Punjab
ਸੁਖਬੀਰ ਬਾਦਲ ਮੁੜ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫੀ ਮੰਗਣਗੇ ?
ਸੁਖਬੀਰ ਸਿੰਘ ਬਾਦਲ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫੀ ਮੰਗਣਗੇ? ਇਹ ਅੰਦਾਜ਼ੇ ਇਸ ਗੱਲ ਤੋਂ ਲਗਾਏ ਜਾ ਰਹੇ ਹਨ ਕਿ ਲੁਧਿਆਣਾ ਜ਼ਿਮਨੀ ਚੋਣ ਵਿੱਚ ਸੁਖਬੀਰ ਬਾਦਲ ਦੇ ਅਕਾਲੀ ਦਲ ਦੀ ਬਹੁਤ ਬੁਰੀ ਹਾਰ ਹੋਈ ਹੈ। ਬਾਦਲ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੂੰ ਕੇਵਲ 8203 ਵੋਟਾਂ ਮਿਲੀਆਂ ਹਨ ਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਇਸ ਹਲਕੇ ਵਿੱਚ ਪੌਣੇ ਦੋ ਲੱਖ ਤੋਂ ਵੱਧ ਵੋਟਾਂ ਹਨ ਤੇ 90, 000 ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਹੈ। ਜਿੱਤਣ ਵਾਲੇ ‘ਆਪ ‘ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 35179 ਵੋਟਾਂ ਪਈਆਂ ਹਨ, ਦੂਜੇ ਨੰਬਰ ਤੇ ਰਹਿਣ ਵਾਲੇ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 24542 ਵੋਟਾਂ ਪਈਆਂ ਜਦੋਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ 20323 ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਹੇ ਹਨ।
ਇਨ੍ਹਾਂ ਨਤੀਜਿਆਂ ਤੋਂ ਬਾਅਦ ਸਭ ਤੋਂ ਵੱਧ ਅਲੋਚਨਾ ਸੁਖਬੀਰ ਸਿੰਘ ਬਾਦਲ ਦੀ ਹੋ ਰਹੀ ਹੈ। ਅਕਾਲੀ ਦਲ ਛੱਡ ਕੇ ਹੁਣ ਨਵੀਂ ਪਾਰਟੀ ਬਣਾਉਣ ਵਿੱਚ ਲੱਗੇ ਅਕਾਲੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਰ ਦਾ ਵੱਡਾ ਕਾਰਨ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਆਦੇਸ਼ਾਂ ਦੀ ਉਲੰਘਣਾ ਕਰਨਾ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਬਰਾੜ, ਸੁਰਜੀਤ ਸਿੰਘ ਰੱਖੜਾ, ਜਸਟਿਸ ਨਿਰਮਲ ਸਿੰਘ ਅਤੇ ਕਈ ਹੋਰ ਬਾਗ਼ੀ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਸੁਖਬੀਰ ਬਾਦਲ ਨੂੰ ਅਤੇ ਉਨ੍ਹਾਂ ਦੇ ਬਾਦਲ ਦਲ ਨੂੰ ਨਕਾਰ ਚੁੱਕੀ ਹੈ ਅਤੇ ਬਾਦਲ ਦਲ ਨੇ ਜ਼ਮਾਨਤਾਂ ਜ਼ਬਤ ਕਰਵਾਉਣ ਦਾ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਵਿੱਚ ਸੁਖਬੀਰ ਬਾਦਲ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੇ ਲੋਕ ਉਸ ਸ਼ਖਸ ਨੂੰ ਮੂੰਹ ਨਹੀਂ ਲਗਾਉਂਦੇ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਵੇ।
ਇਹ ਗੱਲ ਬਿਲਕੁੱਲ ਸਹੀ ਹੈ ਕਿ ਅਕਾਲੀ ਦਲ ਨੂੰ ਲੋਕਾਂ ਨੇ ਉਸ ਸਮੇਂ ਤੋਂ ਹੀ ਨਕਾਰ ਦਿੱਤਾ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਬਰਗਾੜੀ ਗੋਲੀ ਕਾਂਡ ਵਾਪਰਿਆ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਇਨਸਾਫ ਮੰਗਦੇ ਲੋਕਾਂ ਨੂੰ ਪੁਲਿਸ ਨੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਫਾੜੇ ਗਏ ਤੇ ਗਲੀਆਂ ਵਿੱਚ ਰੁਲਦੇ ਰਹੇ। ਉਸ ਤੋਂ ਬਾਅਦ ਸਿਰਸੇ ਵਾਲੇ ਸਾਧ ਨੂੰ ਵੋਟਾਂ ਖਾਤਰ ਮੁਆਫੀ ਦਿੱਤੀ ਗਈ। ਇਨ੍ਹਾਂ ਸਭ ਘਟਨਾਵਾਂ ਤੋਂ ਬਾਅਦ ਪੰਜਾਬ ਦੀ ਜਨਤਾ ਨੇ ਅਕਾਲੀ ਦਲ ਨੂੰ ਮੂੰਹ ਨਹੀਂ ਲਗਾਇਆ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਵੱਡੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡ ਗਏ ਭਾਵੇਂ ਸਰਕਾਰ ਵਿੱਚ ਇਹ ਸਾਰੇ ਆਗੂ ਵੀ ਨਾਲ ਸਨ ਤੇ ਇਨ੍ਹਾਂ ਆਗੂਆਂ ਨੇ ਕੇਵਲ ਉਦੋਂ ਅਕਾਲੀ ਦਲ ਦੇ ਬੇੜੇ ਵਿੱਚੋਂ ਛਾਲਾਂ ਮਾਰੀਆਂ ਜਦੋਂ ਬੇੜਾ ਡੁੱਬ ਰਿਹਾ ਸੀ। ਸੁਖਬੀਰ ਸਿੰਘ ਬਾਦਲ ਨੂੰ ਪੰਜਾਬੀਆਂ ਨੇ ਵੱਖ ਵੱਖ ਸਮਿਆਂ ‘ਤੇ ਨਕਾਰਿਆ ਜਿਸ ਪਿੱਛੋਂ ਸੁਖਬੀਰ ਨੂੰ ਸਮਝ ਆ ਗਈ ਕਿ ਬਰਗਾੜੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸਿਰਸਾ ਸਾਧ ਨੂੰ ਮੁਆਫੀ ਵਰਗੇ ਗੁਨਾਹ ਉਨ੍ਹਾਂ ਦੇ ਅੱਗੇ ਆ ਰਹੇ ਹਨ ਤੇ ਪੰਜਾਬ ਦੇ ਲੋਕ ਇਨ੍ਹਾਂ ਗੁਨਾਹਾਂ ਕਰਕੇ ਉਨ੍ਹਾਂ ਨੂੰ ਨਕਾਰ ਰਹੇ ਹਨ। ਫਿਰ ਉਨ੍ਹਾਂ ਨੇ ਮੁਆਫ਼ੀ ਮੰਗਣ ਦੀ ਕੂਟਨੀਤੀ ਅਪਣਾਈ। ਕੂਟਨੀਤੀ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਜਦੋਂ ਉਨ੍ਹਾਂ ਨੇ 2 ਦਸੰਬਰ 2024 ਨੂੰ ਮੁਆਫ਼ੀ ਮੰਗੀ ਤਾਂ ਉਹ ਹੰਕਾਰ ਨੂੰ ਵੀ ਅਕਾਲ ਤਖ਼ਤ ਸਾਹਿਬ ਵਿਖੇ ਨਾਲ ਲੈ ਕੇ ਗਏ ਸਨ। ਉਨ੍ਹਾਂ ਨਾਲ ਤਾਂ ਉਹ ਗੱਲ ਹੋਈ, ਜਿਵੇਂ ਗੁਰਬਾਣੀ ਦਾ ਫੁਰਮਾਨ ਹੈ,
“ਮਃ ੧ ॥
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥”
ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ਨਾਲ ਉਨ੍ਹਾਂ ਦੇ ਗੁਨਾਹ ਮੁਆਫ ਨਹੀਂ ਹੋਏ ਕਿਉੰਕਿ ਉਹ ਮੁਆਫ਼ੀ ਮੰਗਣ ਤੋਂ ਬਾਅਦ ਵੀ ਹਉਮੈ ਗ੍ਰਸਤ ਹੋ ਕੇ ਹੋਰ ਵੱਡੇ ਗੁਨਾਹ ਕਰ ਗਏ। ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਪੂਰੀ ਕੀਤੀ ਪਰ ਉਹ ਵਿਅਰਥ ਗਈ ਕਿਉੰਕਿ ਉਨ੍ਹਾਂ ਨੇ ਦੋ ਦਸੰਬਰ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਾਮਜ਼ਦ ਭਰਤੀ ਕਮੇਟੀ ਨੂੰ ਦਰਕਿਨਾਰ ਕਰਕੇ ਆਪਣੇ ਪੱਧਰ ‘ਤੇ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੂੰ ਦੋਸ਼ੀ ਕਰਾਰ ਦੇਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਮਾਨਤ ਕਰਕੇ ਜ਼ਬਰੀ ਸੇਵਾ ਮੁਕਤ ਕੀਤਾ ਗਿਆ ਅਤੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਗਿਆ। ਮੁਆਫੀ ਮੰਗਣ ਨਾਲ ਪਿਛਲੇ ਪਾਪ ਤਾਂ ਧੋਤੇ ਨਹੀਂ ਗਏ ਸਗੋਂ ਸੁਖਬੀਰ ਬਾਦਲ ਨਵੇਂ ਗੁਨਾਹ ਕਰ ਆਏ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋ ਗਏ। ਹੁਣ ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇਹ ਗੱਲ ਚੰਗੀ ਤਰ੍ਹਾਂ ਸਮਝ ਗਏ ਹੋਣਗੇ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਏ ਲੋਕਾਂ ਨੂੰ ਪੰਜਾਬ ਦੇ ਲੋਕ ਸਵੀਕਾਰ ਨਹੀਂ ਕਰਦੇ। ਕੀ ਸੁਖਬੀਰ ਹੁਣ ਪੁਰਾਣੇ ਤੇ ਨਵੇਂ ਗੁਨਾਹਾਂ ਦੀ ਮੁਆਫ਼ੀ ਮੰਗਣ ਲਈ ਸੱਚੇ ਮਨ ਨਾਲ ਮੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ? ਕੀ ਆਪਣੀਆਂ ਗਲਤੀਆਂ ਨੂੰ ਦਰੁੱਸਤ ਕਰਦੇ ਹੋਏ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਤੋਂ ਹਟਾ ਕੇ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਬਣਾਉਣਗੇ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨ ਸਹਿਤ ਬਹਾਲ ਕਰਨਗੇ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗਣਗੇ? ਅਗਰ ਸੁਖਬੀਰ ਬਾਦਲ ਸਾਫ ਮਨ ਨਾਲ ਅਜਿਹਾ ਕਰਦੇ ਹਨ ਤੇ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਂਦੇ ਹਨ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਨੂੰ ਮੁਆਫ਼ ਕਰ ਦੇਣ।
ਕੁਲਵੰਤ ਸਿੰਘ ਗੱਗੜਪੁਰੀ

