Punjab
ਜਿਸ ਦਿਨ ਪੈਣਾ ਸੀ ਸ਼ਗਨ ਓਸੇ ਦਿਨ ਘਰ ਪਏ ਵੈਣ! ਅਮਰੀਕਾ ‘ਚ ਮੁੰਡੇ ਦੀ ਮੌਤ, ਪੰਜਾਬ ਆਉਣਾ ਵੀ ਨਹੀਂ ਹੋਇਆ ਨਸੀਬ
ਅਮਰੀਕਾ ਤੋਂ ਇਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੋਜ਼ੀ ਰੋਟੀ ਕਮਾਉਣ ਲਈ ਗਏ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਦੇ ਨਾਂ ਨਾਲ ਹੋਈ ਹੈ ਜੋ ਕਿ ਪੰਜਾਬ ਵਿੱਚ ਕਪੂਰਥਲਾ ਦੇ ਕੂਕਾ ਤਲਵੰਡੀ ਪਿੰਡ ਦਾ ਰਹਿਣ ਵਾਲਾ ਸੀ।
ਪਤਾ ਲੱਗਿਆ ਹੈ ਕਿ 32 ਸਾਲਾ ਗੁਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਅਮਰੀਕਾ ਦੇ ਕੈਲੀਫੋਰਨੀਆ ‘ਚ ਰਹਿੰਦਾ ਸੀ ਤੇ ਛੇ ਮਹੀਨੇ ਪਹਿਲਾ ਇੱਥੋ ਪੰਜਾਬ ਤੋ ਹੋ ਕੇ ਗਿਆ ਸੀ ਤੇ ਹੁਣ ਫਿਰ ਉਸਨੇ ਦੋ ਦਿਨ ਤੱਕ ਪੰਜਾਬ ਆਉਣਾ ਸੀ ਕਿਉ ਕਿ 18 ਅਕਤੂਬਰ ਨੂੰ ਉਸਦਾ ਵਿਆਹ ਰੱਖਿਆ ਹੋਇਆ ਸੀ।
ਗੁਰਜੀਤ ਸਿੰਘ ਪੰਜਾਬ ਆਉਣ ਲਈ ਫਲਾਈਟ ਚੜਨ ਦੀ ਤਿਆਰੀ ਕਰ ਰਿਹਾ ਸੀ ਤੇ ਸਮਾਨ ਪੈਕ ਕਰਕੇ ਫਲਾਈਟ ਲਈ ਰਵਾਨਾ ਹੋਣਾ ਸੀ ਪਰ ਪਹਿਲਾਂ ਹੀ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਜਵਾਨ ਪੁੱਤ ਦੀ ਮੌਤ ਬਾਰੇ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਮ੍ਰਿਤਕ ਦੇ ਚਾਚਾ ਹਰਜਿੰਦਰ ਨੇ ਦੱਸਿਆ ਕਿ ਘਰ ਵਿਚ ਗੁਰਜੀਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਉਸ ਦੀ ਮੌਤ ਦੇ ਖ਼ਬਰ ਸੁਣਦੇ ਹੀ ਪਰਿਵਾਰ ਸਦਮੇ ਵਿੱਚ ਡੁੱਬ ਗਿਆ ਹੈ। ਇੰਨਾ ਹੀ ਨਹੀਂ ਰਿਸ਼ਤੇਦਾਰਾਂ ਸਮੇਤ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।