Connect with us

Punjab

ਸਿਆਸਤ ਦਾ ਗੰਧਲਾਪਣ ਬਦਬੂਦਾਰ ਹੋਇਆ; ਨਿੱਜੀ ਜ਼ਿੰਦਗੀ ਦਾ ਨੰਗਾਪਣ ਵਾਇਰਲ ਕਰਨ ਲੱਗੇ ਨੇਤਾ

Published

on

ਸਿਆਸਤ ਦੇ ਚਿੱਕੜ ਦੀ ਗੱਲ ਤਾਂ ਬੜੇ ਚਿਰਾਂ ਤੋਂ ਹੁੰਦੀ ਆ ਰਹੀ ਹੈ ਪਰ ਹੁਣ ਤਾਂ ਇਹ ਚਿੱਕੜ ਇੰਨਾ ਬਦਬੂਦਾਰ ਹੋ ਗਿਆ ਹੈ ਕਿ ਇਸਦੀਆਂ ਟੀਵੀ ‘ਤੇ ਚੱਲਦੀਆਂ ਤਸਵੀਰਾਂ ਵੇਖ ਕੇ ਵੀ ਗਲਿਆਨ ਆਉਣ ਲੱਗੀ ਹੈ। ਪ੍ਰਮੁੱਖ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਹਨ। ਰਵਜੋਤ ਸਿੰਘ ਨੇ ਇਸ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਹ ਤਸਵੀਰਾਂ ਉਸਦੀ ਪਹਿਲੀ ਪਤਨੀ ਹਨ ਪਰ ਇਹ ਆਮ ਤਸਵੀਰਾਂ ਸਨ ਜਿਨ੍ਹਾਂ ਨੂੰ AI ਨਾਲ ਬਣਾ ਕੇ ਗੰਦੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਭਾਵੇਂ AI ਨਾਲ ਨਾ ਵੀ ਬਣਾਈਆਂ ਗਈਆਂ ਹੋਣ ਫਿਰ ਵੀ ਆਪਣੀ ਪਤਨੀ ਨਾਲ ਜੋ ਨਿੱਜੀ ਜੀਵਨ ਹੁੰਦਾ ਹੈ ਉਸਨੂੰ ਵਾਇਰਲ ਕਰਨਾ ਜਿੱਥੇ ਅਨੈਤਿਕ ਹੈ ਉੱਥੇ ਹੀ ਗੈਰ ਕਾਨੂੰਨੀ ਵੀ ਹੈ।

ਇਸ ਤੋਂ ਪਹਿਲਾਂ ਪਟਿਆਲਾ ਦੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਦੀਆਂ ਤਸਵੀਰਾਂ ਵੀ ਏਸੇ ਤਰ੍ਹਾਂ ਵਾਇਰਲ ਕੀਤੀਆਂ ਗਈਆਂ ਸਨ। ਭਾਵੇਂ ਉਹ ਤਸਵੀਰਾਂ ਪਠਾਣਮਾਜਰਾ ਦੀ ਦੂਜੀ ਪਤਨੀ ਨੇ ਖੁਦ ਹੀ ਪਾਈਆਂ ਸਨ ਪਰ ਉਸ ਪਿੱਛੇ ਵੀ ਸਿਆਸੀ ਖੇਡ ਹੀ ਸੀ। ਕਾਫੀ ਸਮਾਂ ਪਹਿਲਾਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀਆਂ ਵੀਡੀਓ ਕਿਸੇ ਔਰਤ ਨਾਲ ਵਾਇਰਲ ਕਰ ਦਿੱਤੀਆਂ ਗਈਆਂ ਸਨ ਜਿਸ ਪਿੱਛੋਂ ਉਸਦਾ ਸਿਆਸੀ ਕੈਰੀਅਰ ਇੱਕ ਤਰ੍ਹਾਂ ਨਾਲ ਖਤਮ ਹੀ ਹੋ ਗਿਆ ਸੀ। ਕੀ ਇਸ ਤਰ੍ਹਾਂ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਝਾਕਣਾ ਸਹੀ ਹੈ?

ਡਾ. ਰਵਜੋਤ ਸਿੰਘ ਅਤੇ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਤਸਵੀਰਾਂ ਤਾਂ ਉਨ੍ਹਾਂ ਦੀਆਂ ਪਤਨੀਆਂ ਨਾਲ ਪਾਈਆਂ ਗਈਆਂ ਸਨ। ਅਗਰ ਕੋਈ ਵਿਅਕਤੀ ਆਪਣੀ ਪਤਨੀ ਨਾਲ ਅਜਿਹੀ ਹਾਲਤ ਵਿੱਚ ਹੁੰਦਾ ਜਿਹੋ ਜਿਹੀ ਵਿੱਚ ਤਸਵੀਰਾਂ ਪਾਈਆਂ ਗਈਆਂ ਉਸਨੂੰ ਤਾਂ ਸਮਾਜ ਵੀ ਮਾਨਤਾ ਦਿੰਦਾ ਹੈ ਮਤਲਬ ਕਿ ਉਸ ਵਿੱਚ ਕੁੱਝ ਵੀ ਗਲਤ ਨਹੀਂ ਹੈ। ਲੇਕਿਨ ਅਗਰ ਕੋਈ ਵਿਅਕਤੀ ਆਪਣੀ ਔਰਤ ਮਿੱਤਰ ਨਾਲ ਅਜਿਹੀ ਹਾਲਤ ਵਿੱਚ ਹੁੰਦਾ ਹੈ ਅਤੇ ਉਸ ਵਿੱਚ ਔਰਤ ਦੀ ਆਪਣੀ ਰਜ਼ਾਮੰਦੀ ਹੁੰਦੀ ਹੈ ਤਾਂ ਸਾਡੇ ਦੇਸ਼ ਦਾ ਕਾਨੂੰਨ ਉਸਨੂੰ ਵੀ ਗਲਤ ਨਹੀਂ ਮੰਨਦਾ। ਸਾਡੇ ਦੇਸ਼ ਦੀ ਸਿਆਸਤ ਬਹੁਤ ਨਿਚਲੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਲੋਕ ਇੱਕ ਦੂਜੇ ਦੇ ਚਰਿੱਤਰ ਉੱਪਰ ਉਂਗਲ ਚੁੱਕਣ ਲੱਗੇ ਜ਼ਰਾ ਨਹੀਂ ਸੋਚਦੇ ਭਾਵੇਂ ਉਨ੍ਹਾਂ ਉਂਗਲ ਚੁੱਕਣ ਵਾਲਿਆਂ ਦਾ ਆਪਣਾ ਚਰਿੱਤਰ ਉਸ ਤੋਂ ਵੀ ਮਾੜਾ ਹੋਵੇ ਜਿਸ ਉੱਪਰ ਉਹ ਉਂਗਲ ਚੁੱਕ ਰਹੇ ਹੁੰਦੇ ਨੇ।

ਬਿਕਰਮ ਸਿੰਘ ਮਜੀਠੀਆ ਨੇ ਡਾ. ਰਵਜੋਤ ਸਿੰਘ ਦੀਆਂ ਤਸਵੀਰਾਂ ਲੁਧਿਆਣਾ ਜ਼ਿਮਨੀ ਚੋਣ ਤੋਂ ਠੀਕ ਇੱਕ ਦਿਨ ਪਹਿਲਾਂ ਪੋਸਟ ਕੀਤੀਆਂ ਹਨ। ਇਸਦਾ ਸਿੱਧਾ ਸਿੱਧਾ ਭਾਵ ਇਹ ਹੈ ਕਿ ਚੋਣਾਂ ਜਿੱਤਣ ਲਈ ਜਾਂ ਦੂਜੇ ਨੂੰ ਹਰਾਉਣ ਲਈ ਸਾਡੇ ਸਿਆਸਤਦਾਨ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਭੁੱਲ ਜਾਂਦੇ ਹਨ। ਜਿਵੇਂ ਡਾ. ਰਵਜੋਤ ਸਿੰਘ ਨੇ ਕਿਹਾ ਹੈ ਕਿ ਇਹ ਤਸਵੀਰਾਂ AI ਦੁਆਰਾ genrated ਹਨ। ਮੈਂ ਆਪਣੇ ਇੱਕ ਪ੍ਰੋਗਰਾਮ ਵਿੱਚ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ AI ਅਤੇ Deep fake ਰਾਹੀਂ ਇਸ ਤਕਨੀਕ ਦੇ ਮਾਹਿਰ ਲੋਕ ਕਿਸੇ ਦੀ ਆਮ ਤਸਵੀਰ ਲੈ ਕੇ ਉਸਨੂੰ ਇਤਰਾਜ਼ਯੋਗ ਤਸਵੀਰਾਂ ਵਿੱਚ ਬਦਲ ਸਕਦਾ ਹੈ ਅਤੇ ਉਸਨੂੰ ਕੋਈ ਇਹ ਵੀ ਸਾਬਤ ਨਹੀਂ ਕਰ ਸਕਦਾ ਕਿ ਇਹ ਅਸਲ ਤਸਵੀਰਾਂ ਨਹੀਂ ਹਨ। ਬਿਕਰਮ ਮਜੀਠੀਆ ਨੇ ਇਹ ਤਸਵੀਰਾਂ AI ਨਾਲ ਬਣਵਾਈਆਂ ਹਨ ਜਾਂ ਅਸਲ ਹਨ, ਸਵਾਲ ਇਹ ਨਹੀਂ ਹੈ, ਸਵਾਲ ਤਾਂ ਇਹ ਹੈ ਕਿ ਸਾਡੇ ਸਿਆਸਤਦਾਨ ਕਿਸ ਹੱਦ ਤੱਕ ਜਾ ਕੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ?ਸਿਆਸਤਦਾਨ ਵੀਰੋ ਸਿਆਸਤ ਨੂੰ ਇੰਨਾ ਗੰਦਾ ਨਾ ਕਰੋ ਕਿ ਲੋਕ ਤੁਹਾਨੂੰ ਥੂ ਥੂ ਕਰਨ ਲੱਗ ਜਾਣ।

ਕੁਲਵੰਤ ਸਿੰਘ ਗੱਗੜਪੁਰੀ