Connect with us

Punjab

ਰੱਖੜਾ ਨੇ ਕਿਹਾ ਪੰਥ ਦਾ ਅਸ਼ੀਰਵਾਦ ਸਾਡੇ ਨਾਲ, 2027 ‘ਚ ਹੂੰਝਾ ਫੇਰ ਜਿੱਤ ਹਾਸਲ ਕਰਾਂਗੇ

Published

on

ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਜਾ ਰਹੀ ਨਵੀਂ ਪਾਰਟੀ ਦੇ ਪ੍ਰਮੁੱਖ ਨੇਤਾ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਪੰਥ ਦਾ ਅਸ਼ੀਰਵਾਦ ਸਾਡੇ ਨਾਲ ਹੈ ਤੇ ਅਸੀਂ 2027 ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਾਂਗੇ। ਉਨ੍ਹਾਂ ਨੇ ਉਨ੍ਹਾਂ ਖਬਰਾਂ ਨੂੰ ਗ਼ਲਤ ਦੱਸਿਆ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਟਕਸਾਲੀ ਨੇਤਾ ਘਰ ਵਾਪਸੀ ਕਰ ਰਹੇ ਹਨ। ਸਿਕੰਦਰ ਸਿੰਘ ਮਲੂਕਾ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਨਫਿਉਸ ਸਨ। ਸੁਖਬੀਰ ਸਿੰਘ ਬਾਦਲ ਦੇ ਭਾਜਪਾ ਨਾਲ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਉਹ ਸਾਨੂੰ ਕਹਿੰਦੇ ਸਨ ਕਿ ਅਸੀਂ ਭਾਜਪਾ ਦੇ ਇਸ਼ਾਰੇ ‘ਤੇ ਸਭ ਕੁੱਝ ਕਰ ਰਹੇ ਹਾਂ ਪਰ ਹੁਣ ਆਪ ਭਾਜਪਾ ਦੇ ਨੇੜੇ ਲੱਗਣ ਲਈ ਅਤੇ ਗਠਜੋੜ ਕਰਨ ਲਈ ਤਰਲੇ ਕਰਦੇ ਫ਼ਿਰ ਰਹੇ ਹਨ। ਉਨ੍ਹਾਂ ਨੇ ਆਪਣੇ ਧੜੇ ਦੇ ਭਾਜਪਾ ਨਾਲ ਗਠਜੋੜ ਕਰਨ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੇ ਨਾਲ ਸਮੁੱਚਾ ਪੰਥ ਖੜਾ ਹੈ ਸਾਨੂੰ ਕਿਸੇ ਗਠਜੋੜ ਦੀ ਲੋੜ ਹੀ ਨਹੀਂ ਪੈਣੀ,ਨਵੀਂ ਪਾਰਟੀ ਖੁਦ ਹੀ ਤਕੜੀ ਹੋ ਕੇ ਸਾਹਮਣੇ ਆ ਰਹੀ ਹੈ।

ਸ. ਰੱਖੜਾ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਇਆ ਹੈ ਉਸਨੂੰ ਸੰਗਤ ਨੇ ਮੂਲੋਂ ਹੀ ਨਕਾਰਿਆ ਹੈ ਤੇ ਅਸੀਂ ਪਿਛਲੇ ਸਮੇਂ ਦੌਰਾਨ ਦੇਖ ਹੀ ਲਿਆ ਹੈ ਕਿ ਕਿਵੇਂ ਇਨ੍ਹਾਂ ਦੀਆਂ ਕਈ ਜ਼ਮਾਨਤਾਂ ਜ਼ਬਤ ਹੋਈਆਂ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਬਾਰੇ ਕੁੱਝ ਵੀ ਬੋਲ ਨਹੀਂ ਸਕਦੇ ਪਰ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਬਣਾਇਆ ਗਿਆ ਅਤੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਤੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਗਿਆ ਉਸਨੂੰ ਸੰਗਤ ਨੇ ਸਵੀਕਾਰ ਨਹੀਂ ਕੀਤਾ।

ਸ. ਸੁਰਜੀਤ ਸਿੰਘ ਰੱਖੜਾ ਨੇ ਨਵੀਂ ਪਾਰਟੀ ਦੇ ਹੋਂਦ ਵਿੱਚ ਆਉਣ ਬਾਰੇ ਕਿਹਾ ਕਿ ਜੁਲਾਈ ਵਿੱਚ ਨਵੀਂ ਪਾਰਟੀ ਬਣ ਜਾਵੇਗੀ। ਉਨ੍ਹਾਂ ਕਿਹਾ ਕਿ 30 ਜੂਨ ਤੱਕ ਭਰਤੀ ਪੂਰੀ ਕਰ ਲਈ ਜਾਵੇਗੀ ਅਤੇ ਫ਼ਿਰ ਡੈਲੀਗੇਟ ਤਿਆਰ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਨਵੀਂ ਬਣਨ ਵਾਲੀ ਪਾਰਟੀ ਨੂੰ ਉਸ ਤਰ੍ਹਾਂ ਵੋਟਾਂ ਪੈਣਗੀਆਂ ਜਿਵੇਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਪਈਆਂ ਸਨ ਤੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪਈਆਂ ਸਨ। ਰੱਖੜਾ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਨਾ ਮੰਨਣ ਵਾਲਿਆਂ ਨੂੰ ਕੌਮ ਮੂਲੋਂ ਹੀ ਨਕਾਰ ਦੇਵੇਗੀ।

ਕੁਲਵੰਤ ਸਿੰਘ ਗੱਗੜਪੁਰੀ