punjab
ਅੰਮ੍ਰਿਤਾ ਵੜਿੰਗ ਨੇ ਗੁਰੂ ਨਾਨਕ ਦੇਵ ਜੀ ਬਾਰੇ ਆਪਣੇ ਵਿਵਾਦਤ ਬਿਆਨ ਲਈ ਮੰਗੀ ਮੁਆਫੀ
ਨਿਊਜ਼ ਡੈਸਕ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਆਪਣੇ ਵਿਵਾਦਤ ਬਿਆਨ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਕਿਹਾ ਕਿ ਅਨਜਾਣੇ ਵਿਚ ਦਿੱਤੇ ਗਏ ਬਿਆਨ ਨਾਲ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਇਸ ਲਈ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਇਸ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਸੀ। ਹਾਲਾਂਕਿ ਇਸ ਤੋਂ ਪਹਿਲਾਂ ਇਸ ਬਿਆਨ ਦੀ ਨਿੰਦਾ ਹੋ ਰਹੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐੱਸਜੀਪੀਸੀ ਨੇ ਵੀ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਉਹ ਇਸ ਬਿਆਨ ਲਈ ਮੁਆਫੀ ਮੰਗਣ।
ਗੁਰੂ ਨਾਨਕ ਦੇਵ ਜੀ ਦੇ ਹੱਥ ਨੂੰ ਦੱਸਿਆ ਸੀ ਕਾਂਗਰਸ ਦਾ ਹੱਥ
ਮਿਲੀ ਜਾਣਕਾਰੀ ਮੁਤਾਬਕ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਵਾਦਤ ਬਿਆਨ ਦਿੱਤਾ ਸੀ। ਅੰਮ੍ਰਿਤਾ ਵੜਿੰਗ ਦੇ ਕਾਂਗਰਸ ਚੋਣ ਚਿੰਨ੍ਹ ਨੂੰ ਲੈ ਕੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ‘ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ, ਗੁਰੂ ਨਾਨਕ ਦੇਵ ਜੀ ਦਾ ਵੀ ਪੰਜਾ ਸੀ ਅਤੇ ਕਾਂਗਰਸ ਨੇ ਵੀ ਪੰਜਾ ਚੁਣਿਆ, ਅੰਮ੍ਰਿਤਾ ਦੇ ਇਸ ਬਿਆਨ ਕਾਰਣ ਸਿੱਖ ਸੰਗਤ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਸਖ਼ਤ ਤਾੜਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਵਲੋਂ ਸਿਆਸੀ ਹਿਤਾਂ ਲਈ ਗੁਰੂ ਸਾਹਿਬਾਨ ਦੇ ਨਾਵਾਂ ਅਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਵਲੋਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਆਖ ਕੇ ਵੋਟਾਂ ਦੀ ਮੰਗ ਕੀਤੀ ਗਈ ਹੈ। ਜਿਸ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
ਸਿੰਘ ਸਾਹਿਬ ਨੇ ਆਖਿਆ ਕਿ ਸਿੱਖ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਪੰਜਾ ਉਸ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੈ ਜਿਸ ਨੇ ਅਬਦਾਲੀਆਂ ਤੋਂ ਬਾਅਦ ਸਿੱਖਾਂ ਦੀ ਭਗਤੀ-ਸ਼ਕਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਸੀ। 1978 ਤੋਂ 1995 ਤੱਕ ਸਿੱਖ ਨਸਲਕੁਸ਼ੀ ਕਰਕੇ ਲੱਖਾਂ ਬੇਦੋਸ਼ੇ ਤੇ ਨਿਹੱਥੇ ਸਿੱਖ ਨੌਜਵਾਨਾਂ ਦੇ ਖੂਨ ਵਿਚ ਕਾਂਗਰਸ ਦਾ ਪੰਜਾ ਰੰਗਿਆ ਹੋਇਆ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਆਖਿਆ ਕਿ ਕਾਂਗਰਸ ਵਲੋਂ ਆਪਣੇ ਸਿਆਸਤ ਮਨੋਰਥ ਲਈ ਗੁਰੂ ਸਾਹਿਬਾਨ ਦੇ ਨਾਵਾਂ ਜਾਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਵੜਿੰਗ ਤੁਰੰਤ ਆਪਣੀ ਗਲਤੀ ਲਈ ਪਛਚਾਤਾਪ ਕਰੇ। ਇਸ ਦੇ ਨਾਲ ਚਿਤਾਵਨੀ ਹੈ ਕਿ ਉਹ ਸਿਆਸੀ ਪ੍ਰਚਾਰ ਅਤੇ ਸਿਆਸੀ ਹਿਤਾਂ ਖ਼ਾਤਰ ਕਿਸੇ ਵੀ ਰੂਪ ਵਿਚ ਧਾਰਮਿਕ ਜਜ਼ਬਾਤਾਂ ਨਾਲ ਖੇਡਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨ।