Connect with us

News

ਲਗਜ਼ਰੀ ਬੱਸਾਂ ‘ਚ ਸਫਰ ” ਆਤ.ਮ,ਹੱ.ਤਿਆ” ਕਿਉੰ ਸਾਬਤ ਹੋ ਰਿਹਾ ਏ?, ਜਾਣੋ ਅਸਲ ਸਚਾਈ? 

Published

on

ਲਗਜ਼ਰੀ ਸਲੀਪਰ ਬੱਸਾਂ ਵਿੱਚ ਸਫ਼ਰ ਕਰਨਾ ਅੱਜਕੱਲ੍ਹ ਆਰਾਮ ਦੀ ਬਜਾਏ ਮੌਤ ਦੀ ਖੇਡ ਜਿਹੀ ਬਣ ਚੁੱਕਾ ਹੈ। ਚਮਕੀਲੇ ਇੰਟੀਰੀਅਰ, ਏ ਸੀ ਕੈਬਿਨ ਅਤੇ ਆਰਾਮਦਾਇਕ ਬੈੱਡ ਵੇਖਣ ਵਿੱਚ ਸੁੱਖ ਮਹਿਸੂਸ ਕਰਾਉਂਦੇ ਹਨ ਪਰ ਹਾਦਸਾ ਵਾਪਰਨ ਵੇਲੇ ਇਹੀ ਬੰਦ ਕੈਬਿਨ ਮੌਤ ਦੇ ਫੰਦੇ ਸਾਬਤ ਹੁੰਦੇ ਹਨ। ਹਾਲ ਹੀ ਵਿੱਚ ਮਹੀਨੇ ਵਿੱਚ ਦੋ ਵੱਡੇ ਹਾਦਸੇ ਹੋਏ ਹਨ ਜੋ ਸਪੱਸ਼ਟ ਤੌਰ ‘ਤੇ ਦੱਸਦੇ ਹਨ ਕਿ ਇਹ ਬੱਸਾਂ ਸੁਰੱਖਿਆ ਦੇ ਮਿਆਰਾਂ ਤੋਂ ਕੋਹਾਂ ਦੂਰ ਨੇ। ਹੁਣ ਬੀਤੇ ਦਿਨ 24 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਕਰਨੂਲ ਜ਼ਿਲ੍ਹੇ ਵਿੱਚ ਹਾਦਸਾ ਵਾਪਰਿਆ ਜਿੱਥੇ ਰਾਤ ਦੇ ਲਗਭਗ 3 ਵਜੇ ਇੱਕ ਸਲੀਪਰ ਬੱਸ ਨੂੰ ਅੱਗੇ ਵਧਦਿਆਂ ਮੋਟਰਸਾਈਕਲ ਟਕਰਾ ਗਈ। ਟੱਕਰ ਤੋਂ ਬਾਅਦ ਬਾਈਕ ਬੱਸ ਹੇਠ ਫਸ ਗਈ ਅਤੇ ਫਿਊਲ ਲੀਕ ਹੋਣ ਨਾਲ ਕੁੱਝ ਮਿੰਟਾਂ ਵਿੱਚ ਬੱਸ ਨੇ ਅੱਗ ਫੜ ਲਈ। ਜ਼ਿਆਦਾਤਰ ਯਾਤਰੀ ਸੌ ਰਹੇ ਸਨ ਅਤੇ ਬੰਦ ਕੈਬਿਨ ਕਾਰਨ ਨਾ ਉਹ ਸਮੇਂ ਤੇ ਬਾਹਰ ਨਿਕਲ ਸਕੇ ਨਾ ਹੀ ਧੂੰਏ ਤੋਂ ਬਚ ਸਕੇ ਕਿਉੰਕਿ ਇਨ੍ਹਾਂ ਲਗਜ਼ਰੀ ਬੱਸਾਂ ਦਾ ਇੱਕ ਹੀ ਦਰਵਾਜ਼ਾ ਹੁੰਦਾ ਹੈ। ਹਾਦਸੇ ਵਿੱਚ 19 ਤੋਂ ਵੱਧ ਲੋਕ ਸੜਕੇ ਜਾਨ ਗੁਆ ਬੈਠੇ। ਇੱਕ ਹੋਰ ਹਾਦਸਾ 14 ਅਕਤੂਬਰ ਨੂੰ ਜੈਸਲਮੇਰ, ਰਾਜਸਥਾਨ ਵਿੱਚ ਵਾਪਰਿਆ ਜਿੱਥੇ ਇੱਕ ਲਗਜ਼ਰੀ ਏ ਸੀ ਸਲੀਪਰ ਬੱਸ ਵਿੱਚ ਸ਼ਾਰਟ ਸਰਕਿਟ ਕਾਰਨ ਅਚਾਨਕ ਅੱਗ ਲੱਗ ਗਈ। ਬੱਸ ਵਿੱਚ ਕੇਵਲ ਇੱਕ ਹੀ ਮੁੱਖ ਦਰਵਾਜ਼ਾ ਹੋਣ ਅਤੇ ਐਮਰਜੈਂਸੀ ਖਿੜਕੀਆਂ ਬੰਦ ਅਤੇ ਜਾਮ ਹੋਣ ਕਾਰਨ ਬਚਾਅ ਲਗਭਗ ਅਸੰਭਵ ਹੋ ਗਿਆ ਅਤੇ 20 ਤੋਂ ਵੱਧ ਯਾਤਰੀਆਂ ਦੀ ਮੌਤ ਹੋ ਗਈ। ਇਹ ਦੋ ਹਾਦਸੇ ਸਿਰਫ਼ ਦੋ ਉਦਾਹਰਣ ਹਨ, ਉਂਝ ਤਾਂ ਦੇਸ਼ ਦੇ ਵੱਖ–ਵੱਖ ਰਾਜਾਂ ਵਿੱਚ ਪਿਛਲੇ ਇੱਕ ਸਾਲ ਵਿੱਚ ਦਰਜਨਾਂ ਸਲੀਪਰ ਬੱਸਾਂ ਸੜ ਚੁੱਕੀਆਂ ਹਨ।

ਇਨ੍ਹਾਂ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਹੈ ਸੁਰੱਖਿਆ ਦੇ ਮਾਮਲੇ ਵਿੱਚ ਸਮਝੌਤਾ — ਬੱਸਾਂ ਵਿੱਚ ਅੱਗ-ਰੋਧਕ ਮਟਰੀਅਲ ਦੀ ਕਮੀ, ਧੂੰਏ ਅਤੇ ਅੱਗ ਦਾ ਪਤਾ ਲਗਾਉਣ ਵਾਲੀ ਡਿਵਾਈਸ ਦੀ ਅਣਹੋਂਦ, ਐਮਰਜੈਂਸੀ ਐਕਜ਼ਿਟ ਨੂੰ ਤਾਲਾਬੰਦੀ ਜਾਂ ਠੀਕ ਢੰਗ ਨਾਲ ਨਾ ਬਣਿਆ ਹੋਣਾ ਅਤੇ ਬੰਦ ਸਲੀਪਰ ਕਮਰਿਆਂ ਵਿੱਚ ਵੈਂਟੀਲੇਸ਼ਨ ਦਾ ਨਾ ਹੋਣਾ। ਉਪਰੋਂ ਇਹ ਗੱਲ ਹੋਰ ਡਰਾਉਣੀ ਹੈ ਕਿ ਜ਼ਿਆਦਾਤਰ ਬੱਸਾਂ ਨੂੰ ਫੈਕਟਰੀ ਤੋਂ ਸਲੀਪਰ ਰੂਪ ਵਿੱਚ ਤਿਆਰ ਨਹੀਂ ਕੀਤਾ ਜਾਂਦਾ, ਬਲਕਿ ਬਾਅਦ ਵਿੱਚ ਲੋਕਲ ਕਰਾਫਟਿੰਗ ਕਰਵਾ ਕੇ ਜਾਂ ਵਰਕਸ਼ਾਪਾਂ ਵਿੱਚ ਕੱਟ-ਛਾਂਟ ਕਰਕੇ ਸਲੀਪਰ ਵਿੱਚ ਬਦਲਿਆ ਜਾਂਦਾ ਹੈ ਅਤੇ ਫਿਰ ਉਹ ਬੱਸ ਦੁਬਾਰਾ ਕਿਸੇ ਤਕਨੀਕੀ ਜਾਂਚ ਤੋਂ ਨਹੀਂ ਲੰਘਦੀ। ਦੂਜੇ ਪਾਸੇ, ਡਰਾਈਵਰ ਨੂੰ ਲਗਾਤਾਰ ਲੰਬੇ ਸਫ਼ਰ ਤੱਕ ਬੱਸ ਚਲਾਉਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਨਾਲ ਥਕਾਵਟ, ਲਾਪ੍ਰਵਾਹੀ ਅਤੇ ਓਵਰਸਪੀਡਿੰਗ ਹਾਦਸੇ ਨੂੰ ਹੋਰ ਘਾਤਕ ਬਣਾ ਦਿੰਦੇ ਹਨ। ਨਤੀਜੇ ਵਜੋਂ ਜਿੱਥੇ ਯਾਤਰੀ ਸੋਚਦੇ ਹਨ ਕਿ ਉਹ ਸ਼ਾਨਦਾਰ ਯਾਤਰਾ ਕਰ ਰਹੇ ਹਨ, ਉੱਥੇ ਅਸਲ ਵਿੱਚ ਉਹ ਇੱਕ ਬੰਦ ਮੌਤ ਦੇ ਡੱਬੇ ਵਿੱਚ ਯਾਤਰਾ ਕਰ ਰਹੇ ਹੁੰਦੇ ਹਨ।

ਸਲੀਪਰ ਬੱਸਾਂ ਦੀ ਅਸਲ ਹਕੀਕਤ ਇਹ ਹੈ ਕਿ ਇਹ ਚਮਕੀਲੀਆਂ ਲਾਈਟਾਂ ਵਾਲਾ ਮੂਵਿੰਗ ਕਫ਼ਨ ਹਨ। ਰਾਤ ਦੇ ਹਨੇਰੇ ਵਿੱਚ ਦੌੜਦਿਆਂ ਇਹ ਬੱਸਾਂ ਸਕਿੰਟਾਂ ਵਿੱਚ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ ਅਤੇ ਅੰਦਰ ਬੰਦ ਯਾਤਰੀਆਂ ਕੋਲ ਬਚਣ ਦੀ ਕੋਈ ਢੰਗ ਦੀ ਸੰਭਾਵਨਾ ਨਹੀਂ ਰਹਿੰਦੀ। ਜਦ ਤੱਕ ਕਾਨੂੰਨ ਬਣਾਕੇ ਸੁਰੱਖਿਆ ਮਿਆਰਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ, ਐਮਰਜੈਂਸੀ ਐਗਜ਼ਿਟ ਅਤੇ ਅੱਗ-ਰੋਧਕ ਡਿਜ਼ਾਇਨ ਲਾਜ਼ਮੀ ਨਹੀਂ ਬਣਾਏ ਜਾਂਦੇ ਅਤੇ ਰਾਤੀ ਸਫ਼ਰ ਵਾਲੀਆਂ ਬੱਸਾਂ ਦੀ ਖਾਸ ਇੰਸਪੈਕਸ਼ਨ ਨਹੀਂ ਹੁੰਦੀ, ਤਦ ਤੱਕ ਇਹ ਲਗਜ਼ਰੀ ਯਾਤਰਾ ਹਕੀਕਤ ਵਿੱਚ ‘ਆਤਮਹੱਤਿਆ’ ਤੋਂ ਘੱਟ ਨਹੀਂ। ਸਰਕਾਰ ਦੇ ਨਿਯਮ ਨਰਮ ਅਤੇ ਓਪਰੇਟਰਾਂ ਦੇ ਲਾਲਚ ਦੇ ਵਿਚਕਾਰ ਫਸਿਆ ਸਧਾਰਣ ਯਾਤਰੀ ਅੱਜ ਸੜਕ ਉੱਪਰ ਸਭ ਤੋਂ ਵੱਡਾ ਸ਼ਿਕਾਰ ਬਣ ਰਿਹਾ ਹੈ। ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਹਾਦਸਿਆਂ ਦੇ ਕਾਰਨਾਂ ਦਾ ਪਤਾ ਲਗਾ ਕੇ ਲਾਪ੍ਰਵਾਹੀ ਕਰਨ ਵਾਲੇ ਬੱਸ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸਦੇ ਨਾਲ ਬੱਸਾਂ ਨੂੰ ਡਿਜ਼ਾਈਨ ਕਰਨ ਵਾਲਿਆਂ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਹਨ ਕਿ ਲਗਜ਼ਰੀ ਬੱਸਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਵੇ ਕਿ ਭਵਿੱਖ ਵਿੱਚ ਹਾਦਸੇ ਨਾ ਵਾਪਰਨ।

ਕੁਲਵੰਤ ਸਿੰਘ ਗੱਗੜਪੁਰੀ