰਤਨ, ਮਸ਼ੀਨਰੀ, ਦਵਾਈਆਂ ਅਤੇ ਆਈ ਟੀ ਸੈਕਟਰ ਦੀਆਂ ਵਸਤਾਂ ਨਿਰਯਾਤ ਕਰਦਾ ਹੈ। 50 ਫ਼ੀਸਦੀ ਟੈਰਿਫ ਲੱਗਣ ਨਾਲ ਇਹ ਵਸਤਾਂ ਅਮਰੀਕਾ ਦੇ ਬਾਜ਼ਾਰ ਵਿੱਚ ਮਹਿੰਗੀਆਂ ਹੋ ਜਾਣਗੀਆਂ ਅਤੇ ਮੰਗ ਘਟੇਗੀ ਇਸ ਨਾਲ ਭਾਰਤੀ ਨਿਰਯਾਤਕਾਰਾਂ ਨੂੰ ਵੱਡਾ ਆਰਥਿਕ ਝਟਕਾ ਲੱਗੇਗਾ।

2.ਬੇਰੁਜ਼ਗਾਰੀ ਵਧੇਗੀ:- ਨਿਰਯਾਤ ਘਟਣ ਨਾਲ ਭਾਰਤ ਵਿੱਚ ਉਹ ਉਦਯੋਗ ਜੋ ਅਮਰੀਕਾ ਉੱਪਰ ਨਿਰਭਰ ਹਨ ਖ਼ਾਸ ਕਰਕੇ ਕੱਪੜਾ ਉਦਯੋਗ, ਹਸਤ ਕਲਾ ਉਦਯੋਗ ਅਤੇ ਆਈ ਟੀ ਕੰਪਨੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਛਾਂਟੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ ਭਾਰਤ ਵਿੱਚ ਬੇਰੁਜ਼ਗਾਰੀ ਵਧੇਗੀ।

3. ਵਿਦੇਸ਼ੀ ਨਿਵੇਸ਼ਕਾਂ ਦੇ ਅੰਦਰ ਵਿਸ਼ਵਾਸ ਦੀ ਕਮੀ ਆਵੇਗੀ:- ਟੈਰਿਫ ਲੱਗਣ ਨਾਲ ਵਿਦੇਸ਼ੀ ਨਿਵੇਸ਼ਕ ਜੋ ਭਾਰਤ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਦੇ ਹਨ ਉਨ੍ਹਾਂ ਅੰਦਰ ਵਿਸ਼ਵਾਸ ਘਟੇਗਾ ਅਤੇ ਉਹ ਭਾਰਤ ਵਿੱਚ ਨਿਵੇਸ਼ ਕਰਨ ਤੋਂ ਡਰਨਗੇ। ਉਨ੍ਹਾਂ ਨੂੰ ਲੱਗੇਗਾ ਕਿ ਭਾਰਤੀ ਉਤਪਾਦਾਂ ਦੀ ਮੰਗ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਘਟ ਸਕਦੀ ਹੈ। ਇਸ ਨਾਲ ਭਾਰਤ ਦੀ ਉਦਯੋਗਿਕ ਵਿਕਾਸ ਦਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।

4. ਰੁਪਏ ਦੀ ਕੀਮਤ ਡਿੱਗੇਗੀ:- ਜੇਕਰ ਭਾਰਤ ਦੇ ਨਿਰਯਾਤ ਵਿੱਚ ਗਿਰਾਵਟ ਆਉਂਦੀ ਹੈ ਤਾਂ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਡਿੱਗੇਗੀ। ਅਜਿਹਾ ਹੋਣ ਦੀ ਸੂਰਤ ਵਿੱਚ ਭਾਰਤ ਦਾ ਆਮ ਆਦਮੀ ਮੰਦਹਾਲੀ ਦਾ ਸ਼ਿਕਾਰ ਹੋ ਸਕਦਾ ਹੈ ਤੇ ਮਹਿੰਗਾਈ ਵਧ ਸਕਦੀ ਹੈ।

5. ਭਾਰਤ ਤੇ ਅਮਰੀਕਾ ਦੇ ਰਿਸ਼ਤੇ ਵਿਗੜਨਗੇ:- ਪੰਜਾਹ ਫ਼ੀਸਦੀ ਟੈਰਿਫ ਲੱਗਣ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵਿਗੜਨਗੇ ਕਿਉੰਕਿ ਅਮਰੀਕਾ ਦੇ ਟੈਰਿਫ ਲਗਾਉਣ ਮਗਰੋਂ ਭਾਰਤ ਵੀ ਅਮਰੀਕੀ ਵਸਤਾਂ ‘ਤੇ ਟੈਰਿਫ ਲਗਾ ਸਕਦਾ ਹੈ। ਡੋਨਾਲਡ ਟਰੰਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਟੈਰਿਫ ਲਗਾਉਣ ਦੇ ਫੈਸਲੇ ਉੱਪਰ ਮੁੜ ਵਿਚਾਰ ਕਰੇ ਤਾਂ ਜੋ ਅਮਰੀਕਾ ਤੇ ਭਾਰਤ ਦੇ ਸੰਬੰਧ ਸੁਖਾਵੇਂ ਬਣੇ ਰਹਿਣ।

ਕੁਲਵੰਤ ਸਿੰਘ ਗੱਗੜਪੁਰੀ