Connect with us

Punjab

ਸ਼ਾਹ ਜੀ ਇਕੱਲਿਆਂ ਗੱਲ ਨਹੀਂ ਬਣਨੀ- ਅਕਾਲੀ ਦਲ ਦੀਆਂ ਰੈਲੀਆਂ ਕੰਮ ਨਹੀਂ ਆਈਆਂ: ਭਾਜਪਾ ਫਾਡੀ ਤੇ ਕਾਂਗਰਸ ਮੁੜ ਉਭਰੀ!

Published

on

ਪੰਜਾਬ ਦੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਸਿਆਸੀ ਸੰਦੇਸ਼ ਦਿੱਤਾ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਡੀ ਜਿੱਤ ਦਰਜ ਕਰਕੇ ਆਪਣੀ ਪਕੜ ਕਾਇਮ ਰੱਖੀ ਹੈ, ਪਰ ਇਸਦੇ ਨਾਲ ਹੀ ਕਾਂਗਰਸ ਨੇ ਵੀ ਉਮੀਦ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਆਪਣੀ ਸਿਆਸੀ ਵਾਪਸੀ ਦੇ ਸੰਕੇਤ ਦਿੱਤੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਆਪਣੀਆਂ ਉਮੀਦਾਂ ਦੇ ਮੁਤਾਬਕ ਨਤੀਜੇ ਨਹੀਂ ਲੈ ਸਕੇ।
ਚੋਣ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ ਲਗਭਗ 958 ਵਾਰਡਾਂ ਵਿੱਚ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਨੇ ਕਰੀਬ 397 ਦ ਸੀਟਾਂ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਅਕਾਲੀ ਦਲ ਨੂੰ ਲਗਭਗ 192 ਸੀਟਾਂ ਮਿਲੀਆਂ, ਜਦਕਿ ਭਾਜਪਾ ਕਰੀਬ 172 ਸੀਟਾਂ ਤੱਕ ਹੀ ਸੀਮਤ ਰਹੀ। ਇਸ ਤੋਂ ਇਲਾਵਾ 258 ਆਜ਼ਾਦ ਉਮੀਦਵਾਰਾਂ ਦੀ ਜਿੱਤ ਵੀ ਇਹ ਦਰਸਾਉਂਦੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਲੋਕ ਰਵਾਇਤੀ ਪਾਰਟੀਆਂ ਤੋਂ ਇਲਾਵਾ ਹੋਰ ਵਿਕਲਪਾਂ ਨੂੰ ਵੀ ਮੌਕਾ ਦੇ ਰਹੇ ਹਨ।
ਸਭ ਤੋਂ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਖੜ੍ਹਾ ਹੋਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਪੂਰੇ ਪੰਜਾਬ ਵਿੱਚ ਵੱਡੀਆਂ40 ਰੈਲੀਆਂ ਕੀਤੀਆਂ, ਵਰਕਰਾਂ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਪ੍ਰਭਾਵ ਬਣਾਇਆ ਗਿਆ ਕਿ ਅਕਾਲੀ ਦਲ ਮੁੜ ਖੜ੍ਹ ਰਿਹਾ ਹੈ। ਪਰ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਇਹ ਰੈਲੀਆਂ ਸੀਟਾਂ ਵਿੱਚ ਤਬਦੀਲ ਹੁੰਦੀਆਂ ਨਹੀਂ ਦਿਖਾਈ ਦਿੱਤੀਆਂ। ਅਕਾਲੀ ਦਲ ਆਪਣੀ ਰਵਾਇਤੀ ਸਿਆਸੀ ਤਾਕਤ ਦੇ ਮੁਕਾਬਲੇ ਕਾਫੀ ਪਿੱਛੇ ਰਹਿ ਗਿਆ। ਇਸ ਨਾਲ ਇਹ ਵੀ ਸਾਬਤ ਹੋਇਆ ਕਿ ਸਿਰਫ਼ ਭੀੜ ਇਕੱਠੀ ਕਰਨਾ ਅਤੇ ਜ਼ਮੀਨੀ ਵੋਟ ਬੈਂਕ ਬਣਾਈ ਰੱਖਣਾ ਦੋ ਵੱਖਰੀਆਂ ਗੱਲਾਂ ਹਨ।
ਭਾਜਪਾ ਲਈ ਵੀ ਇਹ ਚੋਣਾਂ ਕੋਈ ਖਾਸ ਉਤਸ਼ਾਹਜਨਕ ਨਹੀਂ ਰਹੀਆਂ। ਭਾਵੇਂ ਕੁਝ ਸ਼ਹਿਰੀ ਇਲਾਕਿਆਂ ਵਿੱਚ ਭਾਜਪਾ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਕੁਝ ਨਗਰ ਨਿਗਮਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ, ਪਰ ਪੰਜਾਬ ਪੱਧਰ ‘ਤੇ ਪਾਰਟੀ ਉਹ ਮਾਹੌਲ ਨਹੀਂ ਬਣਾ ਸਕੀ ਜਿਸਦੀ ਉਮੀਦ ਦਿੱਲੀ ਦੇ ਆਗੂ ਕਰ ਰਹੇ ਸਨ। ਇਹ ਨਤੀਜੇ ਇੱਕ ਵਾਰ ਫਿਰ ਇਹ ਸੰਕੇਤ ਦੇ ਰਹੇ ਹਨ ਕਿ ਪੰਜਾਬ ਵਿੱਚ ਭਾਜਪਾ ਲਈ ਇਕੱਲੇ ਆਪਣੇ ਦਮ ‘ਤੇ ਸੱਤਾ ਤੱਕ ਪਹੁੰਚਣਾ ਅਜੇ ਵੀ ਮੁਸ਼ਕਲ ਦਿਖਾਈ ਦਿੰਦਾ ਹੈ। ਜਦੋਂ ਕਿ ਮੋਗਾ ਰੈਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਉਹ 2027 ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਉੱਪਰ ਚੋਣ ਲੜਨਗੇ ਅਤੇ ਸਰਕਾਰ ਬਣਾਉਣਗੇ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਪਾਰਟੀ ਜਿੱਥੇ 19 ਫ਼ੀਸਦੀ ਵੋਟ ਹਾਸਲ ਕਰਦੀ ਹੈ ਉੱਥੇ ਅਗਲੀ ਵਾਰ ਸਾਡੀ ਸਰਕਾਰ ਬਣਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਪੰਜਾਬ ਵਿੱਚ ਭਾਜਪਾ ਨੂੰ 19 ਫ਼ੀਸਦੀ ਵੋਟ ਮਿਲੇ ਸਨ ਪਰ ਇੱਥੇ ਅਮਿਤ ਸ਼ਾਹ ਭੁੱਲ ਗਏ ਕਿ ਪਿਛਲੀ ਵਾਰ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ 18 -19 ਫ਼ੀਸਦੀ ਵੋਟ ਮਿਲੇ ਸਨ ਵਿਧਾਨ ਸਭਾ ਚੋਣਾਂ ਵਿੱਚ ਨਹੀਂ ਅਤੇ ਲੋਕ ਸਭਾ ਚੋਣਾਂ ਵਿੱਚ ਮੁੱਦੇ ਰਾਸ਼ਟਰੀ ਹੁੰਦੇ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਮੁੱਦਿਆਂ ਤੇ ਚੋਣਾਂ ਲੜੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਜਦੋਂ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਵੋਟ ਮਿਲੇ ਸਨ ਉਦੋਂ ਉਨ੍ਹਾਂ ਨੇ ਅਕਾਲੀ ਦਲ ਨਾਲ ਗੱਠਜੋੜ ਕੀਤਾ ਸੀ,ਇਸੇ ਕਰਕੇ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਹੋਰ ਤੇਜ਼ ਹੋ ਗਈ ਹੈ ਕਿ “ਸ਼ਾਹ ਜੀ, ਇਕੱਲਿਆਂ ਗੱਲ ਨਹੀਂ ਬਣਨੀ।”
ਦੂਜੇ ਪਾਸੇ ਕਾਂਗਰਸ ਲਈ ਇਹ ਨਤੀਜੇ ਆਕਸੀਜਨ ਵਾਂਗ ਸਾਬਤ ਹੋਏ ਹਨ। ਭਾਵੇਂ ਕਾਂਗਰਸ ਅੰਦਰ ਧੜੇਬੰਦੀ ਖਤਮ ਨਹੀਂ ਹੋਈ, ਪਰ ਫਿਰ ਵੀ ਪਾਰਟੀ ਨੇ ਦੂਜਾ ਸਥਾਨ ਹਾਸਲ ਕਰਕੇ ਇਹ ਸਾਬਤ ਕੀਤਾ ਹੈ ਕਿ ਉਸਦਾ ਵੋਟ ਬੈਂਕ ਅਜੇ ਵੀ ਮੌਜੂਦ ਹੈ। ਰਾਜਾ ਵੜਿੰਗ, ਪ੍ਰਤਾਪ ਬਾਜਵਾ ਅਤੇ ਹੋਰ ਆਗੂਆਂ ਵਿਚਾਲੇ ਮਤਭੇਦਾਂ ਦੇ ਬਾਵਜੂਦ ਕਾਂਗਰਸ ਦੀ ਵਾਪਸੀ ਦੇ ਸੰਕੇਤ ਵਿਰੋਧੀ ਧਿਰ ਲਈ ਹੌਸਲਾ ਵਧਾਉਣ ਵਾਲੇ ਹਨ।
ਇਨ੍ਹਾਂ ਨਤੀਜਿਆਂ ਤੋਂ ਇੱਕ ਗੱਲ ਸਾਫ਼ ਨਿਕਲ ਕੇ ਆਉਂਦੀ ਹੈ ਕਿ ਪੰਜਾਬ ਦੀ ਸਿਆਸਤ ਹੁਣ ਵੀ ਤਿਕੋਣੀ ਅਤੇ ਕਈ ਥਾਵਾਂ ‘ਤੇ ਚੌਰੰਗੀ ਬਣੀ ਹੋਈ ਹੈ। ਆਮ ਆਦਮੀ ਪਾਰਟੀ ਅਜੇ ਵੀ ਸਭ ਤੋਂ ਅੱਗੇ ਹੈ, ਕਾਂਗਰਸ ਮੁੜ ਲੜਾਈ ਵਿੱਚ ਦਿਖਾਈ ਦੇ ਰਹੀ ਹੈ, ਅਕਾਲੀ ਦਲ ਆਪਣੀ ਪੁਰਾਣੀ ਜ਼ਮੀਨ ਲੱਭਣ ਲਈ ਸੰਘਰਸ਼ ਕਰ ਰਿਹਾ ਹੈ ਅਤੇ ਭਾਜਪਾ ਨੂੰ ਪੰਜਾਬ ਵਿੱਚ ਵੱਡੀ ਸਿਆਸੀ ਛਾਲ ਮਾਰਨ ਲਈ ਅਜੇ ਹੋਰ ਮਿਹਨਤ ਦੀ ਲੋੜ ਹੈ। ਇਸ ਲਈ ਨਗਰ ਚੋਣਾਂ ਦਾ ਸਭ ਤੋਂ ਵੱਡਾ ਸੰਦੇਸ਼ ਇਹੀ ਹੈ ਕਿ 2027 ਦੀ ਜੰਗ ਤੋਂ ਪਹਿਲਾਂ ਕਿਸੇ ਵੀ ਪਾਰਟੀ ਲਈ ਮੈਦਾਨ ਪੂਰੀ ਤਰ੍ਹਾਂ ਖਾਲੀ ਨਹੀਂ, ਪਰ ਭਾਜਪਾ ਅਤੇ ਅਕਾਲੀ ਦਲ ਦੋਵਾਂ ਲਈ ਇਹ ਨਤੀਜੇ ਇੱਕ ਗੰਭੀਰ ਚੇਤਾਵਨੀ ਜ਼ਰੂਰ ਹਨ।