Health
ਮਈ ਮਹੀਨਾ: ਮਾਨਸਿਕ ਸਿਹਤ ਜਾਗਰੂਕਤਾ ਦੀ ਵਧਦੀ ਲੋੜ
ਮਈ ਮਹੀਨਾ ਦੁਨੀਆ ਭਰ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਤੇਜ਼ ਰਫ਼ਤਾਰ ਅਤੇ ਮੁਕਾਬਲੇ ਵਾਲੇ ਯੁੱਗ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਸਿਰਫ਼ ਇੱਕ ਚੋਣ ਨਹੀਂ ਰਹੀ, ਸਗੋਂ ਇਹ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਇੱਕ ਪਾਸੇ ਮਾਨਸਿਕ ਬਿਮਾਰੀਆਂ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਦੂਜੇ ਪਾਸੇ ਇਸ ਖੇਤਰ ਵਿੱਚ ਤਕਨੀਕੀ ਮਾਹਿਰਾਂ ਦੀ ਘਾਟ ਕਾਰਨ ਇਲਾਜ ਵਿੱਚ ਵੱਡਾ ਅੰਤਰ ਵੇਖਣ ਨੂੰ ਮਿਲਦਾ ਹੈ।
2026 ਦੇ ਮਾਨਸਿਕ ਸਿਹਤ ਜਾਗਰੂਕਤਾ ਮਹੀਨੇ ਦਾ ਥੀਮ “MORE GOOD DAYS TOGETHER” ਹੈ, ਜੋ ਵਿਅਕਤੀਗਤ ਦੇਖਭਾਲ ਅਤੇ ਸਾਂਝੀ ਜ਼ਿੰਮੇਵਾਰੀ ‘ਤੇ ਜ਼ੋਰ ਦਿੰਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਚੰਗੇ ਦਿਨ ਇਕੱਲੇ ਨਹੀਂ, ਸਗੋਂ ਇਕੱਠੇ ਮਿਲ ਕੇ ਬਣਾਏ ਜਾਂਦੇ ਹਨ।
ਭਾਰਤ ਵਰਗੇ ਨੌਜਵਾਨ ਦੇਸ਼ ਵਿੱਚ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਦੇ ਪਿੱਛੇ ਚਾਰ ਮੁੱਖ ਤੱਤ ਹਨ—ਨਿੱਜੀ (PERSONAL), ਪੇਸ਼ਾਵਰ (PROFESSIONAL), ਆਰਥਿਕ (ECONOMIC) ਅਤੇ ਵਾਤਾਵਰਣਕ (ENVIRONMENTAL)। ਇਹ ਸਾਰੇ ਤੱਤ ਇੱਕ ਵਿਅਕਤੀ ਦੇ ਜੀਵਨ ‘ਤੇ ਡੂੰਘਾ ਅਸਰ ਪਾਂਦੇ ਹਨ ਅਤੇ ਤਣਾਅ, ਚਿੰਤਾ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇਂਦੇ ਹਨ।
ਸਵਾਲ ਇਹ ਹੈ ਕਿ ਜਦੋਂ ਸਿਸਟਮ ਪਹਿਲਾਂ ਹੀ ਬੋਝ ਹੇਠ ਹੈ ਤਾਂ ਇਸ ਵੱਡੀ ਚੁਣੌਤੀ ਦਾ ਹੱਲ ਕਿਵੇਂ ਕੀਤਾ ਜਾਵੇ? World Health Organization ਦੇ ਅੰਕੜਿਆਂ ਮੁਤਾਬਕ ਹਰ ਸਾਲ ਦੁਨੀਆ ਵਿੱਚ 7 ਲੱਖ ਤੋਂ ਵੱਧ ਲੋਕ ਆਤਮਹੱਤਿਆ ਕਰਦੇ ਹਨ। ਲਗਭਗ ਹਰ 40 ਸਕਿੰਟ ਵਿੱਚ ਇੱਕ ਮੌਤ ਅਤੇ ਹਰ 30 ਸਕਿੰਟ ਵਿੱਚ ਇੱਕ ਕੋਸ਼ਿਸ਼ ਦਰਜ ਹੁੰਦੀ ਹੈ। 25 ਤੋਂ 29 ਸਾਲ ਦੀ ਉਮਰ ਵਿੱਚ ਇਹ ਚੌਥਾ ਸਭ ਤੋਂ ਵੱਡਾ ਮੌਤ ਦਾ ਕਾਰਨ ਬਣ ਚੁੱਕਾ ਹੈ।
ਭਾਰਤ ਦੇ ਅੰਕੜੇ ਵੀ ਚਿੰਤਾਜਨਕ ਹਨ। National Crime Records Bureau ਦੀ 2023 ਰਿਪੋਰਟ ਅਨੁਸਾਰ ਦੇਸ਼ ਵਿੱਚ ਆਤਮਹੱਤਿਆ ਦਰ 12.4 ਪ੍ਰਤੀ ਲੱਖ ਹੈ, ਜੋ ਕਿ ਗਲੋਬਲ ਦਰ 9.1 ਤੋਂ ਵੱਧ ਹੈ। ਇਸ ਤੋਂ ਇਲਾਵਾ, ਮਾਨਸਿਕ ਬਿਮਾਰੀਆਂ ਦੇ ਇਲਾਜ ਵਿੱਚ ਵੀ ਵੱਡਾ ਗੈਪ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਲਗਭਗ 76 ਤੋਂ 85 ਫੀਸਦੀ ਲੋਕ ਇਲਾਜ ਤੋਂ ਵਾਂਝੇ ਰਹਿੰਦੇ ਹਨ। ਭਾਰਤ ਵਿੱਚ ਹਰ 1 ਲੱਖ ਲੋਕਾਂ ‘ਤੇ 3 PSYCHIATRIST ਦੀ ਲੋੜ ਹੈ, ਜਦਕਿ ਹਕੀਕਤ ਵਿੱਚ ਸਿਰਫ਼ 0.75 ਹੀ ਉਪਲਬਧ ਹਨ।
ਇਸ ਸਮੱਸਿਆ ਦਾ ਹੱਲ ਸਿਰਫ਼ ਸਰਕਾਰੀ ਪ੍ਰਣਾਲੀ ‘ਤੇ ਨਿਰਭਰ ਨਹੀਂ ਕਰ ਸਕਦਾ। ਸਮਾਜ ਨੂੰ ਖੁਦ ਅੱਗੇ ਆਉਣਾ ਪਵੇਗਾ ਚਿਕਿਤਸਕ ਭਾਈਚਾਰੇ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਟ੍ਰੇਨ ਕਰਨਾ—“TRAINING THE TRAINERS”—ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਹਰ ਕਿਸੇ ਨੂੰ ਡਾਕਟਰ ਬਣਨ ਦੀ ਲੋੜ ਨਹੀਂ, ਪਰ ਹਰ ਵਿਅਕਤੀ ਸੰਵੇਦਨਸ਼ੀਲ ਬਣ ਸਕਦਾ ਹੈ, ਬਿਨਾਂ ਜੱਜਮੈਂਟ ਦੇ ਸੁਣ ਸਕਦਾ ਹੈ ਅਤੇ ਇੱਕ ACTIVE LISTENER ਬਣ ਸਕਦਾ ਹੈ।
ਅਕਸਰ ਕਈ ਸਮੱਸਿਆਵਾਂ ਜਿਵੇਂ ਕਿ ਇਮਤਿਹਾਨ ਦਾ ਤਣਾਅ ਜਾਂ ਹਲਕੀਆਂ ਰਿਸ਼ਤਿਆਂ ਵਿਚਲੀਆਂ ਪਰੇਸ਼ਾਨੀਆਂ ਬੁਨਿਆਦੀ COUNSELLING ਨਾਲ ਹੀ ਹੱਲ ਹੋ ਸਕਦੀਆਂ ਹਨ। ਇਸਦੇ ਨਾਲ ਨਾਲ “RED FLAGS” ਦੀ ਪਛਾਣ ਕਰਨਾ ਵੀ ਜ਼ਰੂਰੀ ਹੈ, ਤਾਂ ਜੋ ਸਮੇਂ ‘ਤੇ ਮਾਹਿਰਾਂ ਕੋਲ ਮਦਦ ਲਈ ਪਹੁੰਚਾਇਆ ਜਾ ਸਕੇ।
ਜਾਗਰੂਕਤਾ ਨਾਲ ਗਲਤ ਧਾਰਣਾਵਾਂ ਦੂਰ ਹੁੰਦੀਆਂ ਹਨ ਅਤੇ STIGMA ਘਟਦਾ ਹੈ। ਮਾਨਸਿਕ ਸਿਹਤ ਬਾਰੇ ਜਾਣਕਾਰੀ ਹੁਣ ਸਿਰਫ਼ ਮਾਹਿਰਾਂ ਦੀ ਜ਼ਿੰਮੇਵਾਰੀ ਨਹੀਂ ਰਹੀ, ਸਗੋਂ ਹਰ ਇਕ ਵਿਅਕਤੀ ਦੀ ਜ਼ਿੰਮੇਵਾਰੀ ਬਣ ਗਈ ਹੈ। ਇਹ ਸੱਭਿਆਚਾਰ ਘਰਾਂ ਅਤੇ ਸਕੂਲਾਂ ਤੋਂ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਸਮਝ ਆ ਸਕੇ।
ਅਖੀਰ ਵਿੱਚ, ਇਹ ਗੱਲ ਸਦਾ ਯਾਦ ਰੱਖਣਯੋਗ ਹੈ—
“THERE IS NO HEALTH WITHOUT MENTAL HEALTH.”
ਮਾਨਸਿਕ ਸਿਹਤ ਦੀ ਸੰਭਾਲ ਸਿਰਫ਼ ਆਪਣੇ ਲਈ ਨਹੀਂ, ਸਗੋਂ ਸਮੂਹ ਸਮਾਜ ਦੀ ਭਲਾਈ ਲਈ ਵੀ ਜ਼ਰੂਰੀ ਹੈ।

ਡਾ. ਹਰਵੰਦਨ ਕੌਰ ਬੇਦੀ
(MD Physiciatry)
