Uncategorized
..ਮੈਂ ਐਸੇ ਰੱਬ ਨੂੰ ਨਹੀਂ ਮੰਨਦਾ !
ਜੇਕਰ ਸਭ ਕੁੱਝ ਰੱਬ ਦੀ ਮਰਜ਼ੀ ਨਾਲ ਹੋ ਰਿਹਾ ਹੈ ਤਾਂ ਫ਼ਿਰ ਮੈਂ ਐਸੇ ਰੱਬ ਨੂੰ ਨਹੀਂ ਮੰਨਦਾ।ਕੀ ਇਨਸਾਨ ਦਾ ਦੁੱਖ, ਅਨਿਆਂ, ਜੁਲਮ, ਗ਼ਰੀਬੀ, ਅਤੇ ਬੇਇਨਸਾਫ਼ੀ ਵੀ ਰੱਬ ਦੀ “ਮਰਜ਼ੀ” ਹੈ? ਜੇ ਇਹ ਸੱਚ ਹੈ ਤਾਂ ਰੱਬ ਕੋਈ ਜ਼ਾਲਮ ਸ਼ਕਤੀ ਹੈ। ਬੀਤੇ ਦਿਨੀਂ ਇੱਕ ਖਬਰ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ, ਜਦੋਂ ਮੈਂ ਸੁਣਿਆ ਕਿ ਇੱਕ ਘਟੀਆ ਪਿਓ ਨੇ ਆਪਣੀ ਹੀ 12 ਸਾਲਾ ਬੱਚੀ ਨਾਲ ਬਲਾਤਕਾਰ ਕੀਤਾ। ਕੀ ਇਹ ਵੀ ਰੱਬ ਦੀ ਰਜ਼ਾ ਵਿੱਚ ਹੋਇਆ ਹੈ? ਕੁੱਝ ਲੋਕਾਂ ਦੀ ਰਾਇ ਹੁੰਦੀ ਹੈ ਕਿ ਇਹ ਸਭ ਮਨੁੱਖ ਦੇ ਬੁਰੇ ਕਰਮਾਂ ਕਾਰਨ ਵਾਪਰਦਾ ਹੈ। ਜੇਕਰ ਇਸ ਗੱਲ ਨੂੰ ਸੱਚ ਮੰਨ ਲਈਏ ਤਾਂ ਬਲਾਤਕਾਰੀ ਬਾਪ ਨੇ ਮਾੜੇ ਕਰਮ ਕੀਤੇ ਹੋਣਗੇ ਪਰ 12 ਸਾਲ ਦੀ ਬੱਚੀ ਨੇ ਕਿਹੜੇ ਕਰਮ ਕੀਤੇ ਸਨ? ਦੁਨੀਆਂ ਵਿੱਚ ਹਰ ਰੋਜ਼ ਬੇਗੁਨਾਹ ਲੋਕ ਮਾਰੇ ਜਾਂਦੇ ਹਨ, ਬੱਚੇ ਭੁੱਖ ਨਾਲ ਤੜਪਦੇ ਹਨ, ਜੰਗਾਂ ਵਿੱਚ ਘਰ ਤਬਾਹ ਹੋ ਜਾਂਦੇ ਹਨ ਤੇ ਲੋਕਧਰਮਾਂ ਦੇ ਨਾਮ ‘ਤੇ ਨਫ਼ਰਤ ਫੈਲਾਉਂਦੇ ਹਨ। ਜੇ ਇਹ ਸਭ ਕੁਝ ਰੱਬ ਦੀ ਰਜ਼ਾ ਨਾਲ ਹੋ ਰਿਹਾ ਹੈ, ਤਾਂ ਇਹ ਰੱਬ ਕਿਹੋ ਜਿਹਾ ਹੈ?
ਇਹ ਸੋਚਣ ਲਈ ਮਜ਼ਬੂਰ ਕਰਦੇ ਹਨ। ਬਹੁਤੇ ਲੋਕ ਇਹ ਮੰਨਦੇ ਹਨ ਕਿ ਰੱਬ ਨੇ ਇਨਸਾਨ ਨੂੰ ਅਜ਼ਾਦ ਸੋਚ ਨਾਲ ਸੰਸਾਰ ਵਿੱਚ ਭੇਜਿਆ ਹੈ, ਜਿਸ ਕਰਕੇ ਇਨਸਾਨ ਆਪਣੇ ਕਰਮਾਂ ਲਈ ਖੁਦ ਜ਼ਿੰਮੇਵਾਰ ਹੈ। ਪਰ ਫਿਰ ਵੀ, ਜਦੋਂ ਕੁਝ ਅਜਿਹੇ ਘਟਨਾਕ੍ਰਮ ਵਾਪਰਦੇ ਹਨ ਜੋ ਇਨਸਾਨੀ ਕਾਬੂ ਤੋਂ ਬਾਹਰ ਹੁੰਦੇ ਹਨ — ਜਿਵੇਂ ਭੂਚਾਲ, ਬਿਮਾਰੀਆਂ, ਜਾਂ ਅਚਾਨਕ ਮੌਤ — ਤਾਂ ਇਹ ਕਹਿਣਾ ਔਖਾ ਹੋ ਜਾਂਦਾ ਹੈ ਕਿ ਇਹ “ਸਿਰਫ਼ ਕਰਮਾਂ ਦੀ ਮਾਰ” ਹੈ।
ਧਰਮ ਅਤੇ ਚੁੱਪ ਰਹਿਣ ਵਾਲਾ ਰੱਬ:- ਜੇਕਰ ਧਰਮ ਜਾਂ ਧਰਮਾਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਧਰਮ ਦੇ ਨਾਂਅ ‘ਤੇ ਸ਼ਰ੍ਹੇਆਮ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਧਰਮਾਂ ਦੇ ਨਾਂਅ ‘ਤੇ ਸਿਆਸਤਦਾਨ ਲੋਕਾਂ ਨੂੰ ਲੜਾ ਰਹੇ ਨੇ ਮਸੂਮ ਲੋਕਾਂ ਦੇ ਕਤਲ ਕਰਵਾ ਰਹੇ ਹਨ। ਧਾਰਮਿਕ ਚੋਲੇ ਪਾ ਕੇ ਡੇਰੇ ਬਣਾਈ ਬੈਠੇ ਸਾਧਾਂ ਵੱਲੋਂ ਬਲਾਤਕਾਰ ਕੀਤੇ ਜਾ ਰਹੇ ਨੇ।ਕਈ ਲੋਕ ਕਹਿੰਦੇ ਹਨ ਕਿ ਧਰਮ ਸਾਨੂੰ ਇੱਕ ਅਜਿਹੀ ਸੋਚ ਦਿੰਦਾ ਹੈ ਜੋ ਦੁੱਖ ਨੂੰ “ਰੱਬ ਦੀ ਰਜ਼ਾ” ਬਣਾ ਕੇ ਸਹਿਣ ਯੋਗ ਬਣਾ ਦੇਂਦੀ ਹੈ। ਇਹ ਸੋਚ ਕਈ ਵਾਰੀ ਆਤਮਿਕ ਸ਼ਾਂਤੀ ਦਿੰਦੀ ਹੈ, ਪਰ ਕਈ ਵਾਰੀ ਇਹ ਆਦਮੀ ਨੂੰ ਅਸਲੀ ਹਾਲਾਤ ਨਾਲ ਲੜਨ ਤੋਂ ਵੀ ਰੋਕਦੀ ਹੈ। ਜਦੋਂ ਲੋਕ ਹੱਕ ਦੀ ਆਵਾਜ਼ ਉਠਾਉਣ ਦੀ ਥਾਂ ਇਹ ਕਹਿ ਦਿੰਦੇ ਹਨ ਕਿ “ਰੱਬ ਦੀ ਰਜ਼ਾ ਐ,” ਤਾਂ ਅਸੀਂ ਧਰਮਾਂ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਕਿੰਤੂ ਪ੍ਰੰਤੂ ਨਹੀਂ ਕਰਦੇ। ਜੇ ਰੱਬ ਸਭ ਕੁਝ ਕਰ ਰਿਹਾ ਹੈ, ਤਾਂ ਇਨਸਾਨ ਦੀ ਜ਼ਿੰਮੇਵਾਰੀ ਕਿੱਥੇ ਗਈ? ਕੀ ਅਸੀਂ ਆਪਣੇ ਕਰਮਾਂ ਲਈ ਜ਼ਿੰਮੇਵਾਰ ਨਹੀਂ? “ਰੱਬ ਦੀ ਰਜ਼ਾ” ਨੂੰ ਹਰ ਮਸਲੇ ਦਾ ਹੱਲ ਮੰਨਣਾ ਇੱਕ ਆਸਾਨ ਰਾਹ ਹੋ ਸਕਦਾ ਹੈ, ਪਰ ਇਹ ਸੋਚ ਇਨਸਾਨੀ ਜ਼ਿੰਮੇਵਾਰੀ ਨੂੰ ਖਤਰੇ ਵਿੱਚ ਪਾ ਦਿੰਦੀ ਹੈ। ਅਸਲ ਗੱਲ ਇਹ ਹੈ ਕਿ ਅਸੀਂ ਆਪਣੀ ਸੋਚ, ਆਪਣੇ ਫੈਸਲਿਆਂ, ਤੇ ਆਪਣੇ ਕੰਮਾਂ ਲਈ ਖੁਦ ਜ਼ਿੰਮੇਵਾਰ ਹਾਂ।
ਆਖ਼ਿਰਕਾਰ, ਇਹ ਲਾਈਨ — “ਜੇਕਰ ਸਭ ਕੁੱਝ ਰੱਬ ਦੀ ਰਜ਼ਾ ਵਿੱਚ ਹੋ ਰਿਹਾ ਹੈ ਤਾਂ ਮੈਂ ਐਸੇ ਰੱਬ ਨੂੰ ਨਹੀਂ ਮੰਨਦਾ” — ਇੱਕ ਇਨਕਾਰੀ ਬਿਆਨ ਨਹੀਂ, ਸਗੋਂ ਇੱਕ ਚੁਣੌਤੀ ਹੈ: ਰੱਬ ਦੀ ਪਰਿਭਾਸ਼ਾ ਨੂੰ ਦੁਬਾਰਾ ਸੋਚਣ ਦੀ, ਤੇ ਦੁੱਖ ਨੂੰ ਸਿਰਫ਼ ਕਿਸੇ ਅਦ੍ਰਿਸ਼ ਸ਼ਕਤੀ ਦੀ ਮਰਜ਼ੀ ਨਹੀਂ, ਸਗੋਂ ਅਸੀਂ ਸਭ ਇੱਕ-ਦੂਜੇ ਲਈ ਕੀ ਕਰ ਸਕਦੇ ਹਾਂ — ਇਹ ਜਾਣਨ ਦੀ।
ਕੁਲਵੰਤ ਸਿੰਘ ਗੱਗੜਪੁਰੀ
