National
ਕਰਨਾਟਕ ‘ਚ ਸਰਕਾਰ ਬਣੀ ਤਾਂ ਪਰਿਵਾਰ ਦੀ ਇੱਕ ਔਰਤ ਨੂੰ ਹਰ ਮਹੀਨੇ ਦਵਾਂਗੇ 2 ਹਜ਼ਾਰ ਰੁਪਏ- ਪ੍ਰਿਅੰਕਾ ਗਾਂਧੀ ਵਾਡਰਾ
ਕਾਂਗਰਸ ਨੇ ਕਰਨਾਟਕ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਹਰੇਕ ਪਰਿਵਾਰ ਦੀ ਮਹਿਲਾ ਮੁਖੀ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਇਕ ਜਨ ਸਭਾ ‘ਚ ਕਿਹਾ ਕਿ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਗ੍ਰਹਿ ਲਕਸ਼ਮੀ ਯੋਜਨਾ ਤਹਿਤ ਇਕ ਸਾਲ ‘ਚ ਔਰਤਾਂ ਦੇ ਖਾਤਿਆਂ ‘ਚ 24,000 ਰੁਪਏ ਸਿੱਧੇ ਭੇਜੇ ਜਾਣਗੇ। ਇਸ ਤੋਂ ਪਹਿਲਾਂ ਪਾਰਟੀ ਹਰ ਪਰਿਵਾਰ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸੂਬੇ ‘ਚ ਇਸ ਸਾਲ ਮਈ ‘ਚ ਚੋਣਾਂ ਹੋਣੀਆਂ ਹਨ।
ਉਥੇ ਹੀ ਇਸ ਮੌਕੇ ਪ੍ਰਿਅੰਕਾ ਵਾਡਰਾ ਨੇ ਔਰਤਾਂ ਦੀ ਬਹੁਲਤਾ ਵਾਲੀ ਵਿਧਾਨ ਸਭਾ ‘ਚ ਸੂਬਾ ਸਰਕਾਰ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ, ਸਥਿਤੀ ਬਹੁਤ ਸ਼ਰਮਨਾਕ ਹੈ। ਰਾਜ ਦੇ ਮੰਤਰੀ ਨੌਕਰੀ ਦਿਵਾਉਣ ਲਈ 40 ਫੀਸਦੀ ਕਮਿਸ਼ਨ ਲੈਂਦੇ ਹਨ। ਸੂਬੇ ਵਿੱਚ ਜਨਤਾ ਦੇ ਡੇਢ ਲੱਖ ਕਰੋੜ ਰੁਪਏ ਲੁੱਟੇ ਗਏ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਲਈ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਵੇਗਾ।