punjab
ਟੋਕਿਉ ਉਲੰਪਿਕ ਕੁਆਲੀਫ਼ਾਇਰ ਕਮਲਪ੍ਰੀਤ ਕੌਰ ਨੂੰ ਰਾਣਾ ਗੁਰਮੀਤ ਸਿੰਘ ਸੋਢੀ ਨੇ 10 ਰੁਪਏ ਦਾ ਚੈੱਕ ਸੌਂਪਿਆ
ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਹਨ ਉਨ੍ਹਾਂ ਨੇ ਅੱਜ ਟੋਕੀਉ ਓਲੰਪਿਕ-2021 ਲਈ ਕੁਆਲੀਫ਼ਾਈ ਕਰ ਚੁੱਕੀ ਕਮਲਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਪਟਿਆਲਾ ਵਿਖੇ ਫ਼ੈਡਰੇਸ਼ਨ ਕੱਪ ਦੌਰਾਨ 65.06 ਮੀਟਰ ਥਰੋਅ ਸੁੱਟ ਕੇ ਨੌਂ ਸਾਲਾ ਕੌਮੀ ਰਿਕਾਰਡ ਤੋੜਨ ਵਾਲੀ ਪਹਿਲੀ ਭਾਰਤੀ ਡਿਸਕਸ ਥਰੋਅਰ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ।
ਆਪਣੀ ਸਰਕਾਰੀ ਰਿਹਾਇਸ਼ ਵਿਖੇ ਰਾਣਾ ਸੋਢੀ ਨੇ ਕਮਲਪ੍ਰੀਤ ਕੌਰ ਅਤੇ ਉਸ ਦੀ ਕੋਚ ਰਾਖੀ ਤਿਆਗੀ ਨਾਲ ਮੁਲਾਕਾਤ ਦੌਰਾਨ ਜਿਥੇ ਡਿਸਕਸ ਥਰੋਅਰ ਨੂੰ ਉਲੰਪਿਕਸ ਲਈ ਨਿਰਧਾਰਤ 63.50 ਮੀਟਰ ਹੱਦ ਬੜੇ ਆਸਾਨੀ ਨਾਲ ਪਾਰ ਕਰਨ ‘ਤੇ ਮੁਬਾਰਕਬਾਦ ਦਿੱਤੀ, ਉਥੇ ਕਮਲਪ੍ਰੀਤ ਦੇ ਭਵਿੱਖੀ ਟੀਚਿਆਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਕਮਲਪ੍ਰੀਤ ਨੂੰ ਪੰਜਾਬ ਦੀ ਸ਼ਾਨਾਂਮੱਤੀ ਧੀ ਦੱਸਦਿਆਂ ਖੇਡ ਮੰਤਰੀ ਨੇ ਕਿਹਾ ਕਿ ਡਿਸਕਸ ਥਰੋਅ ਖੇਡ ਵਿੱਚ ਕਰੀਬ ਦਹਾਕਾ ਪੁਰਾਣਾ ਰਿਕਾਰਡ ਤੋੜ ਕੇ ਦੇਸ਼ ਵਿੱਚੋਂ ਪਹਿਲੀ ਥਾਂ ਹਾਸਲ ਕਰਨਾ ਅਤੇ 65.06 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਮਹਿਲਾ ਡਿਸਕਸ ਥਰੋਅ ਵਿੱਚ ਟੋਕਿਉ ਓਲੰਪਿਕ ਲਈ ਕੁਆਲੀਫ਼ਾਈ ਕਰਨਾ ਸੂਬੇ ਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਲਈ ਕਮਲਪ੍ਰੀਤ ਕੌਰ ਦੇ ਨਾਲ-ਨਾਲ ਉਸ ਦੀ ਕੋਚ ਵੀ ਵਧਾਈ ਦੀ ਪਾਤਰ ਹੈ।
ਖ਼ੁਦ ਖਿਡਾਰੀ ਹੋਣ ਦੇ ਨਾਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਖਿਡਾਰੀਆਂ ਪ੍ਰਤੀ ਸੁਹਿਰਦ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ 2017 ਵਿੱਚ ਸਰਕਾਰ ਵਿੱਚ ਆਉਂਦਿਆਂ ਹੀ ਖਿਡਾਰੀਆਂ-ਪੱਖੀ ਨਵੀਂ ਖੇਡ ਨੀਤੀ ਹੋਂਦ ਵਿੱਚ ਲਿਆਂਦੀ, ਜੋ ਸ਼ਾਨਦਾਰ ਮੱਲਾਂ ਮਾਰਨ ਵਾਲੇ ਖਿਡਾਰੀਆਂ ਲਈ ਵਧੇ ਹੋਏ ਨਗਦ ਇਨਾਮਾਂ ਸਣੇ ਸਰਕਾਰੀ ਨੌਕਰੀਆਂ ਦੇ ਰਾਹ ਖੋਲ੍ਹਦੀ ਹੈ। ਉਨ੍ਹਾਂ ਕਮਲਪ੍ਰੀਤ ਕੋਲੋਂ ਟੋਕੀਉ ਉਲੰਪਿਕਸ ਲਈ ਸੋਨ ਤਮਗ਼ੇ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਕਮਲਪ੍ਰੀਤ ਕੌਰ ਦੀ ਉਲੰਪਿਕਸ ਲਈ ਤਿਆਰੀ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ।
ਕਮਲਪ੍ਰੀਤ ਕੌਰ ਨੇ ਐਨ.ਆਈ.ਐਸ. ਪਟਿਆਲਾ ਵਿਖੇ ਮਾਰਚ ਮਹੀਨੇ ਦੌਰਾਨ ਫ਼ੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖ਼ਰੀ ਦਿਨ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ। ਇਸ ਦੇ ਨਾਲ ਹੀ ਉਹ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਪਹਿਲੀ ਭਾਰਤੀ ਥਰੋਅਰ ਬਣ ਗਈ ਅਤੇ ਡਿਸਕਸ ਥਰੋਅ ਵਿੱਚ 9 ਸਾਲ ਪਹਿਲਾਂ ਬਣਾਇਆ ਗਿਆ ਕੌਮੀ ਰਿਕਾਰਡ ਤੋੜਦਿਆਂ ਟੋਕੀਉ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰ ਗਈ। ਕਮਲਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਵੱਲੋਂ 2012 ਵਿੱਚ 64.76 ਮੀਟਰ ਥਰੋਅ ਸੁੱਟ ਕੇ ਬਣਾਇਆ ਕੌਮੀ ਰਿਕਾਰਡ ਤੋੜਿਆ।