punjab
ਮੋਦੀ ਸਰਕਾਰ ਕਰਕੇ ਸੰਕਟ ‘ਚ ਆਏ ਕਿਸਾਨਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ-ਬ੍ਰਹਮ ਮਹਿੰਦਰਾ

ਕੋਵਿਡ ਕਰਕੇ ਵਿਕਾਸ ਕੰਮਾਂ ‘ਚ ਪਿਆ ਖੱਪਾ ਪੰਜਾਬ ਸਰਕਾਰ ਨੇ ਪੂਰਿਆ ਬ੍ਰਹਮ ਮਹਿੰਦਰਾ
ਕੈਬਨਿਟ ਮੰਤਰੀ ਵਜੋਂ ਦੁਬਾਰਾ ਸਹੁੰ ਚੁਕਣ ਮਗਰੋਂ ਪਹਿਲੀ ਵਾਰ ਪਟਿਆਲਾ ਪੁੱਜੇ ਬ੍ਰਹਮ ਮਹਿੰਦਰਾ ਦਾ ਭਰਵਾਂ ਸਵਾਗਤ
ਚੰਡੀਗੜ੍ਹ, (ਬਲਜੀਤ ਮਰਵਾਹਾ) : ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ, ਸ਼ਿਕਾਇਤ ਨਿਵਾਰਨ ਵਿਭਾਗਾਂ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪਿਛਲੇ ਸਮੇਂ ‘ਚ ਕੋਵਿਡ ਕਰਕੇ ਵਿਕਾਸ ਕੰਮਾਂ ‘ਚ ਪਏ ਖੱਪੇ ਨੂੰ ਪੰਜਾਬ ਸਰਕਾਰ ਨੇ ਪੂਰ ਦਿੱਤਾ ਹੈ ਅਤੇ ਸਾਰੇ ਵਿਕਾਸ ਪੂਰੀ ਤੇਜੀ ਨਾਲ ਚੱਲਦੇ ਹੋਏ ਮਿੱਥੇ ਸਮੇਂ ‘ਤੇ ਹੀ ਪੂਰੇ ਹੋਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ, ਮੋਦੀ ਸਰਕਾਰ ਕਰਕੇ ਸੰਕਟ ‘ਚ ਆਏ ਕਿਸਾਨਾਂ ਦੇ ਨਾਲ ਖੜੀ ਹੈ।
ਸ੍ਰੀ ਬ੍ਰਹਮ ਮਹਿੰਦਰਾ, ਪੰਜਾਬ ਦੀ ਨਵੀਂ ਬਣੀ ਵਜ਼ਾਰਤ ‘ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਪਹਿਲੀ ਵਾਰ ਪਟਿਆਲਾ ਪੁੱਜੇ ਸਨ। ਇੱਥੇ ਸਰਕਟ ਹਾਊਸ ਵਿਖੇ ਪੁੱਜਣ ‘ਤੇ ਜਿੱਥੇ ਪਟਿਆਲਾ ਦਿਹਾਤੀ ਹਲਕੇ ਦੇ ਵਸਨੀਕਾਂ ਨੇ ਸ੍ਰੀ ਬ੍ਰਹਮ ਮਹਿੰਦਰਾ ਦਾ ਭਰਵਾਂ ਸਵਾਗਤ ਕੀਤਾ, ਉਥੇ ਹੀ ਪੰਜਾਬ ਪੁਲਿਸ ਦੀ ਟੁਕੜੀ ਵੀ ਨੇ ਉਨਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਐਸ.ਪੀ. ਡਾ. ਸੰਦੀਪ ਗਰਗ, ਐਸ.ਪੀ. ਸਿਟੀ ਵਰੁਣ ਸ਼ਰਮਾ, ਏ.ਡੀ.ਸੀ. (ਸ਼ਹਿਰੀ ਵਿਕਾਸ) ਸ੍ਰੀ ਗੌਤਮ ਜੈਨ, ਐਸ.ਡੀ.ਐਮ. ਸ. ਚਰਨਜੀਤ ਸਿੰਘ ਤੇ ਹੋਰ ਅਧਿਕਾਰੀਆਂ ਨੇ ਸ੍ਰੀ ਬ੍ਰਹਮ ਮਹਿੰਦਰਾ ਦਾ ਸਵਾਗਤ ਕੀਤਾ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਚੱਲ ਰਹੇ ਵਿਕਾਸ ਕਾਰਜਾਂ ‘ਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਯੂ.ਪੀ. ਦੇ ਲਖੀਮਪੁਰ ਖੀਰੀ ‘ਚ ਕਿਸਾਨਾਂ ਨਾਲ ਵਾਪਰੀ ਦਰਦਨਾਕ ਘਟਨਾ ਦੀ ਨਿਖੇਧੀ ਕਰਕੇ ਪੀੜਤਾਂ ਨਾਲ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ ਹੈ। ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਨਿਰਦੇਸ਼ਾਂ ਤਹਿਤ ਸ੍ਰੀ ਰਾਹੁਲ ਗਾਂਧੀ ਤੇ ਸ੍ਰੀਮਤੀ ਪਿ੍ਰਯੰਕਾ ਗਾਂਧੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਯੂ.ਪੀ. ਗਏ ਹਨ ਅਤੇ ਪੰਜਾਬ ਕਾਂਗਰਸ ਨੇ ਵੀ ਕਿਸਾਨਾਂ ਦੇ ਸੰਘਰਸ਼ ‘ਚ ਆਪਣਾ ਯੋਗਦਾਨ ਪਾਉਣ ਦਾ ਪ੍ਰੋਗਰਾਮ ਉਲੀਕਿਆ ਹੈ।
ਕੈਬਨਿਟ ਮੰਤਰੀ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨਾਂ ਨੂੰ ਪੰਜਾਬ ਵਿਧਾਨ ਸਭਾ ‘ਚ ਦੋ ਵਾਰ ਰੱਦ ਕੀਤਾ ਹੈ ਪਰੰਤੂ ਰਾਜਪਾਲ ਨੇ ਇਨਾਂ ਨੂੰ ਅੱਗੇ ਰਾਸ਼ਟਰਪਤੀ ਕੋਲ ਨਹੀਂ ਭੇਜਿਆ। ਇਸ ਤੋਂ ਬਿਨਾਂ ਪੰਜਾਬ ਸਰਕਾਰ ਨੇ ਕਿਸਾਨੀ ਸੰਘਰਸ਼ ‘ਚ ਮਿ੍ਰਤਕ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਅਤੇ ਵਿੱਤੀ ਮਦਦ ਦੇ ਕੇ ਕਿਸਾਨਾਂ ਦੀ ਬਾਂਹ ਫੜੀ ਹੈ। ਉਨਾਂ ਦੱਸਿਆ ਕਿ ਇਕੱਲੇ ਪਟਿਆਲਾ ਜ਼ਿਲੇ ਦੇ 14 ਕਿਸਾਨਾਂ ਦੇ ਵਾਰਸਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਜ਼ਾਰਤ ‘ਚ ਮੁੜ ਤੋਂ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤੇ ਜਾਣ ਲਈ ਸ੍ਰੀ ਬ੍ਰਹਮ ਮਹਿੰਦਰਾ ਨੇ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਹਫ਼ਤੇ ਦੇ ਆਖਰੀ ਦੋ ਦਿਨ ਆਪਣੇ ਹਲਕੇ ‘ਚ ਰਹਿਣਗੇ ਤਾਂ ਕਿ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਇਆ ਜਾ ਸਕੇ। ਉਨਾਂ ਦੱਸਿਆ ਕਿ ਜਿੰਨੇ ਵਿਕਾਸ ਕਾਰਜ ਪਟਿਆਲਾ ਦਿਹਾਤੀ ਹਲਕੇ ਦੇ 27 ਵਾਰਡਾਂ ਅਤੇ 60 ਪਿੰਡਾਂ ‘ਚ ਪਿਛਲੇ ਸਾਢੇ ਚਾਰ ਸਾਲਾਂ ‘ਚ ਹੋਏ ਹਨ, ਉਨੇ ਕੰਮ ਪਿਛਲੇ 35 ਸਾਲਾਂ ‘ਚ ਨਹੀਂ ਹੋਏ।
ਇਸ ਮੌਕੇ ਪੁੱਜੇ ਲੋਕਾਂ ਦਾ ਧੰਨਵਾਦ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨਾਂ ਸਿਰ ਪੰਜਾਬ ਸਰਕਾਰ ‘ਚ ਵੱਡੀ ਜਿੰਮੇਵਾਰੀ ਹੋਣ ਕਰਕੇ ਭਾਵੇਂ ਕੋਵਿਡ ਕਰਕੇ ਲੋਕਾਂ ਨਾਲ ਮੇਲਮਿਲਾਪ ‘ਚ ਕੁਝ ਰੁਕਾਵਟ ਆਈ ਸੀ ਪਰੰਤੂ ਉਹ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਤੇ ਉਨਾਂ ਦਾ ਪਰਿਵਾਰ ਸਦਾ ਹੀ ਪਟਿਆਲਾ ਦਿਹਾਤੀ ਹਲਕੇ ਦੇ ਵਸਨੀਕਾਂ ਦੇ ਹਰ ਦੁੱਖ-ਸੁੱਖ ‘ਚ ਉਨਾਂ ਦੇ ਨਾਲ ਖੜੇ ਹਨ। ਇਸ ਮੌਕੇ ਸ੍ਰੀ ਬ੍ਰਹਮ ਮਹਿੰਦਰਾ ਦੇ ਸੁਪਤਨੀ ਸ੍ਰੀਮਤੀ ਹਰਪ੍ਰੀਤ ਮਹਿੰਦਰਾ, ਸਪੁੱਤਰ ਤੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਅਤੇ ਐਡਵੋਕੇਟ ਬਖ਼ਸ਼ ਮਹਿੰਦਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਬਾਂਗਾ, ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਬਹਾਦਰ ਖ਼ਾਨ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਨਗਰ ਨਿਗਮ ਦੀਆਂ ਵਾਰਡਾਂ ਦੇ ਕੌਂਸਲਰ, ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ, ਪੰਚ-ਸਰਪੰਚਾਂ ਸਮੇਤ ਵੱਡੀ ਗਿਣਤੀ ਪਟਿਆਲਾ ਦਿਹਾਤੀ ਹਲਕੇ ਦੇ ਵਸਨੀਕਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।