Connect with us

Punjab

ਗਿ.ਹਰਪ੍ਰੀਤ ਸਿੰਘ: ਜਥੇਦਾਰੀ ਤੋਂ ਸਿਆਸਤ ਤੱਕ ਦਾ ਵਿਵਾਦਤ ਸਫ਼ਰ, ਪ੍ਰਧਾਨਗੀ ਅਤੇ ਚੁਣੌਤੀਆਂ!

Published

on

PUNJAB : ਗਿ.ਹਰਪ੍ਰੀਤ ਸਿੰਘ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਹਨ ਅੱਜਕੱਲ੍ਹ ਸਿਆਸੀ ਅਤੇ ਧਾਰਮਿਕ ਵਿਵਾਦਾਂ ਦੇ ਕੇਂਦਰ ਵਿਚ ਹਨ। ਉਨ੍ਹਾਂ ਦਾ ਸਫ਼ਰ ਇਕ ਪਾਸੇ ਧਾਰਮਿਕ ਆਸਥਾ ਅਤੇ ਸੇਵਾ ਨਾਲ ਭਰਿਆ ਹੋਇਆ ਹੈ, ਤਾਂ ਦੂਜੇ ਪਾਸੇ ਉਨ੍ਹਾਂ ਉੱਤੇ ਲਗਾਤਾਰ ਵਿਵਾਦਤ ਦੋਸ਼ਾਂ ਨੇ ਉਨ੍ਹਾਂ ਦੀ ਛਵੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੂੰ ਤਖ਼ਤ ਦਮਦਮਾ ਸਾਹਿਬ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਜ਼ਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਗਿਆ। ਉਨ੍ਹਾਂ ਉੱਤੇ ਦੋਸ਼ ਲਗਾਏ ਗਏ ਕਿ ਉਨ੍ਹਾਂ ਦੇ ਆਪਣੀ ਸਾਲੀ ਨਾਲ ਨਾਜਾਇਜ਼ ਸੰਬੰਧ ਰਹੇ ਹਨ ਅਤੇ ਇੱਕ ਹੋਰ ਔਰਤ ਦੇ ਨਾਲ ਵਿਦੇਸ਼ ਯਾਤਰਾ ਦੀਆਂ ਤਸਵੀਰਾਂ ਨੇ ਇਸ ਗੱਲ ਨੂੰ ਹੋਰ ਵੀ ਉਭਾਰਿਆ।

ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਧਾਰਮਿਕ ਅਹੁਦੇ ਤੋਂ ਹਟਾ ਦਿੱਤਾ ਗਿਆ। ਜਥੇਦਾਰੀ ਤੋਂ ਹਟਾਉਣ ਦਾ ਜਾਂ ਕਹਿ ਲਓ ਜ਼ਬਰੀ ਸੇਵਾ ਮੁਕਤ ਕਰਨ ਦਾ ਫੈਸਲਾ ਕਿਉਂ ਲਿਆ ਗਿਆ ਇਹ ਤੁਸੀਂ ਸਭ ਜਾਣਦੇ ਹੋ। ਇਨ੍ਹਾਂ ਦੀ ਕਿਰਦਾਰਕੁਸ਼ੀ ਕਰਕੇ ਸੇਵਾ ਮੁਕਤ ਕਰਨ ਦਾ ਮਾਮਲਾ ਦੋ ਦਸੰਬਰ 2024 ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨਾਲ ਜੁੜਿਆ ਹੋਇਆ ਹੈ। ਦੋ ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਉਨ੍ਹਾਂ ਵੱਡੇ ਅਕਾਲੀ ਆਗੂਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾ ਕੇ ਤਨਖਾਹ ਲਗਾਈ ਗਈ ਸੀ। ਇਨ੍ਹਾਂ ਅਕਾਲੀ ਆਗੂਆਂ ਉੱਪਰ ਦੋਸ਼ ਸਨ ਕਿ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ, ਸਿਰਸੇ ਵਾਲੇ ਸਾਧ ਰਾਮ ਰਹੀਮ ਨੂੰ ਮੁਆਫ਼ੀ ਦੇਣ ਵਰਗੇ ਗੁਨਾਹ ਉਨ੍ਹਾਂ ਨੇ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਇਹ ਸਾਰੇ ਗੁਨਾਹ ਕਬੂਲ ਵੀ ਕੀਤੇ ਸਨ। ਇਸੇ ਦਿਨ ਹੀ ਸਿੰਘ ਸਾਹਿਬਾਨ ਵੱਲੋਂ ਇੱਕ ਹੋਰ ਵੱਡਾ ਫ਼ੈਸਲਾ ਲਿਆ ਗਿਆ ਜਿਸ ਨਾਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਦਾ ਐਵਾਰਡ ਵਾਪਸ ਲੈ ਲਿਆ ਗਿਆ। ਦੋ ਦਸੰਬਰ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਗੀਆਂ ਅਤੇ ਦਾਗੀਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਤਾਕੀਦ ਕੀਤੀ ਤੇ ਅਕਾਲੀ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚੋਂ ਬਾਦਲ ਪੱਖੀ ਦੋ ਮੈਂਬਰਾਂ ਨੇ ਸ਼ੁਰੂ ਵਿੱਚ ਹੀ ਅਸਤੀਫੇ ਦੇ ਦਿੱਤੇ ਅਤੇ ਪੰਜ ਮੈਂਬਰੀ ਕਮੇਟੀ ਨੇ ਹੀ ਭਰਤੀ ਕੀਤੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਦਰਕਿਨਾਰ ਕਰਦਿਆਂ ਆਪਣੇ ਪੱਧਰ ‘ਤੇ ਵੱਖਰੀ ਭਰਤੀ ਕੀਤੀ। ਦੋ ਦਸੰਬਰ ਨੂੰ ਭਾਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਨ ਪਰ ਸਭ ਤੋਂ ਵੱਧ ਸਰਗਰਮੀ ਗਿਆਨੀ ਹਰਪ੍ਰੀਤ ਸਿੰਘ ਨੇ ਦਿਖਾਈ ਸੀ। ਕਥਿਤ ਤੌਰ ‘ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੁੱਸਾ ਮਨ ਵਿੱਚ ਰੱਖਿਆ ਅਤੇ ਕਥਿਤ ਤੌਰ ‘ਤੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਦੇ ਦੋਸ਼ ਲਗਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਂਚ ਕਰਵਾ ਕੇ ਅਤੇ ਜਾਂਚ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਜ਼ਬਰੀ ਸੇਵਾ ਮੁਕਤ ਕਰ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਿਰਆਧਾਰ ਦੱਸਿਆ ਅਤੇ ਵਿਰੋਧ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ। ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਜਿਸਦਾ ਸਿੱਖਾਂ ਦੇ ਵੱਡੇ ਹਿੱਸੇ ਨੇ ਭਰਵਾਂ ਸਵਾਗਤ ਕੀਤਾ। ਗਿਆਨੀ ਹਰਪ੍ਰੀਤ ਸਿੰਘ ਦਾ ਜਥੇਦਾਰੀ ਤੋਂ ਸਿਆਸਤ ਤੱਕ ਇਹ ਸਫ਼ਰ ਸੌਖਾ ਨਹੀਂ ਸੀ । ਅਕਾਲੀ ਦਲ ਬਾਦਲ ਦੇ ਲੋਕਾਂ ਵੱਲੋਂ
ਉਨ੍ਹਾਂ ਉੱਤੇ ਲਗਾਤਾਰ ਨਵੇਂ ਨਵੇਂ ਦੋਸ਼ ਲਗਾਏ ਜਾਂਦੇ ਰਹੇ ਅਤੇ ਲਗਾਏ ਜਾ ਰਹੇ ਹਨ।ਹਾਲ ਹੀ ਵਿੱਚ ਇੱਕ ਹੋਟਲ ਵਿੱਚ ਖਾਣਾ ਖਾਂਦਿਆਂ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ, ਜਿੱਥੇ ਦਾਅਵਾ ਕੀਤਾ ਗਿਆ ਕਿ ਉਹ RSS ਨਾਲ ਜੁੜੇ ਲੋਕਾਂ ਨਾਲ ਮੀਟਿੰਗ ਕਰ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਸਫਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਵਿਦੇਸ਼ ਤੋਂ ਆਏ ਪੁਰਾਣੇ ਦੋਸਤ ਹਨ, ਅਤੇ ਇਹ ਮੀਟਿੰਗ ਕਿਸੇ ਰਾਜਨੀਤਿਕ ਮਕਸਦ ਨਾਲ ਨਹੀਂ ਹੋਈ। ਪਰ ਇਹ ਪਹਿਲੀ ਵਾਰੀ ਨਹੀਂ ਕਿ ਉਨ੍ਹਾਂ ਉੱਤੇ RSS ਜਾਂ ਭਾਜਪਾ ਨਾਲ ਸੰਬੰਧ ਰੱਖਣ ਦੇ ਦੋਸ਼ ਲਗਾਏ ਗਏ ਹੋਣ। ਇਸ ਤੋਂ ਪਹਿਲਾਂ ਵੀ ਦਿੱਲੀ ਵਿੱਚ ਭਾਜਪਾ ਆਗੂਆਂ ਨਾਲ ਉਨ੍ਹਾਂ ਦੀਆਂ ਮੀਟਿੰਗਾਂ ਨੂੰ ਵਿਵਾਦਿਤ ਰੰਗਤ ਦਿੱਤੀ ਗਈ ਸੀ। ਹੁਣ ਆਰ ਐਸ ਐਸ ਨਾਲ ਸਿੱਖ ਆਗੂਆਂ ਦੇ ਮਿਲਣ ‘ਤੇ ਬਵਾਲ ਕਿਉੰ ਖੜ੍ਹਾ ਹੁੰਦਾ ਹੈ ਅਤੇ ਸਿੱਖ ਸਿਆਸਤਦਾਨ ਇੱਕ ਦੂਜੇ ਉੱਪਰ RSS ਦਾ ਏਜੰਟ ਹੋਣ ਦੇ ਦੋਸ਼ ਕਿਉੰ ਲਗਾਉਂਦੇ ਹਨ? ਇਹਦੇ ਪਿੱਛੇ ਕੀ ਕਾਰਨ ਹੈ ਕਿ ਸਿੱਖ ਕੌਮ ਆਪਣੇ ਆਗੂਆਂ ਨੂੰ RSS ਦੇ ਨੇੜੇ ਲੱਗਣ ਨੂੰ ਪਸੰਦ ਨਹੀਂ ਕਰਦੀ।
ਸਭ ਤੋਂ ਗੰਭੀਰ ਗੱਲ ਇਹ ਹੈ ਕਿ RSS ਉੱਤੇ ਸਿੱਖ ਧਰਮ ਦੇ ਖ਼ਿਲਾਫ਼ ਹੋਣ ਦੇ ਦੋਸ਼ ਲਗਦੇ ਜਾਂਦੇ ਰਹੇ ਹਨ। RSS ਉੱਤੇ ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਇਕ ਸ਼ਾਖਾ ਵਜੋਂ ਪੇਸ਼ ਕਰਦਾ ਹੈ, ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਦਿਖਾਉਂਦਾ ਹੈ। ਗੁਰੂ ਸਾਹਿਬਾਨਾਂ ਦੇ ਬਾਰੇ ਉਹਨਾਂ ਦੇ ਵਿਚਾਰ ਅਤੇ ਲਿਖਤਾਂ ਸਿੱਖ ਕੌਮ ਵਿੱਚ ਖਾਸਾ ਵਿਰੋਧ ਪੈਦਾ ਕਰ ਚੁੱਕੀਆਂ ਹਨ। ਇਸੇ ਕਰਕੇ ਜਦੋਂ ਕੋਈ ਸਿੱਖ ਆਗੂ RSS ਜਾਂ ਭਾਜਪਾ ਨਾਲ ਦੇਖਿਆ ਜਾਂਦਾ ਹੈ, ਤਾਂ ਇਹ ਗੱਲ ਸਿੱਧਾ ਸਿੱਖ ਵਿਰੋਧੀ ਸਮਝੀ ਜਾਂਦੀ ਹੈ।ਇਹ ਸਾਰੀ ਸਥਿਤੀ ਸਿਰਫ਼ ਗਿਆਨੀ ਹਰਪ੍ਰੀਤ ਸਿੰਘ ਦੀ ਨਿੱਜੀ ਸਖਸ਼ੀਅਤ ਜਾਂ ਅਹੁਦੇ ਦੀ ਨਹੀਂ ਹੈ, ਇਹ ਗੱਲ ਇੱਕ ਵੱਡਾ ਪ੍ਰਸ਼ਨ ਖੜ੍ਹਾ ਕਰਦੀ ਹੈ ਕਿ ਅਸੀਂ ਆਪਣੇ ਧਾਰਮਿਕ ਆਗੂਆਂ ਬਾਰੇ ਨਿਰਪੱਖ ਪੜਤਾਲ ਕਰਨ ਦੀ ਇੱਛਾ ਕਾਬਲੀਅਤ ਰੱਖਦੇ ਹਾਂ ਜਾਂ ਅਸੀਂ ਸਭ ਸਿਆਸੀ ਰਣਨੀਤੀਆਂ ਦੇ ਹੱਥ ਠੋਕੇ ਬਣ ਚੁੱਕੇ ਹਾਂ? ਸਿੱਖ ਕੌਮ ਅਕਸਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਗੁਰੂ ਆਸ਼ੇ ਅਤੇ ਸਿੱਧਾਂਤਕ ਰਾਹਾਂ ਉੱਤੇ ਚੱਲਣ ਵਾਲੀ ਕੌਮ ਹਾਂ ਪਰ ਜਦ ਗੰਦੀ ਸਿਆਸਤ ਧਰਮ ਦੇ ਅੰਦਰ ਘੁਸਪੈਠ ਕਰ ਜਾਂਦੀ ਹੈ, ਤਾਂ ਉਹ ਪਵਿੱਤਰਤਾ ਅਤੇ ਪਾਰਦਰਸ਼ਿਤਾ ਨੂੰ ਖਤਰੇ ‘ਚ ਪਾ ਦਿੰਦੀ ਹੈ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇ ਕਿਸੇ ਵਿਅਕਤੀ ਨੂੰ ਸਿਰਫ਼ RSS ਜਾਂ ਕਿਸੇ ਹੋਰ ਸੰਘਠਨ ਨਾਲ ਦੋਸਤੀ ਰੱਖਣ ਦੇ ਆਧਾਰ ‘ਤੇ ਵਿਵਾਦਤ ਬਣਾਇਆ ਜਾਂਦਾ ਹੈ, ਤਾਂ ਇਹ ਕੌਮੀ ਅਸਥਿਰਤਾ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਪਰ ਜਦ ਗੱਲ RSS ਦੀ ਆਉਂਦੀ ਹੈ, ਤਾਂ ਇਹ ਸਿਰਫ਼ ਦੋਸਤੀ ਜਾਂ ਮੀਟਿੰਗ ਦੀ ਨਹੀਂ, ਸਿੱਖੀ ਦੀ ਹੋਂਦ ਨਾਲ ਜੁੜੀ ਗੱਲ ਬਣ ਜਾਂਦੀ ਹੈ ਕਿਉਂਕਿ RSS ਦੇ ਇਤਿਹਾਸਿਕ ਰੁਖ ਨੂੰ ਦੇਖਦਿਆਂ, ਉਹ ਸਿੱਖ ਧਰਮ ਦੀ ਵੱਖਰੀ ਪਛਾਣ ਨੂੰ ਨਕਾਰਦਾ ਰਿਹਾ ਹੈ ਅਤੇ ਇਹ ਸਿੱਖ ਕੌਮ ਲਈ ਸਵੈ-ਮਾਣ ਅਤੇ ਵੱਖਰੀ ਕੌਮ ਦਾ ਮੁੱਦਾ ਹੈ।
ਇਸ ਪੂਰੇ ਪ੍ਰਸੰਗ ‘ਚ ਮਰਿਆਦਾ, ਨੈਤਿਕਤਾ ਅਤੇ ਜਵਾਬਦੇਹੀ ਸਭ ਤੋਂ ਮੁੱਖ ਹੋਣੇ ਚਾਹੀਦੇ ਹਨ। ਜੇਕਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਲੱਗੇ ਦੋਸ਼ ਸੱਚੇ ਹਨ, ਤਾਂ ਇਹ ਉਨ੍ਹਾਂ ਦੀ ਨਹੀਂ, ਸਾਰੀ ਸਿੱਖ ਲੀਡਰਸ਼ਿਪ ਦੀ ਨੈਤਿਕਤਾ ਉੱਤੇ ਸਵਾਲ ਹੈ। ਪਰ ਜੇ ਇਹ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਦੀ ਰਾਜਨੀਤਿਕ ਰਣਨੀਤੀ ਹੈ, ਤਾਂ ਇਹ ਚਿੰਤਾ ਦੀ ਗੱਲ ਹੈ ਕਿ ਅਸੀਂ ਕਿਵੇਂ ਆਪਣੀਆਂ ਧਾਰਮਿਕ ਸੰਸਥਾਵਾਂ ਨੂੰ ਅੰਦਰੋਂ ਖੋਖਲਾ ਕਰ ਰਹੇ ਹਾਂ।
ਸਿੱਖ ਕੌਮ ਨੂੰ ਹੁਣ ਇਕਜੁੱਟ ਹੋ ਕੇ ਤੱਥਾਂ ਦੇ ਆਧਾਰਤ ਵਿਚਾਰ ਕਰਦੇ ਹੋਏ ਅੱਗੇ ਵਧਣਾ ਹੋਵੇਗਾ। ਵਿਅਕਤੀਆਂ ਤੋਂ ਵੱਧ, ਸੰਸਥਾਵਾਂ ਦੀ ਪਵਿੱਤਰਤਾ, ਮਰਿਆਦਾ ਅਤੇ ਗੁਰੂ ਦੇ ਸਿਧਾਂਤ ਜ਼ਰੂਰੀ ਹਨ।
ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਇਹ ਸਿਰਫ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਨਹੀਂ ਸਗੋਂ ਸਿੱਖ ਸਮਾਜ ਦਾ ਮਾਮਲਾ ਹੈ। ਸਿਆਸਤ ਕਰੋ ਪਰ ਆਪਣੇ ਨੈਤਿਕ ਮੁੱਲਾਂ ਅਤੇ ਸਿੱਖੀ ਦੇ ਸਿਧਾਂਤਾਂ ਨੂੰ ਨਾ ਵਿਸਾਰੋ। ਅਲੋਚਨਾ ਕਰੋ ਪਰ ਕਿਸੇ ਦੀ ਕਿਰਦਾਰਕੁਸ਼ੀ ਕਰਨ ਤੋਂ ਪ੍ਰਹੇਜ਼ ਕਰੋ। ਇਹ ਨਾ ਭੁੱਲੋ ਕਿ ਜਿਸ ਦੇ ਚਰਿੱਤਰ ਉੱਪਰ ਵਾਰ ਵਾਰ ਉਂਗਲ ਚੁੱਕ ਰਹੇ ਹੋ ਉਹ ਸਿੱਖਾਂ ਦੀ ਸਰਵਉੱਚ ਅਦਾਲਤ ਦਾ ਜੱਜ ਰਹਿ ਚੁੱਕਾ ਹੈ। ਇਸ ਤਰ੍ਹਾਂ ਗੈਰ ਸਿਧਾਂਤਕ ਰਾਜਨੀਤੀ ਕਰਨ ਨਾਲ ਸਿੱਖ ਕੌਮ ਦਾ ਮਜ਼ਾਕ ਬਣ ਰਿਹਾ ਹੈ । ਕੌਮ ਦਾ ਮਜ਼ਾਕ ਨਾ ਬਣਾਓ ਕੌਮ ਦੀ ਸ਼ਾਨ ਵਧਾਓ।

ਕੁਲਵੰਤ ਸਿੰਘ ਗੱਗੜਪੁਰੀ