punjab
ਲਓ ਜੀ ਜਲਦ ਆ ਰਿਹੈ ਨਵਾਂ ਅਕਾਲੀ ਦਲ; ਗਿ.ਹਰਪ੍ਰੀਤ ਸਿੰਘ ਅਹਿਮ ਭੂਮਿਕਾ ਨਿਭਾਉਣਗੇ!

ਪੰਜਾਬ ਅੰਦਰ ਬਹੁਤ ਜਲਦੀ ਬਣਨ ਜਾ ਰਹੀ ਹੈ ਨਵੀਂ ਖੇਤਰੀ ਪਾਰਟੀ। ਇਹ ਨਵੀਂ ਖੇਤਰੀ ਪਾਰਟੀ ਅਕਾਲੀ ਦਲ ਦੇ ਨਾਮ ਹੇਠ ਗਠਿਤ ਹੋ ਸਕਦੀ ਹੈ। ਨਾਮ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਪਰ ਇਹ ਗੱਲ ਪੱਕੀ ਹੈ ਕਿ ਬਾਦਲ ਦਲ ਤੋਂ ਬਾਗ਼ੀ ਹੋਏ ਆਗੂਆਂ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਅਤੇ ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਗਿਆਨੀ ਹਰਪ੍ਰੀਤ ਸਿੰਘ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਬਾਗ਼ੀ ਧੜੇ ਦੀ ਪਲ ਪਲ ਦੀ ਜਾਣਕਾਰੀ ਰੱਖਦੇ ਵਿਸ਼ੇਸ ਸੂਤਰਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਰੇ ਬਾਗ਼ੀ ਨੇਤਾਵਾਂ ਨਾਲ ਮੀਟਿੰਗਾਂ ਕਰ ਰਹੇ ਹਨ।ਇਨ੍ਹਾਂ ਨੇਤਾਵਾਂ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ,ਪਰਮਿੰਦਰ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਗੋਬਿੰਦ ਸਿੰਘ ਲੌਂਗੋਵਾਲ, ਚਰਨਜੀਤ ਬਰਾੜ, ਬੀਬੀ ਸਤਵੰਤ ਕੌਰ ਆਦਿ ਸ਼ਾਮਲ ਹਨ । ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੀ ਖੇਤਰੀ ਪਾਰਟੀ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਲਈ ਵੀ ਸਰਬਸੰਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੂਹਰਲੀ ਕਤਾਰ ਵਿੱਚ ਕਿਹੜੇ ਨੇਤਾ ਹੋਣਗੇ। ਇਹ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ 2027 ਦੀਆਂ ਚੋਣਾਂ ਲਈ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਇਹ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਨਵੀਂ ਬਣਨ ਵਾਲੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਗਰ ਕਿਸੇ ਨਾਲ ਗਠਜੋੜ ਕਰਦੀ ਹੈ ਤਾਂ ਨਵੀਂ ਪਾਰਟੀ ਦੇ ਆਗੂ ਭਾਜਪਾ ਨੂੰ ਪਹਿਲੀ ਪਸੰਦ ਮੰਨਣਗੇ। ਗਿਆਨੀ ਹਰਪ੍ਰੀਤ ਸਿੰਘ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਵੀਂ ਖੇਤਰੀ ਪਾਰਟੀ ਬਣਾਉਣ ਦੇ ਸੰਕੇਤ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਮੌਕੇ ਹੀ ਦੇ ਦਿੱਤੇ ਸਨ।
ਸ. ਢੀਂਡਸਾ ਦੇ ਭੋਗ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਖੇਤਰੀ ਪਾਰਟੀ ਦੀ ਦੇ ਮਜ਼ਬੂਤ ਹੋਣ ਦੀ ਗੱਲ ਕੀਤੀ ਸੀ ਅਤੇ ਇਸ ਗੱਲ ਲਈ ਚਿੰਤਾ ਪ੍ਰਗਟਾਈ ਸੀ ਕਿ ਅਕਾਲੀ ਆਗੂਆਂ ਦੀ ਫੁੱਟ ਕਾਰਨ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਅਕਾਲੀ ਦਲ ਕਮਜ਼ੋਰ ਹੋ ਚੁੱਕਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜੇਵਾਲ ਵੀ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਨਵੀਂ ਪਾਰਟੀ ਨਾਲ ਜੁੜ ਸਕਦੇ ਹਨ। ਸ . ਢੀਂਡਸਾ ਦੇ ਭੋਗ ਮੌਕੇ ਭਾਜਪਾ ਨੇਤਾ ਸੁਨੀਲ ਜਾਖੜ ਨੇ ਵੀ ਖੇਤਰੀ ਪਾਰਟੀ ਦੀ ਮਜ਼ਬੂਤੀ ਦੀ ਗੱਲ ਕੀਤੀ ਸੀ। ਉਹ ਨਵੀਂ ਪਾਰਟੀ ਦੇ ਭਾਜਪਾ ਨਾਲ ਗਠਜੋੜ ਲਈ ਵਿਸ਼ੇਸ ਭੂਮਿਕਾ ਨਿਭਾਅ ਸਕਦੇ ਹਨ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਆਗੂਆਂ ਦੀ ਫੁੱਟ ਕਾਰਨ ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਹੋ ਚੁੱਕਾ ਹੈ ਜੋ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ। ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਜੋ ਸੂਬੇ ਦੀਆਂ ਸਮੱਸਿਆਵਾਂ ਦੀ ਗੱਲ ਕਰ ਸਕੇ ਤੇ ਹੱਲ ਕਰਵਾ ਸਕੇ। ਆਸ ਕਰਦੇ ਹਾਂ ਕਿ ਨਵੀਂ ਬਣਨ ਵਾਲੀ ਖੇਤਰੀ ਪਾਰਟੀ ਪੰਜਾਬ ਦੇ ਹਿੱਤਾਂ ਲਈ ਕੰਮ ਕਰੇਗੀ ਅਤੇ ਨਵੀਂ ਪਾਰਟੀ ਪਰਿਵਾਰਵਾਦ ਦੀ ਰਵਾਇਤ ਨੂੰ ਤੋੜਦਿਆਂ ਲੋਕਤੰਤਰਿਕ ਢੰਗ ਨਾਲ ਕਾਰਜ ਕਰੇਗੀ।
ਕੁਲਵੰਤ ਸਿੰਘ ਗੱਗੜਪੁਰੀ