punjab
ਪੀਐਸਆਈਡੀਸੀ ਦੇ ਚੇਅਰਮੈਨ ਕੇ.ਕੇ. ਬਾਵਾ ਨੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਚੰਡੀਗੜ੍ਹ, 30 ਦਸੰਬਰ : ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀ.ਐਸ.ਆਈ.ਡੀ.ਸੀ.) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਦੌਰਾਨ ਚੇਅਰਮੈਨ ਕੇ.ਕੇ. ਬਾਵਾ ਨੇ ਬੋਰਡ ਨੂੰ ਦੱਸਿਆ ਕਿ ਪੀ.ਐਸ.ਆਈ.ਡੀ.ਸੀ. ਨੇ 2021-22 (30.11.2021 ਤੱਕ) ਦੌਰਾਨ ਬਾਂਡ ਧਾਰਕਾਂ ਨਾਲ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਕੀਤੀ ਜਿਸ ਨਾਲ 13.96 ਕਰੋੜ ਰੁਪਏ ਦੀ ਦੇਣਦਾਰੀ ਦਾ ਨਿਪਟਾਰਾ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਵਿਆਜ ਦੇ ਤੌਰ ‘ਤੇ ਲਗਭਗ 8.73 ਕਰੋੜ ਰੁਪਏ ਦੀ ਬਚਤ ਹੋਈ ਹੈ। ਉਹਨਾਂ ਅੱਗੇ ਕਿਹਾ ਕਿ ਕਾਰਪੋਰੇਸ਼ਨ ਨੇ ਸਾਲ 2021-22 (30.11.2021 ਤੱਕ) ਦੌਰਾਨ ਕਰਜ਼ੇ/ਇਕੁਵਿਟੀ ਤੋਂ 9.29 ਕਰੋੜ ਰੁਪਏ ਦੀ ਵਸੂਲੀ ਵੀ ਕੀਤੀ ਹੈ, ਜਿਸ ਵਿੱਚ 3.19 ਕਰੋੜ ਰੁਪਏ ਵੀ ਸ਼ਾਮਲ ਹਨ ਜੋ ਇਕੁਇਟੀ 2018 ਲਈ ਓਟੀਐਸ ਨੀਤੀ ਤਹਿਤ ਵਸੂਲੇ ਗਏ ਹਨ।
ਸ੍ਰੀ ਬਾਵਾ ਨੇ ਬੋਰਡ ਮੈਂਬਰਾਂ ਨੂੰ ਅੱਗੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਉਦਯੋਗਾਂ ਦੇ ਮੁੜ ਵਸੇਬੇ ਅਤੇ ਪੁਨਰ ਸੁਰਜੀਤੀ ਲਈ ਓ.ਟੀ.ਐੱਸ. ਨੀਤੀ-2021 ਦਾ ਐਲਾਨ ਕੀਤਾ ਹੈ, ਜਿਸ ਨਾਲ ਪੀਐਸਆਈਡੀਸੀ ਅਤੇ ਪੰਜਾਬ ਵਿੱਤ ਕਾਰਪੋਰੇਸ਼ਨ (ਪੀਐਫਸੀ) ਦੀਆਂ ਕਰਜ਼ਾ ਲੈਣ ਵਾਲੀਆਂ ਕੰਪਨੀਆਂ ਦੇ ਉੱਦਮੀਆਂ ਨੂੰ ਇੱਕ ਵਿਲੱਖਣ ਮੌਕਾ ਪ੍ਰਦਾਨ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਪਹਿਲਕਦਮੀ ਕਾਰਪੋਰੇਸ਼ਨਾਂ ਅਤੇ ਨਿੱਜੀ ਨਿਵੇਸ਼ਕਾਂ ਦਰਮਿਆਨ ਲੰਬਿਤ ਮੁਕੱਦਮੇਬਾਜ਼ੀ ਨੂੰ ਸੁਲਝਾਉਣ ਦੇ ਨਾਲ-ਨਾਲ ਪੰਜਾਬ ਰਾਜ ਵਿੱਚ ਵਪਾਰ ਪੱਖੀ ਮਾਹੌਲ ਸਿਰਜਣ ਵਿੱਚ ਸਹਾਈ ਹੋਵੇਗੀ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵ ਮੈਨੇਜਿੰਗ ਡਾਇਰੈਕਟਰ ਸ੍ਰੀ ਸਿਬਿਨ ਸੀ, ਆਈ.ਏ.ਐਸ. ਅਤੇ ਡਾਇਰੈਕਟਰ ਸ੍ਰੀ ਸ਼ਿਵਰਿੰਦਰ ਉੱਪਲ, ਸ੍ਰੀ ਰਾਜੇਸ਼ ਘਾਰੂ, ਸ੍ਰੀ ਬਲਜਿੰਦਰ ਸਿੰਘ ਜੰਡੂ, ਵਿਸ਼ੇਸ਼ ਤੌਰ ‘ਤੇ ਸ਼ਾਮਲ ਏ.ਐਮ.ਡੀ., ਪੀ.ਐਸ.ਆਈ.ਈ.ਸੀ. ਪਰਮਵੀਰ ਸਿੰਘ, ਆਈ.ਏ.ਐਸ., ਅੰਡਰ ਸੈਕਟਰੀ ਉਦਯੋਗ ਅਤੇ ਵਣਜ ਮੋਨਿਕਾ ਸਰੀਨ, ਲੇਖਾ ਕਮ ਕਾਨੂੰਨੀ ਸਲਾਹਕਾਰ ਐਸ.ਕੇ. ਅਹੁਜਾ ਅਤੇ ਕੰਪਨੀ ਸਕੱਤਰ ਸ੍ਰੀਮਤੀ ਸੁਕ੍ਰਿਤੀ ਸੈਣੀ ਸਮੇਤ ਸੀਨੀਅਰ ਅਧਿਕਾਰੀ ਸ਼ਾਮਲ ਸਨ।