Uncategorized
ਸਰਕਾਰਾਂ ਦੀ ਲਾਪ੍ਰਵਾਹੀ ਅਤੇ ਅਖੌਤੀ ਗਊ ਭਗਤ :ਜਵੰਦਾ ਦਾ ਹਾਦਸਾ ਇੱਕ ਚੇਤਾਵਨੀ
ਅੱਜ ਅਸੀਂ ਗੱਲ ਕਰਾਂਗੇ ਇੱਕ ਸੰਵੇਦਨਸ਼ੀਲ ਪਰ ਬਹੁਤ ਹੀ ਅਹਿਮ ਮੁੱਦੇ ਬਾਰੇ — ਆਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸੇ। ਹਾਲ ਹੀ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਦਸਾ ਇਸ ਮਾਮਲੇ ਵਿੱਚ ਇੱਕ ਵੱਡੀ ਚੇਤਾਵਨੀ ਹੈ। ਇੱਕ ਚਸ਼ਮਦੀਦ ਮੁਤਾਬਕ ਰਾਜਵੀਰ ਜਵੰਦਾ ਜਦੋਂ ਨਾਲਾਗੜ੍ਹ ਰੋਡ ਉੱਪਰ ਆਪਣੀ ਮੋਟਸਾਈਕਲ ‘ਤੇ ਜਾ ਰਿਹਾ ਸੀ ਤਾਂ ਸਾਹਮਣੇ ਦੋ ਸਾਂਡ ਲੜ ਰਹੇ ਸਨ ਤਾਂ ਸਾਂਡ ਜਵੰਦਾ ਦੇ ਅੱਗੇ ਜਾ ਰਹੀ ਬਲੈਰੋ ਗੱਡੀ ਦੇ ਅੱਗੇ ਆ ਗਏ ਜਦੋਂ ਬਲੈਰੋ ਗੱਡੀ ਦੇ ਡਰਾਈਵਰ ਨੇ ਇੱਕਦਮ ਅਚਾਨਕ ਬਰੇਕ ਲਗਾਈ ਤਾਂ ਜਵੰਦਾ ਦਾ ਮੋਟਸਾਈਕਲ ਬਲੈਰੋ ਗੱਡੀ ਨਾਲ ਟਕਰਾ ਗਿਆ। ਜਿਸ ਕਾਰਨ ਜਵੰਦਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।ਇਹ ਹਾਦਸਾ ਬਹੁਤ ਗੰਭੀਰ ਸੀ ਅਤੇ ਰਾਜਵੀਰ ਜਵੰਦਾ ਨੂੰ ਸਿਰ ਅਤੇ ਰੀੜ੍ਹ ਦੀ ਹੱਡੀ ‘ਚ ਚੋਟਾਂ ਆਈਆਂ ਹਨ। ਉਹ ਫਿਲਹਾਲ ਵੇਂਟੀਲੇਟਰ ਸਹਾਇਤਾ ‘ਤੇ ਹਨ। ਇਸ ਹਾਦਸੇ ਨੇ ਸਾਡੇ ਸਾਹਮਣੇ ਸਵਾਲ ਖੜਾ ਕਰ ਦਿੱਤਾ ਹੈ — ਆਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸਿਆਂ ਲਈ ਜ਼ਿੰਮੇਵਾਰ ਕੌਣ ਹੈ?
ਸੜਕਾਂ ‘ਤੇ ਘੁੰਮਦੇ ਪਸ਼ੂਆਂ ਨਾਲ ਟਕਰਾਅ ਕੇ ਹੋਣ ਵਾਲੇ ਹਾਦਸੇ ਇੱਕ ਆਮ ਪਰ ਬਹੁਤ ਖ਼ਤਰਨਾਕ ਸਮੱਸਿਆ ਹੈ। ਹਮੇਸ਼ਾਂ ਇਹ ਨਹੀਂ ਹੁੰਦਾ ਕਿ ਸਿਰਫ਼ ਡਰਾਈਵਰ ਦੀ ਲਾਪਰਵਾਹੀ ਹੋਵੇ। ਅਕਸਰ ਸੜਕਾਂ ਉੱਤੇ ਨਾਈਟ ਲਾਈਟਿੰਗ ਦੀ ਘਾਟ, ਰੋਡ-ਸੁਰੱਖਿਆ ਦੇ ਬੋਰਡਾਂ ਦੀ ਕਮੀ, ਫੈਂਸਿੰਗ ਨਾ ਹੋਣਾ ਅਤੇ ਪਸ਼ੂਆਂ ਦਾ ਸੜਕਾਂ ਉੱਪਰ ਅਵਾਰਾ ਘੁੰਮਣਾ ਅਤੇ ਇਸ ਕਾਰਨ ਵਾਪਰਨ ਵਾਲੀ ਅਣਹੋਣੀ ਸਰਕਾਰਾਂ ਦੀ ਲਾਪਰਵਾਹੀ ਦਾ ਨਤੀਜਾ ਹੁੰਦਾ ਹੈ। ਜਿਵੇਂ ਕਿ ਰਾਜਵੀਰ ਜਵੰਦਾ ਦੇ ਹਾਦਸੇ ਨੇ ਸਾਫ਼ ਦਿਖਾਇਆ, ਆਵਾਰਾ ਪਸ਼ੂਆਂ ਨਾਲ ਹੋਣ ਵਾਲੇ ਹਾਦਸੇ ਕਿੰਨੇ ਖ਼ਤਰਨਾਕ ਹੁੰਦੇ ਹਨ। ਸਰਕਾਰਾਂ ਵੱਲੋਂ ਕਈ ਵਸਤੂਆਂ ਉੱਪਰ Cow cess ਲਗਾਇਆ ਜਾਂਦਾ ਹੈ ਭਾਵ ਗਊ ਦੇ ਨਾਮ ‘ਤੇ ਸਰਕਾਰਾਂ ਕਈ ਵਸਤੂਆਂ ਉੱਪਰ ਟੈਕਸ ਲਗਾਉਂਦੀਆਂ ਹਨ ਲੇਕਿਨ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਪੈਸਾ ਜਾਂਦਾ ਕਿੱਥੇ ਹੈ ਜਦੋਂ ਗਊਆਂ ਅਤੇ ਬਲਦ ਅਵਾਰਾ ਸੜਕਾਂ ਤੇ ਘੁੰਮਦੇ ਰਹਿੰਦੇ ਹਨ। ਇਸ ਤੋਂ ਇਲਾਵਾ, ਸਮਾਜ ਸੇਵਕ ਜੋ ਗਊ ਸ਼ਾਲਾਵਾਂ ਅਤੇ ਪਸ਼ੂ ਸੰਭਾਲ ਦੇ ਨਾਮ ‘ਤੇ ਪੈਸੇ ਇਕੱਠੇ ਕਰਦੇ ਹਨ ਨੂੰ ਵੀ ਇਸ ਲਈ ਜ਼ਿੰਮੇਵਾਰ ਹਨ । ਗਊਵੰਸ ਦੀ ਰੱਖਿਆ ਦੇ ਨਾਮ ‘ਤੇ ਇਹ ਲੋਕ ਅਵਾਰਾ ਪਸ਼ੂਆਂ ਨੂੰ ਫੜ ਕੇ ਲਿਜਾਣ ਵਾਲੇ ਲੋਕਾਂ ਉੱਪਰ ਤਸ਼ੱਦਦ ਕਰਦੇ ਹਨ ਪਰ ਆਵਾਰਾ ਘੁੰਮਦੀਆਂ ਗਾਵਾਂ ਜਾਂ ਬਲਦਾਂ ਦੀ ਖੁਦ ਵੀ ਦੇਖਰੇਖ ਨਹੀਂ ਕਰਦੇ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਡੇ ਦੇਸ਼ ਦਾ ਵੱਡਾ ਹਿੱਸਾ ਗਾਂ ਨੂੰ ਗਊ ਮਾਤਾ ਦਾ ਦਰਜ਼ਾ ਦਿੰਦਾ ਹੈ ਤੇ ਗਊਆਂ ਅਤੇ ਗਊਵੰਸ਼ ਨੂੰ ਸਲਾਟਰ ਹਾਊਸਾਂ ਵਿੱਚ ਮਾਰ ਕੇ ਇਨ੍ਹਾਂ ਦਾ ਮੀਟ ਵੇਚਣ ਦਾ ਵਿਰੋਧ ਕਰਦਾ ਹੈ। ਅਸੀਂ ਇਸ ਆਸਥਾ ਦੀ ਕਦਰ ਕਰਦੇ ਹਾਂ ਪਰ ਇਨ੍ਹਾਂ ਗਊ ਭਗਤਾਂ ਅਤੇ ਅਖੌਤੀ ਸਮਾਜ ਸੇਵਕਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਆਵਾਰਾ ਘੁੰਮਦੇ ਪਸ਼ੂਆਂ ਦੀ ਸਾਂਭ ਸੰਭਾਲ ਵੀ ਕਰਨ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਅਖੌਤੀ ਸਮਾਜ ਸੇਵਕਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਕਿ ਹਾਦਸੇ ਵਧਦੇ ਜਾ ਰਹੇ ਹਨ।
ਡਰਾਈਵਰਾਂ ਨੂੰ ਸਾਵਧਾਨ ਰਹਿਣਾ ਅਤੇ ਰਫ਼ਤਾਰ ਘਟਾਉਣੀ ਚਾਹੀਦੀ ਹੈ, ਪਰ ਜਦੋਂ ਇੰਫਰਾਸਟਰੱਕਚਰ ਕਮਜ਼ੋਰ ਹੋਵੇ, ਸੜਕਾਂ ਤੇ ਚੇਤਾਵਨੀ ਬੋਰਡ ਨਾ ਹੋਣ ਅਤੇ ਆਵਾਰਾ ਪਸ਼ੂਆਂ ਦੀ ਭਰਮਾਰ ਹੋਵੇ, ਤਾਂ ਸਿਰਫ਼ ਡਰਾਈਵਰ ਨੂੰ ਦੋਸ਼ ਦੇਣਾ ਸਹੀ ਨਹੀਂ। ਸਾਡੇ ਸਿਸਟਮ ਦੀ ਨਾਕਾਮੀ ਨੂੰ ਵੀ ਸਾਹਮਣੇ ਲਿਆਉਣਾ ਲਾਜ਼ਮੀ ਹੈ।
ਇਸ ਹਾਦਸੇ ਤੋਂ ਸਿੱਖਣ ਵਾਲਾ ਮੁੱਖ ਪਾਠ ਇਹ ਹੈ ਕਿ ਸਰਕਾਰ ਨੂੰ ਰੋਡ ਸੁਰੱਖਿਆ ਅਤੇ ਪਸ਼ੂ-ਨਿਯੰਤਰਣ ਲਈ ਪੱਕੇ ਕਦਮ ਉਠਾਉਣੇ ਪੈਣਗੇ। ਗਊ ਸ਼ਾਲਾਵਾਂ ਅਤੇ ਪਸ਼ੂ-ਸੇਵਕਾਂ ਨੂੰ ਪਸ਼ੂਆਂ ਦੇ ਨਾਮ ‘ਤੇ ਇਕੱਠੇ ਕੀਤੇ ਪੈਸੇ ਦਾ ਪ੍ਰਭਾਵਸ਼ਾਲੀ ਪ੍ਰਯੋਗ ਕਰਨਾ ਚਾਹੀਦਾ ਹੈ। ਸੜਕਾਂ ਦੇ ਨੇੜੇ ਫੈਂਸਿੰਗ, ਰੋਡ-ਗਾਈਡਲਾਈਟ, ਸਕਿਡ-ਮਾਰਕ ਮਾਪਣ ਅਤੇ ਪਸ਼ੂ-ਸੇਫਟੀ ਟੀਮਾਂ ਬਣਾਉਣੀਆਂ ਸਮੇਂ ਦੀ ਲੋੜ ਹੈ। ਡਰਾਈਵਰਾਂ ਨੂੰ ਜਾਗਰੂਕ ਕਰਨਾ, ਸਪੀਡ ਕੰਟਰੋਲ ਜ਼ੋਨ ਬਨਾਉਣ ਨਾਲ ਹੀ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।
ਰਾਜਵੀਰ ਜਵੰਦਾ ਦਾ ਹਾਦਸਾ ਸਿਰਫ ਇੱਕ ਵਿਅਕਤੀਗਤ ਦੁੱਖ ਹੀ ਨਹੀਂ ਬਲਕਿ ਸਿਸਟਮ ਲਈ ਚੇਤਾਵਨੀ ਵੀ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜ਼ਿੰਮੇਵਾਰੀ ਸਿਰਫ਼ ਕਾਗਜ਼ਾਂ ਜਾਂ ਦਾਨ, ਰੈਲੀਆਂ ਨਾਲ ਪੂਰੀ ਨਹੀਂ ਹੁੰਦੀ। ਹਰੇਕ ਹਾਦਸਾ ਇੱਕ ਨਵਾਂ ਸਬਕ ਹੈ ਜੋ ਸਿੱਖਣਾ ਸਾਡੀ ਜ਼ਿੰਮੇਵਾਰੀ ਹੈ। ਜੇ ਹੁਣ ਵੀ ਉਚਿਤ ਕਦਮ ਨਾ ਚੁੱਕੇ ਗਏ ਤਾਂ ਅਗਲਾ ਨੁਕਸਾਨ ਕਿਸੇ ਹੋਰ ਦਾ ਵੀ ਹੋ ਸਕਦਾ ਹੈ ।
ਸੋ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਵਾਰਾ ਪਸ਼ੂਆਂ ਦਾ ਮੁੱਦਾ ਸਿਰਫ਼ ਡਰਾਈਵਰਾਂ ਦਾ ਨਹੀਂ, ਸਿਰਫ਼ ਸਰਕਾਰ ਦੀ ਲਾਪਰਵਾਹੀ ਨਹੀਂ, ਬਲਕਿ ਸਮਾਜ ਦੇ ਹਰ ਹਿੱਸੇ ਦੀ ਜ਼ਿੰਮੇਵਾਰੀ ਹੈ। ਜੇਕਰ ਹਰ ਪੱਖ ਤੋਂ ਸਿਸਟੇਮੈਟਿਕ ਤੌਰ ‘ਤੇ ਚੰਗੇ ਕਦਮ ਨਹੀਂ ਉਠਾਏ ਗਏ ਤਾਂ ਰਾਜਵੀਰ ਜਵੰਦਾ ਵਰਗੇ ਹਾਦਸੇ ਦੁਹਰਾਏ ਜਾਣਗੇ। ਇਸ ਲਈ ਸਰਕਾਰਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ ਹੈ।

ਕੁਲਵੰਤ ਸਿੰਘ ਗੱਗੜਪੁਰੀ
