Connect with us

punjab

ਜਿਲ੍ਹੇ ਦੇ 203 ਸਰਕਾਰੀ ਸਕੂਲਾਂ ਨੂੰ ਖੋਲ੍ਹਣ ਦੀਆਂ ਤਿਆਰੀਆਂ ਮੁਕੰਮਲ- ਡੀ.ਈ.ਓ. ਹਰਿੰਦਰ ਕੌਰ

Published

on

patiala government school

ਕਰੋਨਾ ਦੀ ਦੂਸਰੀ ਲਹਿਰ ਕਾਰਨ ਪੰਜਾਬ ਦੇ ਬੰਦ ਪਏ ਸਕੂਲਾਂ ਨੂੰ ਪੜਾਅ ਵਾਰ ਖੋਲ੍ਹਣ ਦੀ 26 ਜੁਲਾਈ ਨੂੰ ਸ਼ੁਰੂਆਤ ਹੋ ਰਹੀ ਹੈ, ਜਿਸ ਤਹਿਤ ਦਸਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਕਰੋਨਾ ਨਿਯਮਾਂ ਦੇ ਦਾਇਰੇ ‘ਚ ਰਹਿੰਦਿਆਂ, ਪੰਜਾਬ ਸਰਕਾਰ ਨੇ ਸਕੂਲ ਆਉਣ ਦੀ ਆਗਿਆ ਦਿੱਤੀ ਹੈ। ਇਸ ਸਬੰਧੀ ਪਟਿਆਲਾ ਜਿਲ੍ਹੇ ਦੇ 109 ਸੈਕੰਡਰੀ ਤੇ 94 ਹਾਈ ਸਕੂਲਾਂ ‘ਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ ਹਰਿੰਦਰ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਪਾਲਣ ਸਬੰਧੀ ਸਕੂਲ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਸਭ ਨੂੰ ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਸਕੂਲਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਸਕੂਲਾਂ ਦੀ ਵਿਸ਼ੇਸ਼ ਸਫ਼ਾਈ ਕੀਤੀ ਗਈ ਹੈ।

ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦੇ ਪ੍ਰਿੰ. ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲ ‘ਚ ਪ੍ਰਵੇਸ਼ ਕਰਨ ਮੌਕੇ ਮਾਸਕ ਪਹਿਨਣ, ਸੈਨਟਾਈਜ਼ ਹੋਣ ਅਤੇ ਲੋੜੀਂਦੀ ਦੂਰੀ ਬਣਾ ਕੇ ਰੱਖਣ ਲਈ, ਜਮਾਤ ਇੰਚਾਰਜਾਂ ਵੱਲੋਂ ਕੀਤੀਆਂ ਜ਼ੂਮ ਬੈਠਕਾਂ ਰਾਹੀਂ ਸੁਚੇਤ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਸਕੂਲ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਸਰਕਾਰੀ ਹਾਈ ਸਕੂਲ ਰਣਬੀਰਪੁਰਾ ਦੇ ਮੁੱਖ ਅਧਿਆਪਕ ਤੇ ਬਲਾਕ ਨੋਡਲ ਅਫਸਰ ਪਟਿਆਲਾ-3 ਲਲਿਤ ਸਿੰਗਲਾ ਨੇ ਕਿਹਾ ਕਿ ਅਧਿਆਪਕ ਤੇ ਵਿਦਿਆਰਥੀਆਂ ਕੱਲ੍ਹ ਦੇ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਸ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ‘ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ‘ਚ ਕੋਵਿਡ-19 ਨਿਯਮਾਂ ਦੀ ਪਾਲਣਾ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਦੋ ਵਿਦਿਆਰਥਣਾਂ ਦੇ ਪਿਤਾ ਦੀਪਕ ਸਿੰਘ ਨੇ ਕਿਹਾ ਕਿ ਭਾਵੇਂ ਸਿੱਖਿਆ ਵਿਭਾਗ ਨੇ ਕਰੋਨਾ ਸੰਕਟ ਦੌਰਾਨ ਟੀਵੀ ਤੇ ਆਨਲਾਈਨ ਪੜ੍ਹਾਈ ਕਰਵਾਉਣ ਲਈ ਬਹੁਤ ਉੱਦਮ ਕੀਤੇ ਪਰ ਬੱਚਿਆਂ ਨੂੰ ਸਕੂਲ ‘ਚ ਜਾ ਕੇ ਪੜ੍ਹਨ ਦਾ ਵਧੇਰੇ ਚਾਅ ਹੁੰਦਾ ਹੈ, ਜੋ ਕੱਲ੍ਹ ਨੂੰ ਪੂਰਾ ਹੋ ਜਾਵੇਗਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਪੜ ਦੀ ਵਿਦਿਆਰਥਣ ਹੁਸਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਲੰਬੇ ਅਰਸੇ ਤੋਂ ਸਕੂਲ ਲੱਗਣ ਦੀ ਉਡੀਕ ‘ਚ ਸਨ ਕਿਉਂਕਿ ਵਿਦਿਆਰਥੀ ਜੋ ਕੁਝ ਸਕੂਲ ‘ਚ ਜਾ ਕੇ ਸਿੱਖਦੇ ਹਨ, ਉਨ੍ਹਾਂ ਕੁਝ ਉਹ ਆਨਲਾਈਨ ਪੜ੍ਹਾਈ ਦੌਰਾਨ ਨਹੀਂ ਸਿੱਖ ਸਕਦੇ।