Punjab
ਪੁੱਤ ਦੀ ਲਵ ਮੈਰਿਜ ਮਾਂ ਨੂੰ ਪਈ ਮਹਿੰਗੀ
6 ਅਪ੍ਰੈਲ 2024: ਪੰਜਾਬ ਦੇ ਤਰਨਤਾਰਨ ਤੋਂ ਇੱਕ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪੁੱਤ ਦੀ ਲਵ ਮੈਰਿਜ ਮਾਂ ਨੂੰ ਮਹਿੰਗੀ ਪਈ ਹੈ। ਜ਼ਿਲ੍ਹੇ ਦੇ ਅਧੀਨ ਪੈਂਦੇ ਕਸਬੇ ਦੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਪੁੱਤ ਦੀ ਮਾਂ ਨੂੰ ਬਿਨਾਂ ਕੱਪੜਿਆਂ ਦੇ ਗਲੀਆਂ ਦੇ ਵਿੱਚ ਦੌੜਾਇਆ ਜਾ ਰਿਹਾ ਹੈ । ਇਸ ਸਬੰਧੀ ਕਾਰਵਾਈ ਕਰਦੇ ਹੋਏ ਪੁਲਿਸ ਨੇ 3 ਵਿਅਕਤੀਆਂ ਦੇ ਨਾਮ ਦਰਜ ਕਰਕੇ ਕੁੱਲ 5 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਔਰਤ ਨੇ ਥਾਣਾ ਵਲਟੋਹਾ ਦੀ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਕੁੜੀ ਨਾਲ ਕੋਰਟ ਮੈਰਿਜ ਕਰਵਾਈ ਹੈ। ਇਸੇ ਰੰਜਿਸ਼ ਦੇ ਚੱਲਦਿਆਂ 31 ਮਾਰਚ ਨੂੰ ਸ਼ਾਮ 6 ਵਜੇ ਦੇ ਕਰੀਬ ਪੰਜ ਜਣੇ ਉਸ ਦੇ ਘਰ ਬਾਹਰ ਆਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਉਹ ਆਪਣੇ ਘਰ ਦੇ ਬਾਹਰ ਪਹੁੰਚੇ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਨਾਲ ਕੋਰਟ ਮੈਰਿਜ ਦੀ ਗੱਲ ਕੀਤੀ, ਉਨ੍ਹਾਂ ਦੇ ਗਲੇ ਵਿਚ ਹੱਥ ਪਾ ਕੇ ਕਮੀਜ਼ ਪਾੜ ਦਿੱਤੀ ਅਤੇ ਉਸ ਨੂੰ ਨਿਰਵਸਤਰ ਕਰ ਦਿੱਤਾ।
ਇਸ ਦੌਰਾਨ ਉਨ੍ਹਾਂ ਨੇ ਮਦਦ ਲਈ ਰੌਲਾ ਪਾਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਬਾਹਰ ਆ ਗਏ ਅਤੇ ਹੋਰ ਲੋਕ ਇਕੱਠੇ ਹੋ ਗਏ। ਇਸ ਦੌਰਾਨ ਉਕਤ ਦੋਸ਼ੀ ਨੇ ਉਨ੍ਹਾਂ ਦੀ ਨਿਰਵਸਤਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ‘ਚ ਪੁਲਿਸ ਦੇ ਬਿਆਨਾਂ ਅਨੁਸਾਰ ਉਕਤ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਉੱਥੇ ਹੀ ਤਰਨਤਾਰਨ ‘ਚ ਇਕ ਔਰਤ ਨਾਲ ਵਾਪਰੀ ਸ਼ਰਮਨਾਕ ਘਟਨਾ ਨੇ ਖਲਬਲੀ ਮਚਾ ਦਿੱਤੀ ਹੈ। ਦਰਅਸਲ ਤਰਨਤਾਰਨ ਦੇ ਇਕ ਪਿੰਡ ‘ਚ ਔਰਤ ਨਾਲ ਵਾਪਰੀ ਸ਼ਰਮਨਾਕ ਘਟਨਾ ‘ਤੇ ਮਹਿਲਾ ਕਮਿਸ਼ਨ ਨੇ ਰਿਪੋਰਟ ਮੰਗੀ ਹੈ।
ਪੰਜਾਬ ਮਹਿਲਾ ਕਮਿਸ਼ਨ ਨੇ ਤਰਨਤਾਰਨ ਵਿੱਚ ਵਾਪਰੀ ਸ਼ਰਮਨਾਕ ਘਟਨਾ ਦਾ ਨੋਟਿਸ ਲੈਂਦਿਆਂ ਪੁਲਿਸ ਵੱਲੋਂ ਉਕਤ ਘਟਨਾ ਸਬੰਧੀ ਕੀ ਕਾਰਵਾਈ ਕੀਤੀ ਹੈ, ਇਸ ਸਬੰਧੀ ਰਿਪੋਰਟ ਮੰਗੀ ਹੈ।
