Connect with us

punjab

ਮਾਨਸਾ ਦੇ ਸਰਬਪੱਖੀ ਵਿਕਾਸ ਲਈ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ ਸਮੀਖਿਆ ਮੀਟਿੰਗ: ਅਮਰਿੰਦਰ ਸਿੰਘ ਰਾਜਾ ਵੜਿੰਗ

Published

on

Amarinder Singh Raja Warring

ਅਧਿਕਾਰੀਆਂ ਅਤੇ ਵੱਖ-ਵੱਖ ਨੁਮਾਇੰਦਿਆਂ ਨਾਲ ਵਿਸਥਾਰਤ ਮੀਟਿੰਗ

ਜ਼ਿਲ੍ਹਾ ਪੁਲਿਸ ਨੇ ਦਿੱਤੀ “ਗਾਰਡ ਆਫ਼ ਆਨਰ”

ਚੰਡੀਗੜ੍ਹ/ਮਾਨਸਾ, ਅਕਤੂਬਰ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨਸਾ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਹਰ 15 ਦਿਨ ਬਾਅਦ ਸਮੀਖਿਆ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਬੱਚਤ ਭਵਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਅਤੇ ਵੱਖ-ਵੱਖ ਚੁਣੇ ਹੋਏ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਵੜਿੰਗ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਹਰੇਕ ਨੁਮਾਇੰਦੇ ਦੇ ਮਾਣ-ਸਤਿਕਾਰ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਸਮਾਂਬੱਧ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ।

ਸ਼੍ਰੀ ਵੜਿੰਗ ਨੇ ਕਿਹਾ ਕਿ ਜਿਥੇ ਟਰਾਂਸਪੋਰਟ ਵਿਭਾਗ ਦੀ ਸਮੁੱਚੀ ਕਾਰਜਸ਼ੈਲੀ ਦਾ ਯੋਜਨਾਬੱਧ ਤਰੀਕੇ ਨਾਲ ਸੁਧਾਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਮਾਨਸਾ ਜ਼ਿਲ੍ਹੇ ਵਿੱਚ ਹਰੇਕ ਕਿਸਮ ਦੀਆਂ ਸੁਵਿਧਾਵਾਂ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਮਸਲਿਆਂ ਨੂੰ ਹੱਲ ਕਰਨ ਲਈ ਢੁਕਵੇਂ ਕਦਮ ਚੁੱਕ ਰਹੇ ਹਨ।

ਮੀਟਿੰਗ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੂੰ ਆਖਿਆ ਕਿ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਰੇਕ ਅਧਿਕਾਰੀ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਨਿਯਮਤ ਤੌਰ ਉੱਤੇ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਬਕਾਇਆ ਕੰਮਾਂ ਬਾਰੇ ਜਾਇਜ਼ਾ ਲਿਆ ਜਾਵੇਗਾ।

ਕੈਬਨਿਟ ਮੰਤਰੀ ਸ੍ਰੀ ਵੜਿੰਗ, ਜਿਨ੍ਹਾਂ ਨੂੰ ਮਾਨਸਾ ਜ਼ਿਲ੍ਹੇ ਦਾ ਇੰਚਾਰਜ ਵੀ ਲਗਾਇਆ ਗਿਆ ਹੈ, ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ, ਸਿੱਖਿਆ ਸਮੇਤ ਹੋਰ ਸੁਵਿਧਾਵਾਂ, ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਉਹ ਲੈਂਦੇ ਰਹਿਣਗੇ ਅਤੇ ਸਰਕਾਰੀ ਕੰਮ-ਕਾਜ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਵੱਖ-ਵੱਖ ਨੁਮਾਇੰਦਿਆਂ ਨੇ ਸੀਵਰੇਜ, ਸਫਾਈ, ਸੜਕਾਂ, ਮੋਟਰ ਕੁਨੈਕਸ਼ਨਾਂ, ਮਗਨਰੇਗਾ ਆਦਿ ਸਬੰਧੀ ਦਰਪੇਸ਼ ਮਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕੈਬਨਿਟ ਮੰਤਰੀ ਨੇ ਇਨ੍ਹਾਂ ਮਸਲਿਆਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।

ਇਸ ਦੌਰਾਨ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਬਿਕਰਮ ਸਿੰਘ ਮੋਫ਼ਰ, ਵਾਈਸ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਰਾਮ ਸਿੰਘ ਸਰਦੂਲਗੜ੍ਹ, ਸੀਨੀਅਰ ਆਗੂ ਡਾ. ਮੰਜੂ ਬਾਂਸਲ, ਸੀਨੀਅਰ ਆਗੂ ਰਣਜੀਤ ਕੌਰ ਭੱਟੀ, ਪ੍ਰਧਾਨ ਨਗਰ ਕੌਂਸਲ ਮਾਨਸਾ ਸ੍ਰੀਮਤੀ ਜਸਵੀਰ ਕੌਰ, ਪ੍ਰਧਾਨ ਨਗਰ ਪੰਚਾਇਤ ਭੀਖੀ ਵਿਨੋਦ ਸਿੰਗਲਾ ਅਤੇ ਕਾਂਗਰਸੀ ਆਗੂ ਚੁਸ਼ਪਿੰਦਰਬੀਰ ਚਹਿਲ, ਗੁਰਪ੍ਰੀਤ ਸਿੰਘ ਵਿੱਕੀ, ਕੁਲਵੰਤ ਰਾਏ ਸਿੰਗਲਾ, ਮਾਈਕਲ ਗਾਗੋਵਾਲ, ਬਲਵਿੰਦਰ ਨਾਰੰਗ, ਡਿਪਟੀ ਕਮਿਸ਼ਨਰ ਮਹਿੰਦਰ ਪਾਲ, ਐਸ.ਐਸ.ਪੀ. ਸੰਦੀਪ ਕੁਮਾਰ ਗਰਗ, ਵਧੀਕ ਡਿਪਟੀ ਕਮਿਸ਼ਨਰ (ਜ) ਉਪਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਜੇ ਅਰੋੜਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ, ਸਹਾਇਕ ਕਮਿਸ਼ਨਰ ਹਰਜਿੰਦਰ ਸਿੰਘ ਜੱਸਲ ਸਮੇਤ ਹੋਰ ਅਧਿਕਾਰੀ ਅਤੇ ਆਗੂ ਮੌਜੂਦ ਸਨ।