punjab
ਰੂਰਲ ਮੈਡੀਕਲ ਅਫਸਰਾਂ ਦੀਆਂ 507 ਖਾਲੀ ਅਸਾਮੀਆਂ ਦੇ ਨਾਲ ਪੈਰਾ-ਮੈਡੀਕਲ ਮੰਤਰੀ ਮੰਡਲ ਵੱਲੋਂ ਪੇਂਡੂ ਵਿਕਾਸ ਵਿਭਾਗ ਤੋਂ ਵਾਪਸ ਸਿਹਤ ਵਿਭਾਗ ‘ਚ ਤਬਦੀਲ ਕਰਨ ਦੀ ਪ੍ਰਵਾਨਗੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੂਬਾ ਭਰ ਦੇ ਲੋਕਾਂ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਭਾਵੀ ਤਰੀਕੇ ਨਾਲ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਸਬਸਿਡਰੀ ਹੈਲਥ ਸੈਂਟਰਾਂ ਦੇ ਰੂਰਲ ਮੈਡੀਕਲ ਅਫਸਰਾਂ ਦੀਆਂ 507 ਖਾਲੀ ਅਸਾਮੀਆਂ ਦੇ ਨਾਲ ਪੈਰਾ-ਮੈਡੀਕਲ ਅਤੇ ਦਰਜਾ ਚਾਰ ਦੀਆਂ ਠੇਕਾ ਅਧਾਰਿਤ ਅਸਾਮੀਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਵਾਪਸ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਉਪਰੰਤ ਮੌਜੂਦਾ ਸਮੇਂ ਕੰਮ ਕਰ ਰਹੇ ਆਰ.ਐਮ.ਓਜ਼, ਜੋ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਮਰਜ ਹੋਣਾ ਚਾਹੁੰਦੇ ਹਨ, ਉਹ ਸ਼ਰਤ ‘ਤੇ ਜਾਣ ਦੀ ਪ੍ਰਵਾਨਗੀ ਦਿੱਤੀ ਜਾਏਗੀ। ਉਨ੍ਹਾਂ ਦੀ ਸੀਨੀਅਰਤਾ ਸਿਹਤ ਵਿਭਾਗ ਵਿੱਚ ਹਾਜ਼ਰ ਹੋਣ ਦੀ ਮਿਤੀ ਤੋਂ ਗਿਣੀ ਜਾਵੇਗੀ ਨਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਰੈਗੂਲਰ ਹੋਣ ਦੀ ਮਿਤੀ ਤੋਂ ਗਿਣੀ ਜਾਵੇਗੀ। ਇਸ ਤੋਂ ਇਲਾਵਾ ਦੂਜੇ ਸਾਰੇ ਲਾਭ ਉਨ੍ਹਾਂ ਨੂੰ ਸਿਹਤ ਵਿਭਾਗ ਵਿੱਚ ਮਰਜ ਹੋਣ ਦੀ ਮਿਤੀ ਤੋਂ ਦਿੱਤੇ ਜਾਣਗੇ। ਆਰ.ਐਮ.ਓਜ਼ ਵੱਲੋਂ ਮਰਜ ਹੋਣ ਲਈ ਨਿਰਧਾਰਤ ਸ਼ਰਤਾਂ/ਹਦਾਇਤਾਂ ਸਬੰਧੀ ਲਿਖਤੀ ਸਹਿਮਤੀ ਦੇਣ ਉਪਰੰਤ ਹੀ ਉਹ ਮਰਜ ਹੋਣਗੇ।
ਮੰਤਰੀ ਮੰਡਲ ਨੇ ਆਰ.ਐਮ.ਓਜ਼, ਪੈਰਾ-ਮੈਡੀਕਲ ਅਤੇ ਦਰਜਾ-4 ਸਟਾਫ ਦੀ ਤਨਖ਼ਾਹ, ਬਿਲਡਿੰਗ, ਬਿਜਲੀ ਦੇ ਬਿੱਲ ਅਤੇ ਦੂਜੇ ਸਾਜ਼ੋ-ਸਾਮਾਨ ਉਪਰ ਹੋਣ ਵਾਲੇ ਖਰਚੇ ਦੇ ਭੁਗਤਾਨ ਸਿਹਤ ਵਿਭਾਗ ਵੱਲੋਂ ਕੀਤੇ ਜਾਣ ਦੀ ਵੀ ਪ੍ਰਵਾਨਗੀ ਦੇ ਦਿੱਤੀ। ਸਾਲ 2006 ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ 1183 ਸਬਸਿਡੀ ਹੈਲਥ ਸੈਂਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਤਬਦੀਲ ਕੀਤੇ ਗਏ ਸਨ। ਇਨ੍ਹਾਂ ਸੈਂਟਰਾਂ ਨੂੰ ਚਲਾਉਣ ਲਈ ਡਾਕਟਰਾਂ ਨੂੰ ਬਤੌਰ ਸਰਵਿਸ ਪ੍ਰੋਵਾਈਡਰ ਲਾਇਆ ਗਿਆ ਅਤੇ ਇਨ੍ਹਾਂ ਡਾਕਟਰਾਂ ਨੂੰ ਉਸ ਦੀ ਤਨਖ਼ਾਹ ਨੂੰ ਉਸ ਦੇ ਪੈਕੇਜ ਵਿੱਚੋਂ ਹੀ ਇਕ ਫਾਰਮਾਸਿਸਟ ਅਤੇ ਇਕ ਦਰਜਾ-4 ਕਰਮਚਾਰੀ ਲਾਉਣ ਲਈ ਉਪਬੰਧ ਕੀਤਾ ਗਿਆ ਸੀ।