punjab
ਮਦਨ ਲਾਲ ਜਲਾਲਪੁਰ ਵੱਲੋਂ ਕਰਵਾਈ ਘਨੌਰ ਵਿਕਾਸ ਰੈਲੀ ’ਚ ਮੁੱਖ ਮੰਤਰੀ ਵੱਲੋਂ ਘਨੌਰ ਨੂੰ ਸਬ-ਡਵੀਜ਼ਨ ਬਣਾਉਣ ਦਾ ਐਲਾਨ
ਚਰਨਜੀਤ ਸਿੰਘ ਚੰਨੀ ਵੱਲੋਂ ਘਨੌਰ ਹਲਕੇ ਲਈ ਵੱਡਾ ਤੋਹਫ਼ਾ, 269 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਵਾਏ
137 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਕੇ 132 ਕਰੋੜ ਰੁਪਏ ਦੇ ਕੰਮ ਲੋਕ ਅਰਪਿਤ ਕੀਤੇ
ਘਨੌਰ ਹਲਕੇ ਦੇ ਵਿਕਾਸ ਲਈ 28 ਕਰੋੜ ਰੁਪਏ ਦਾ ਵਾਧੂ ਤੋਹਫ਼ਾ ਵੀ ਦਿੱਤਾ
ਘਨੌਰ, ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਘਨੌਰ ਵਿਕਾਸ ਰੈਲੀ ਦੌਰਾਨ ਘਨੌਰ ਨੂੰ ਸਬ-ਡਵੀਜ਼ਨ ਬਣਾਉਣ ਦਾ ਐਲਾਨ ਕੀਤਾਹੈ। ਉਨਾਂ ਅੱਜ ਇੱਥੇ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੱਲੋਂ ਕਰਵਾਈ ਗਈ ਘਨੌਰ ਵਿਕਾਸ ਰੈਲੀ ਦੌਰਾਨ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਮੰਤਰੀ ਮੰਡਲ ਦੀ ਅਗਲੀ ਬੈਠਕ ’ਚ ਘਨੌਰ ਨੂੰ ਸਬ-ਡਵੀਜ਼ਨ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।
ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਹਲਕੇ ’ਚ ਕਰਵਾਏ ਕਰੀਬ ਪੌਣੇ 269 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਮੁੱਖ ਮੰਤਰੀ ਨੇ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ, ਜਿਸ ’ਚ 137 ਕਰੋੜ ਰੁਪਏ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ’ਚ 105 ਕਰੋੜ ਰੁਪਏ ਨਾਲ ਘਨੌਰ ਹਲਕੇ ’ਚ ਬਣਨ ਵਾਲੀਆਂ ਸੜਕਾਂ ਅਤੇ 32 ਕਰੋੜ ਰੁਪਏ ਨਾਲ ਹਲਕੇ ਦੇ ਲੋਕਾਂ ਨੂੰ ਮਿਲਣ ਵਾਲੇ ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਲਈ ਲੋਕ ਭਲਾਈ ਦੇ ਐਲਾਨ ਕੀਤੇ ਗਏ ਹਨ। ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਿੰਡਾਂ ਦੀ ਪੰਚਾਇਤੀ ਜਮੀਨ ’ਚ ਲੋੜਵੰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ 5-5 ਮਰਲੇ ਦੇ ਪਲਾਟ ਦਿੱਤੇ ਜਾਣ, ਉਨਾਂ ਕਿਹਾ ਕਿ ਇਸ ਲਈ ਸਰਕਾਰੀ ਕਾਰਵਾਈ ਬੀ.ਡੀ.ਪੀ.ਓ ਪੱਧਰ ’ਤੇ ਹੀ ਕੀਤੀ ਜਾਵੇਗੀ। ਉਨਾਂ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਕੰਮਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੋ ਕਿੱਲੋਵਾਟ ਤੱਕ ਦੇ ਮੀਟਰਾਂ ਦਾ 1500 ਕਰੋੜ ਰੁਪਏ ਦਾ ਬਕਾਇਆ ਮਾਫ਼ ਕਰਨ, 3 ਰੁਪਏ ਯੂਨਿਟ ਬਿਜਲੀ ਦੇ ਰੇਟ ਘੱਟ ਕਰਨ, ਪਿੰਡਾਂ ਦੀਆਂ ਟੈਂਕੀਆਂ ’ਤੇ ਲੱਗੀਆਂ ਮੋਟਰਾਂ ਦੇ ਬਿੱਲ ਮਾਫ਼ ਕਰਨ, ਪਾਣੀ ਦਾ ਬਿੱਲ 50 ਰੁਪਏ ਕਰਨ ਸਮੇਤ ਪੈਟਰੋਲ ’ਚ 10 ਰੁਪਏ ਅਤੇ ਡੀਜ਼ਲ ਦੀ ਕੀਮਤ ’ਚ 5 ਰੁਪਏ ਦੀ ਕਮੀ ਕਰਕੇ, ਸਰਕਾਰ ਨੇ ਆਮ ਲੋਕਾਂ ਲਈ ਕੰਮ ਕੀਤਾ ਹੈ।
ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਮਦਨ ਲਾਲ ਜਲਾਲਪੁਰ ਵਰਗਾ ਹੀਰਾ ਸੰਭਾਲਿਆ ਨਹੀਂ ਗਿਆ ਅਤੇ ਉਹ ਬਾਦਲਾਂ ਨਾਲ ਹੀ ਰਿਸ਼ਤੇ ਨਿਭਾਉਂਦੇ ਰਹੇ ਹਨ। ਉਨਾਂ ਕਿਹਾ ਕਿ ਜਿੰਨਾਂ ਚਿਰ ਅਕਾਲੀ ਦਲ ’ਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਵਰਗੇ ਆਗੂ ਹਨ, ਉਨੀ ਦੇਰ ਅਕਾਲੀ ਦਲ ਦੁਬਾਰਾ ਸੱਤਾ ’ਚ ਨਹੀਂ ਆ ਸਕਦਾ। ਉਨਾਂ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆ ਦਾ ਬਰਾਂਡ ਗਰਦਾਨਦਿਆ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਇੰਨੇ ਸਾਲ ਇਸ ਲਈ ਬਚਿਆ ਰਿਹਾ ਹੈ ਕਿਉਕਿ (ਕੈਪਟਨ ਅਮਰਿੰਦਰ ਸਿੰਘ) ਚਾਚਾ-ਭਤੀਜਾ ਰਲਕੇ ਚੱਲ ਰਹੇ ਸਨ ਤੇ ਕੈਪਟਨ ਨੇ ਮਜੀਠੀਆ ’ਤੇ ਪਰਚਾ ਦਰਜ਼ ਨਹੀਂ ਹੋਣ ਦਿੱਤਾ।
ਮੁੱਖ ਮੰਤਰੀ ਨੇ ਮਰਹੂਮ ਆਗੂਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਮਾਸਟਰ ਤਾਰਾ ਸਿੰਘ ਆਦਿ ਨੂੰ ਯਾਦ ਕਰਦਿਆਂ ਕਿਹਾ ਕਿ ਸੁਖਬੀਰ ਮਜੀਠੀਆ ਦੀ ਜੋੜੀ ਨੇ ਅਜਿਹੇ ਮਹਾਨ ਆਗੂਆਂ ਦੇ ਅਕਾਲੀ ਦਲ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਆਮ ਆਦਮੀ ਪਾਰਟੀ ਨੂੰ ਕਰਾਰੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਨਸ਼ਿਆਂ ਦੇ ਮਾਮਲੇ ’ਚ ਕੇਜਰੀਵਾਲ ਨੇ ਮਜੀਠੀਆ ਅੱਗੇ ਗੋਡੇ ਟੇਕ ਦਿੱਤੇ ਜਿਸ ਕਰਕੇ ਇਸਦੇ 10 ਵਿਧਾਇਕ ਤੇ 3 ਸੰਸਦ ਮੈਂਬਰ ਇਸ ਤੋਂ ਕਿਨਾਰਾ ਕਰ ਗਏ।
ਮੁੱਖ ਮੰਤਰੀ ਨੇ ਘਨੌਰ ਹਲਕੇ ਲਈ 28 ਕਰੋੜ ਰੁਪਏ ਦਾ ਹੋਰ ਵੱਡਾ ਤੋਹਫ਼ਾ ਦਿੰਦਿਆਂ 10 ਕਰੋੜ ਰੁਪਏ ਬਕਾਇਆ ਕੰਮਾਂ ਸਮੇਤ ਿਕ ਸੜਕਾਂ ਲਈ, 4. 75 ਕਰੋੜ ਰੁਪਏ ਨਰਵਾਣਾ ਨਹਿਰ ਦੀ ਪੱਟੀ ਨੂੰ ਚੌੜਾ ਕਰਨ ਲਈ ਅਤੇ 1 ਕਰੋੜ ਰੁਪਏ ਯੂਨੀਵਰਸਿਟੀ ਕਾਲਜ ਘਨੌਰ ਦੇ ਆਡੀਟੋਰੀਅਮ ਲਈ ਅਤੇ ਹਲਕੇ ’ਚ 50 ਲੱਖ ਰੁਪਏ ਰਾਜਪੂਤ ਭਵਨ ਲਈ, 37 ਲੱਖ ਰੁਪਏ ਗਊਸ਼ਾਲਾਵਾਂ ਲਈ, 50 ਲੱਖ ਰੁਪਏ ਗੀਤਾ ਭਵਨ ਦੇ ਨਿਰਮਾਣ ਲਈ ਵੀ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਅਤੇ ਘਨੌਰ ਹਲਕੇ ’ਚ ਵਿਕਾਸ ਬਾਰੇ ਬੋਲਦਿਆ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਹਲਕੇ ’ਚ 95 ਕਰੋੜ ਰੁਪਏ ਸੜਕਾਂ ਨੂੰ ਚੌੜਾ ਕਰਨ ਤੇ ਮੁਰੰਮਤ ਕਰਨ ’ਤੇ ਖਰਚੇ ਗਏ ਹਨ, ਜਦਕਿ 24 ਕਰੋੜ ਰੁਪਏ ਨਾਲ ਹਲਕੇ ’ਚ ਪੈਂਦੇ ਰਜਵਾਹਿਆਂ ਨੂੰ ਪੱਕਾ ਕਰਨ ਸਮੇਤ ਪੁਲਾਂ ਦੀ ਉਸਾਰੀ ’ਤੇ ਲਗਾਏ ਗਏ ਹਨ ਅਤੇ 10 ਕਰੋੜ ਰੁਪਏ ਨਾਲ ਗੰਦੇ ਪਾਣੀ ਦੀ ਨਿਕਾਸ, ਛੱਪੜਾਂ ਦਾ ਨਵੀਨੀਕਰਨ ਤੇ ਪੰਚਾਇਤ ਘਰਾਂ ਦੀ ਉਸਾਰੀ ਸਮੇਤ ਹਲਕੇ ਦੇ ਸਰਕਾਰੀ ਸਕੂਲਾਂ ਦੇ ਕਮਰਿਆਂ ਦੇ ਨਵੀਨੀਕਰਨ ’ਤੇ ਖਰਚ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 2.83 ਕਰੋੜ ਰੁਪਏ ਅਨਾਜ ਮੰਡੀ ਤੇ ਸਬਜ਼ੀ ਮੰਡੀ ਦੇ ਵਿਕਾਸ ਕਾਰਜਾਂ ’ਤੇ ਲਗਾਏ ਗਏ ਹਨ, ਜਿਨਾਂ ਨੂੰ ਅੱਜ ਮੁੱਖ ਮੰਤਰੀ ਵੱਲੋਂ ਲੋਕ ਅਰਪਿਤ ਕੀਤਾ ਗਿਆ ਹੈ।
ਐਮ.ਐਲ.ਏ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਜਾਨੇ ਦਾ ਮੂੰਹ ਲੋਕਾਂ ਭਲਾਈ ਤੇ ਵਿਕਾਸ ਕਾਰਜਾਂ ਲਈ ਖੋਲਿਆ ਹੋਇਆ ਹੈ ਜਿਸ ਸਦਕਾ ਅੱਜ ਉਨਾਂ ਵੱਲੋਂ 132 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਜਿਸ ’ਚ 100 ਕਰੋੜ ਰੁਪਏ ਨਾਲ ਹਲਕੇ ਦੀਆਂ ਸੜਕਾਂ ਦੀ ਕਾਇਆ ਕਲਪ ਕੀਤੀ ਜਾਵੇਗੀ ਅਤੇ 32 ਕਰੋੜ ਰੁਪਏ ਨਾਲ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ ਦੀ ਸਹੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ। ਉਨਾਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਲਕੇ ’ਚ ਲਾਮਿਸਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਘਨੌਰ ਹਲਕੇ ਨੂੰ ਪੰਜਾਬ ਵਿੱਚ ਨਮੂਨੇ ਦਾ ਹਲਕਾ ਬਣਾਇਆ ਜਾ ਰਿਹਾ ਹੈ। ਘਨੌਰ ਵਿਕਾਸ ਰੈਲੀ ਦੌਰਾਨ ਜ਼ਿਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਨੇ ਜੀ ਆਇਆ ਆਖਿਆ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਜ਼ਿਲਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਨਰਿੰਦਰ ਲਾਲੀ, ਅਸ਼ਵਨੀ ਬੱਤਾ, ਗੇਜਾ ਰਾਮ, ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ, ਹਰਦੀਪ ਸਿੰਘ ਲਾਡਾ, ਰੌਸ਼ਨ ਸਿੰਘ ਨਨਹੇੜਾ, ਬਲਜੀਤ ਸਿੰਘ ਗਿੱਲ, ਗੁਰਨਾਮ ਸਿੰਘ ਭੂਰੀਮਾਜਰਾ, ਜਗਦੀਪ ਸਿੰਘ ਡਿੰਪਲ ਚਪੜ, ਅੱਛਰ ਸਿੰਘ, ਹਰਜਿੰਦਰ ਸਿੰਘ ਕਾਮੀ, ਰਾਮ ਸਿੰਘ ਸੀਲ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਗਿਫ਼ਟੀ, ਜਗਰੂਪ ਸਿੰਘ ਹੈਪੀ ਸਿਹਰਾ, ਬਲਰਾਜ ਸਿੰਘ, ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਘਨੌਰ ਦੇ ਕੌਂਸਲਰ, ਪੰਚ-ਸਰਪੰਚ, ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ, ਇਲਾਕੇ ਦੇ ਵੱਡੀ ਗਿਣਤੀ ਵਸਨੀਕ ਅਤੇ ਹੋਰ ਪਤਵੰਤੇ ਮੌਜੂਦ ਸਨ।