Connect with us

Ludhiana

ਪੁਤਲੇ ਸਾੜਨ ਦੀ ਬਜਾਏ ਪੰਜਾਬ ‘ਚ ਇਸ ਥਾਂ ‘ਤੇ ਰਾਵਣ ਦੀ ਕੀਤੀ ਜਾਂਦੀ ਪੂਜਾ!

Published

on

ਦੁਸਹਿਰਾ ਦਾ ਅਰਥ ਹੈ ਕਿ ਵਿਜੇ ਦਸ਼ਮੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸਭ ਤੋਂ ਵੱਡਾ ਪ੍ਰਤੀਕ ਮੰਨਿਆ ਜਾਂਦਾ ਹੈ। ਹਰ ਸਾਲ ਇਹ ਤਿਉਹਾਰ ਦਸ਼ਮੀ ਤਿਥੀ ਤੇ ਸ਼ਾਰਦੀਆ ਨਵਰਾਤਰੀ ਦੀ ਸਮਾਪਤੀ ਦੇ ਨਾਲ ਮਨਾਇਆ ਜਾਂਦਾ ਹੈ। ਜਿੱਥੇ ਦੇਸ਼ ਵਿਚ ਕਈ ਥਾਵਾਂ ‘ਤੇ ਰਾਵਣ ਦਾ ਦਹਿਨ ਕੀਤਾ ਜਾਂਦਾ ਹੈ, ਉਥੇ ਹੀ ਕਈ ਥਾਵਾਂ ‘ਤੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਗੱਲ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਪਾਇਲ ਦੀ ਜਿੱਥੇ ਦੁਸਹਿਰੇ ਮੌਕੇ ਰਾਵਣ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਇਸ ਪਰੰਪਰਾ ਨੂੰ ਦੂਬੇ ਪਰਿਵਾਰ ਹਰ ਸਾਲ ਦੁਸਹਿਰੇ ਮੌਕੇ ਪਾਇਲ ਆ ਕੇ ਪਿਛਲੀਆਂ ਸੱਤ ਪੁਸ਼ਤਾਂ ਤੋਂ ਨਿਭਾਅ ਰਿਹਾ ਹੈ ਅਤੇ ਰਾਵਣ ਦੀ ਪੂਜਾ ਸਮੇਤ ਰਾਮ ਮੰਦਰ ‘ਚ ਵੀ ਪੂਜਾ ਅਰਚਨਾ ਕਰਦਿਆਂ ਲੋਕਾਂ ‘ਚ ਸਤਿਕਾਰ ਦਾ ਪਾਤਰ ਬਣਿਆ ਹੋਇਆ ਹੈ। ਸ਼ਾਮ ਮੌਕੇ ਇੱਥੇ ਬੱਕਰੇ ਦੇ ਕੰਨ ਨੂੰ ਕੱਟ ਲਗਾ ਕੇ ਖ਼ੂਨ ਚੜ੍ਹਾਇਆ ਜਾਂਦਾ ਹੈ। ਉੱਥੇ ਹੀ ਸ਼ਰਾਬ ਵੀ ਚੜ੍ਹਾਈ ਜਾਂਦੀ ਹੈ।

ਦੂਬੇ ਪਰਿਵਾਰ ਦੇ ਮੈਂਬਰ ਵਿਨੋਦ ਦੂਬੇ ਤੇ ਅਖਿਲ ਪ੍ਰਕਾਸ਼ ਦੂਬੇ ਨੇ ਦੱਸਿਆ ਕਿ ਸਾਡੇ ਪੁਰਖੇ ਬੀਰਬਲ ਦਾਸ ਦੇ ਸੰਤਾਨ ਨਹੀਂ ਸੀ, ਜਿਨ੍ਹਾਂ ਪਾਇਲ ਸ਼ਹਿਰ ਛੱਡ ਕੇ ਹਰਿਦੁਆਰ ਵੱਲ ਕੂਚ ਕਰ ਦਿੱਤਾ। ਰਸਤੇ ਵਿਚ ਇਕ ਸਾਧੂ ਨੇ ਸੰਤਾਨ ਦੀ ਇੱਛਾ ਪ੍ਰਾਪਤੀ ਦਾ ਹੱਲ ਦੱਸਦੇ ਕਿਹਾ ਕਿ ਜਾ ਕੇ ਰਾਮਲੀਲਾ ਕਰੋ ਤੇ ਦੁਸਹਿਰਾ ਮਨਾਉ। ਜਿਨ੍ਹਾਂ ਪਾਇਲ ਆ ਕੇ ਰਾਮਲੀਲਾ ਕਰਵਾਈ ਤੇ ਅਗਲੇ ਸਾਲ ਦੇ ਦੁਸਹਿਰੇ ਤੋਂ ਪਹਿਲਾਂ ਪਹਿਲੀ ਸੰਤਾਨ ਦੀ ਪ੍ਰਾਪਤੀ ਹੋਈ। ਇਸੇ ਤ੍ਹਰਾਂ ਉਨ੍ਹਾਂ ਦੇ ਚਾਰ ਪੁੱਤਰ ਪੈਦਾ ਹੋਏ ਜਿਨ੍ਹਾਂ ਦਾ ਨਾਮ ਹਕੀਮ ਅੱਛਰੂਦਾਸ ਦੂਬੇ, ਤੁਲਸੀਦਾਸ ਦੂਬੇ, ਪ੍ਰਭੂਦਿਆਲ ਦੂਬੇ ਅਤੇ ਨਰੈਣਦਾਸ ਦੂਬੇ ਸੀ। ਜਿਨ੍ਹਾਂ ਨੂੰ ਅਸੀਂ ਰਾਮ, ਲਸ਼ਮਣ, ਸ਼ਤਰੂਘਣ ਤੇ ਭਰਤ ਵਜੋਂ ਮੰਨਦੇ ਹਾਂ, ਦੂਜਾ ਪੁਰਖਿਆਂ ਦੇ ਘਰ ਸੰਤਾਨ ਦਾ ਪੈਦਾ ਹੋਣਾ ਸਾਡੇ ਦੂਬੇ ਪਰਿਵਾਰ ਲਈ ਦੁਸਹਿਰੇ ਮੌਕੇ ਪੂਜਾ ਅਰਚਨਾ ਕਰਨ ਦਾ ਜ਼ਰੀਆ ਬਣਿਆ, ਜੋ ਅੱਜ ਤੱਕ ਨਿਰਵਿਘਨ ਕੀਤੀ ਜਾ ਰਹੀ ਹੈ।

ਰਾਮ ਮੰਦਰ ‘ਤੇ ਲੱਗੀ ਸ਼ਿਲਾ ਰਾਮ ਮੰਦਰ ਦੀ ਉਸਾਰੀ ਸੰਨ 1835 ਵਿਚ ਹੋਣ ਦਾ ਪ੍ਰਮਾਣ ਦਰਸਾਉਂਦੀ ਹੈ ਅਤੇ ਰਾਵਣ ਦਾ ਬੁੱਤ ਵੀ ਮੰਦਰ ਦਾ ਸਮਕਾਲੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਰਾਮਲੀਲਾ ਵੀ ਕੀਤੀ ਜਾਂਦੀ ਹੈ ਅਤੇ ਬੱਚਿਆਂ ਵੱਲੋਂ ਦਿਨ ਸਮੇਂ ਖੇਡੀ ਜਾਂਦੀ ਰਾਮਲੀਲਾ ਦਾ ਮੰਚਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਪਰਿਵਾਰ ਵੱਲੋਂ ਰਾਵਣ ਦੇ ਬੁੱਤ ਨੂੰ ਪੱਕੇ ਤੌਰ ‘ਤੇ ਸਥਾਪਤ ਕੀਤੇ ਜਾਣ ਨੂੰ ਅਸ਼ੁੱਭ ਮੰਨਦਿਆਂ ਤੋੜਿਆ ਗਿਆ, ਜਿਨ੍ਹਾਂ ਨੂੰ ਪਰਿਵਾਰਕ ਨੁਕਸਾਨ ਹੋਣ ਕਰਕੇ ਦੁਬਾਰਾ ਨਿਰਮਾਣ ਕਰਵਾਉਣਾ ਪਿਆ, ਜੋ ਅੱਜ ਵੀ ਇਸ ਅਸਥਾਨ ਨਾਲ ਜੁੜੇ ਹੋਏ ਹਨ। ਦੁਸਹਿਰੇ ਮੌਕੇ ਸਾਰੇ ਇਲਾਕੇ ਲਈ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਹ ਤਿਉਹਾਰ ਬੜੀ ਮਹੱਤਤਾ ਰੱਖਦਾ ਹੈ। ਦੂਬੇ ਪਰਿਵਾਰ ਦਾ ਮੰਨਣਾ ਹੈ ਕਿ ਰਾਵਣ ਦੀ ਪੂਜਾ ਲਈ ਸਾਡੀ ਅਗਲੀ ਪੀੜ੍ਹੀ ਵੀ ਬੜੀ ਸ਼ਿੱਦਤ ਨਾਲ ਰਾਵਣ ਪੂਜਾ ਅਤੇ ਮੰਦਰ ਵਿਚ ਪਾਠ ਆਦਿਕ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸ਼ਾਮ ਸਮੇਂ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ, ਜਿੱਥੇ ਵਿਸ਼ੇਸ਼ ਤੌਰ ਤੇ ਰਾਵਣ ਨੂੰ ਦੁਸਹਿਰੇ ਵਾਲੇ ਦਿਨ ਸੂਰਜ ਛਿੱਪਣ ਮੌਕੇ ਸ਼ਰਾਬ ਸਮੇਤ ਲਹੂ ਦਾ ਟਿੱਕਾ ਲਗਾਉਣ ਦੀ ਰਸਮ ਵੀ ਨਿਭਾਈ ਜਾਂਦੀ ਹੈ। ਇਸਦੇ ਉਪਰੰਤ ਰਾਵਣ ਦੇ ਬੁੱਤ ਦੇ ਸਿਰ ਉਪਰ ਅੱਗ ਲਾ ਕੇ ਅਗਨੀ ਦੀ ਰਸਮ ਵੀ ਨਿਭਾਈ ਜਾਂਦੀ ਹੈ। ਸ਼ਰਾਬ ਤੇ ਖੂਨ ਭੇਂਟ ਕਰਨ ਦੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜਿੱਥੇ ਰਾਵਣ ਰਾਖਸ਼ਿਸ਼ ਬੁੱਧੀ ਵਾਲਾ ਸੀ ਉੱਥੇ ਵੇਦਾਂ ਦਾ ਗਿਆਤਾ ਵੀ ਸੀ, ਜਿਸ ਕਰਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।