Connect with us

punjab

ਕੰਚਨਪ੍ਰੀਤ ਦੀ ਗ੍ਰਿਫਤਾਰੀ; ਅਕਾਲੀ ਦਲ ਬਾਦਲ ਲਈ ਬਾਜ਼ੀ ਪੁੱਠੀ ਵੀ ਪੈ ਸਕਦੀ ਏ ਤੇ ਸਿੱਧੀ ਵੀ !

Published

on

ਅਕਾਲੀ ਦਲ ਦੀ ਸਿਆਸਤ ਇੱਕ ਵਾਰ ਫਿਰ ਭੰਵਰ ਵਿੱਚ ਫਸੀ ਦਿਖਾਈ ਦੇ ਰਹੀ ਹੈ ਅਤੇ ਕੇਂਦਰ ਬਿੰਦੂ ਹੈ ਸੁਖਵਿੰਦਰ ਕੌਰ — ਜਿਸਨੂੰ ਹਾਲ ਹੀ ਦੀਆਂ ਜ਼ਿਮਨੀ ਚੋਣਾਂ ਵਿੱਚ ਬਾਦਲ ਦਲ ਨੇ ਉਮੀਦਵਾਰ ਬਣਾਇਆ ਸੀ ਪਰ ਹੁਣ ਉਸਦੀ ਧੀ ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਨੇ ਪੂਰੇ ਖੇਤਰ ਦੀ ਸਿਆਸੀ ਹਵਾ ਬਦਲ ਦਿੱਤੀ ਹੈ। ਇਹ ਗ੍ਰਿਫ਼ਤਾਰੀ ਕੇਵਲ ਇੱਕ ਕਾਨੂੰਨੀ ਕਾਰਵਾਈ ਨਹੀਂ, ਸਗੋਂ ਖੇਤਰੀ ਪੱਧਰ ‘ਤੇ ਅਕਾਲੀ ਦਲ ਦੀ ਸਾਖ, ਭਵਿੱਖ ਅਤੇ ਆਉਣ ਵਾਲੀਆਂ ਚੋਣਾਂ ਦੇ ਗਣਿਤ ਨੂੰ ਹਿਲਾਉਣ ਵਾਲ਼ੀ ਵੱਡੀ Developments ਵਿਚੋਂ ਇੱਕ ਹੈ।

ਪੁਲਿਸ ਨੇ ਕੰਚਨਪ੍ਰੀਤ ਨੂੰ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨਾਲ ਕਥਿਤ ਸੰਬੰਧਾਂ ਅਤੇ ਕਥਿਤ ਵਿੱਤੀ ਲੈਣ-ਦੇਣ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਹੈ। ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕੰਚਨਪ੍ਰੀਤ ਉਸਦੀ ਪਤਨੀ ਹੈ ਜਾਂ ਕੇਵਲ ਦੋਸਤ? ਸਰਕਾਰੀ ਰਿਕਾਰਡਾਂ ਅਤੇ FIR ‘ਚ ਇਹ ਗੱਲ ਸਪੱਸ਼ਟ ਨਹੀਂ ਕਿ ਉਹ ਪਤਨੀ ਹੈ; ਪੁਲਿਸ ਦੀ ਭਾਸ਼ਾ ‘ਕਲੋਜ਼ ਐਸੋਸੀਏਟ’ ਜਾਂ ‘ਲਿੰਕਡ ਟੂ’ ਨੂੰ ਦਰਸਾਉਂਦੀ ਹੈ। ਇਸਦਾ ਅਰਥ ਇਹ ਨਹੀਂ ਕਿ ਉਹ ਰਿਸ਼ਤੇਦਾਰ ਹੈ, ਪਰ ਇਹ ਜ਼ਰੂਰ ਹੈ ਕਿ ਜਾਂਚ ਏਜੰਸੀਆਂ ਉਹਨਾਂ ਦੋਵਾਂ ਵਿਚਲੇ ਸੰਪਰਕਾਂ ਦੀ ਛਾਣਬੀਨ ਕਰ ਰਹੀਆਂ ਹਨ। ਇਹੀ ਗੱਲ ਸਿਆਸੀ ਤੂਫ਼ਾਨ ਖੜ੍ਹਾ ਕਰਦੀ ਹੈ ਕਿਉਂਕਿ ਜਦੋਂ ਉਮੀਦਵਾਰ ਦੇ ਪਰਿਵਾਰ ਦਾ ਨਾਮ ਕਿਸੇ ਗੈਂਗਸਟਰ ਨਾਲ ਜੋੜਿਆ ਜਾਵੇ, ਚਾਹੇ ਸੱਚ ਚਾਹੇ ਝੂਠ, ਇਸਦੇ ਸਿਆਸੀ ਪ੍ਰਭਾਵ ਤੁਰੰਤ ਪੈਣੇ ਸ਼ੁਰੂ ਹੋ ਜਾਂਦੇ ਹਨ।

ਜ਼ਿਮਨੀ ਚੋਣ ਤਾਂ ਹੋ ਚੁੱਕੀ ਹੈ,ਸੁਖਵਿੰਦਰ ਕੌਰ ਚੋਣ ਹਾਰ ਚੁੱਕੀ ਹੈ ਪਰ ਇਸ ਗ੍ਰਿਫ਼ਤਾਰੀ ਨੇ ਅਕਾਲੀ ਦਲ ਨੂੰ ਇੱਥੇ ਹੀ ਨਹੀਂ ਛੱਡਣਾ। ਅੱਗੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਲਦ ਹੀ ਆਉਣ ਵਾਲੀਆਂ ਹਨ ਅਤੇ ਫਿਰ 2027 ਦੀਆਂ ਵਿਧਾਨ ਸਭਾ ਚੋਣਾਂ।ਇਹ ਮਾਮਲਾ ਸਿੱਧਾ ਉਸ ਪੱਧਰ ‘ਤੇ ਅਕਾਲੀ ਦਲ ਦੀ ਛਵੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਲੋਕ ਸਭ ਤੋਂ ਜ਼ਿਆਦਾ ਖੇਤਰੀ ਲੀਡਰਸ਼ਿਪ ਨੂੰ ਚਿਹਰਾ ਮੰਨਦੇ ਹਨ—ਉਹ ਸੋਚਦੇ ਹਨ ਕਿ ਜਿਹੜੇ ਘਰ ਦੀ ਆਪਣੀ ਛਵੀ ਨਾ ਬਚ ਸਕੇ, ਉਹ ਹਲਕਾ ਕਿਵੇਂ ਸੰਭਾਲੇਗਾ? ਇਹ ਮਨੋਵਿਗਿਆਨ ਅਕਾਲੀ ਦਲ ‘ਤੇ ਭਾਰੀ ਪੈ ਸਕਦਾ ਹੈ ਜੇਕਰ ਨੈਰੇਟਿਵ ਹੱਥੋਂ ਨਿਕਲ ਗਿਆ ਤਾਂ।

ਪੂਰੇ ਮੁੱਦੇ ਦੇ ਦੋਵੇਂ ਪੱਖ ਵੇਖੀਏ ਤਾਂ ਬਾਜ਼ੀ ਪੁੱਠੀ ਵੀ ਪੈ ਸਕਦੀ ਹੈ ਤੇ ਸਿੱਧੀ ਵੀ। ਜੇਕਰ ਕੰਚਨਪ੍ਰੀਤ ਕੌਰ ਉੱਪਰ ਲਾਏ ਗਏ ਦੋਸ਼ ਸੱਚ ਸਾਬਤ ਹੁੰਦੇ ਹਨ, ਜਾਂਚ ‘ਚ ਪੱਕੇ ਸਬੂਤ ਮਿਲਦੇ ਹਨ ਅਤੇ ਇਹ ਸਪੱਸ਼ਟ ਹੁੰਦਾ ਹੈ ਕਿ ਉਸਦੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨਾਲ ਗੰਭੀਰ ਸੰਬੰਧ ਸਨ, ਤਦ ਅਕਾਲੀ ਦਲ ਲਈ ਇਹ ਝਟਕਾ ਸਿਰਫ਼ ਸਿਆਸੀ ਨਹੀਂ—ਇਮੇਜ ਦਾ ਕ੍ਰੈਸ਼ ਬਣੇਗਾ। ਪਾਰਟੀ ਨੂੰ ਵਿਰੋਧੀ ਹਲਕਿਆਂ ਤੋਂ ਭਾਰੀ ਹਮਲੇ ਸਹਿਣੇ ਪੈਣਗੇ। ਵਿਰੋਧੀ ਇਹ ਕਹਿਣਗੇ ਕਿ ਜਦੋਂ ਉਮੀਦਵਾਰ ਦੇ ਘਰ ਦੇ ਲੋਕ ਹੀ ਗੈਂਗਸਟਰ ਸਰਕਿਟ ਨਾਲ ਜੁੜੇ ਹੋਣ ਤਾਂ ਪਾਰਟੀ ਦਾ ਨੈਤਿਕ ਦਰਜ਼ਾ ਕੀ ਰਹਿ ਜਾਂਦਾ ਹੈ? ਸਿਆਸਤ ਵਿੱਚ perception ਹੀ ਸਭ ਤੋਂ ਵੱਡੀ ਕਰੰਸੀ ਹੁੰਦਾ ਹੈ। ਇੱਥੇ perception ਮਾਰੂ ਸਾਬਤ ਹੋ ਸਕਦਾ ਹੈ।

ਪਰ ਦੂਜੀ ਪਾਸੇ, ਜੇਕਰ ਇਹ ਦੋਸ਼ ਝੂਠੇ ਸਾਬਤ ਹੁੰਦੇ ਹਨ, ਜਾਂਚ ਵਿੱਚ ਕੁਝ ਭੀ ਠੋਸ ਨਾ ਮਿਲਿਆ, ਅਤੇ ਇਹ ਲੱਗਣ ਲੱਗਾ ਕਿ ਕੰਚਨਪ੍ਰੀਤ ਨੂੰ ਫਸਾਇਆ ਗਿਆ ਹੈ—ਤਾਂ ਸਿਆਸੀ ਖੇਡ ਪੂਰੀ ਤਰ੍ਹਾਂ ਉਲਟੀ ਵੀ ਪੈ ਸਕਦੀ ਹੈ। ਹਮਦਰਦੀ ਦੀ ਲਹਿਰ ਅਕਾਲੀ ਦਲ ਨੂੰ ਬੁਲੰਦੀਆਂ ਤੱਕ ਲੈ ਜਾ ਸਕਦੀ ਹੈ। ਪੰਜਾਬ ਦੀ ਪਬਲਿਕ ਹਮੇਸ਼ਾ ਤੋਂ ‘ਦਬੇ ਹੋਇਆਂ’ ਨਾਲ ਖੜ੍ਹਦੀ ਰਹੀ ਹੈ। ਜੇ ਲੋਕਾਂ ਨੂੰ ਇਹ ਲੱਗਾ ਕਿ ਸੁਖਵਿੰਦਰ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਾਂ ਕੰਚਨਪ੍ਰੀਤ ਕੌਰ ਨੂੰ ਰਾਜਨੀਤਿਕ ਭੰਵਰ ਵਿੱਚ ਫਸਾਇਆ ਗਿਆ ਹੈ, ਤਾਂ ਅਕਾਲੀ ਦਲ ਨੂੰ ਅਚਾਨਕ sympathy wave ਮਿਲ ਸਕਦੀ ਹੈ—ਜਿੱਥੇ ਪਾਰਟੀ ਦਾ ਸਿਆਸੀ ਗ੍ਰਾਫ ਡਿੱਗਣ ਦੀ ਬਜਾਏ ਚੜ੍ਹ ਸਕਦਾ ਹੈ।

ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਕੇਸ ਤਾਂ ਲੰਬੇ ਚਲਦੇ ਹਨ, ਅਦਾਲਤਾਂ ਵਿੱਚ ਸੱਚ-ਝੂਠ ਦਾ ਨਿਤਾਰਾ ਦੇਰ ਨਾਲ ਆਉਂਦਾ ਹੈ। ਜਦ ਤੱਕ ਫ਼ੈਸਲਾ ਆਵੇਗਾ, ਅਕਾਲੀ ਦਲ ਤਾਂ ਬਦਨਾਮ ਹੋ ਚੁੱਕਾ ਹੋਵੇਗਾ। ਇਹ ਗੱਲ ਕਾਨੂੰਨੀ ਤੌਰ ‘ਤੇ ਸਹੀ ਹੈ—ਪਰ ਸਿਆਸੀ ਤੌਰ ‘ਤੇ ਨਹੀਂ।

ਸਿਆਸਤ ਅਦਾਲਤਾਂ ‘ਚ ਨਹੀਂ, ਲੋਕਾਂ ਦੀ ਅਦਾਲਤ ‘ਚ ਲੜੀ ਜਾਂਦੀ ਹੈ। ਇਹ ਪਬਲਿਕ ਹੈ… ਸਭ ਜਾਣਦੀ ਹੈ। ਹਲਕੇ ਦੀ ਜਨਤਾ ਨੂੰ ਕਈ ਵਾਰ ਉਹ ਸੱਚ ਪਹਿਲਾਂ ਹੀ ਪਤਾ ਹੁੰਦਾ ਹੈ ਜੋ ਕਾਨੂੰਨੀ ਕਾਗਜ਼ਾਂ ਵਿੱਚ ਬਾਅਦ ‘ਚ ਲਿਖਿਆ ਜਾਂਦਾ ਹੈ। ਲੋਕਾਂ ਦੇ ਮਨ ਵਿੱਚ ਪਹਿਲਾਂ ਹੀ ਤਸਵੀਰ ਬਣ ਚੁੱਕੀ ਹੁੰਦੀ ਹੈ—ਸੱਚ ਕਿਸ ਪਾਸੇ ਹੈ? ਝੂਠ ਕਿਸ ਪਾਸੇ? ਇਸ ਲਈ ਇਹ ਗੱਲ ਵੀ ਪੱਕੀ ਹੈ ਕਿ ਜੇਕਰ ਕੰਚਨਪ੍ਰੀਤ ਗਲਤ ਕੰਮਾਂ ਵਿੱਚ ਸ਼ਾਮਲ ਸੀ, ਤਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਇਸਦੀ ਖਬਰ ਹੋਵੇਗੀ, ਅਤੇ ਜੇਕਰ ਉਹ ਬੇਗੁਨਾਹ ਹੈ ਤਾਂ ਇਸ ਹਲਕੇ ਦੀ ਪਬਲਿਕ ਉਹ ਵੀ ਪਹਿਲਾਂ ਹੀ ਜਾਣਦੀ ਹੋਵੇਗੀ। ਇਸ ਕਰਕੇ ਇਹ ਕੇਸ ਅਦਾਲਤਾਂ ਨਾਲੋਂ ਪਹਿਲਾਂ ਜਨਤਾ ਦੀ ਕਚਹਿਰੀ ਵਿੱਚ ਨਿਰਣਾਇਕ ਹੋ ਜਾਏਗਾ।

ਸੁਖਵਿੰਦਰ ਕੌਰ ਲਈ ਚੋਣ ਲੜਨਾ ਮਹਿੰਗਾ ਪੈ ਗਿਆ—ਇਹ ਕਹਿਣ ਵਿੱਚ ਹੁਣ ਕੋਈ ਸੰਕੋਚ ਨਹੀਂ। ਜ਼ਿਮਨੀ ਚੋਣਾਂ ਨੂੰ ਸੰਭਾਲਦੇ ਹੋਏ ਅਕਾਲੀ ਦਲ ਨੇ ਸੋਚਿਆ ਸੀ ਕਿ ਲੋਕਾਂ ਵਿੱਚ ਸੁਖਵਿੰਦਰ ਕੌਰ ਦੇ ਅਸਰ ਰਸੂਖ ਅਤੇ ਖੇਤਰੀ ਕੈਡਰ ਦੀ ਮਜ਼ਬੂਤੀ ਨਾਲ ਇਹ ਹਲਕਾ ਉਹ ਬਚਾ ਲੈਣਗੇ ਪਰ ਕੰਚਨਪ੍ਰੀਤ ਮਾਮਲੇ ਦੀ ਆਚਾਨਕ ਗ੍ਰਿਫ਼ਤਾਰੀ ਨੇ ਪੂਰੇ ਸਿਆਸੀ ਸਮੀਕਰਨ ਨੂੰ ਹਿਲਾ ਦਿੱਤਾ। ਹੁਣ ਇਹ ਸਿਰਫ਼ ਇੱਕ ਘਰੇਲੂ ਬਦਨਾਮੀ ਨਹੀਂ ਰਹੀ—ਇਕ ਪਾਰਟੀ ਦਾ ‘ਬ੍ਰਾਂਡ’ ਦਾਅ ‘ਤੇ ਹੈ।

ਅੱਗੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਇਹ ਮਾਮਲਾ ਜ਼ਰੂਰ ਹਾਵੀ ਰਹੇਗਾ। ਵਿਰੋਧੀ ਦਲ ਇਸਨੂੰ ਵੱਡਾ ਮਸਲਾ ਬਣਾਉਣਗੇ, ਗ੍ਰਾਊਂਡ ਲੈਵਲ ‘ਤੇ ਇਸਦੇ ਪ੍ਰਭਾਵ ਪੈਣ ਲਾਜ਼ਮੀ ਹਨ, ਅਤੇ ਪਾਰਟੀ ਨੂੰ ਇਸ ਨੈਰੇਟਿਵ ਨੂੰ ਕਾਬੂ ਕਰਨ ਲਈ ਬਹੁਤ ਸੋਚੀ-ਸਮਝੀ ਰਣਨੀਤੀ ਦੀ ਲੋੜ ਹੈ।

ਕੁੱਲ ਮਿਲਾ ਕੇ—ਇਹ ਮਾਮਲਾ ਅਕਾਲੀ ਦਲ ਲਈ ਇੱਕ ‘ਦੋ ਧਾਰੀ ਤਲਵਾਰ’ ਬਣ ਗਿਆ ਹੈ।ਫੈਸਲਾ ਹੁਣ ਦੋ ਚੀਜ਼ਾਂ ‘ਤੇ ਟਿਕਿਆ ਹੈ: ਸੱਚ ਕੀ ਹੈ, ਅਤੇ ਲੋਕ ਸੱਚ ਨੂੰ ਕਿਵੇਂ ਦੇਖਦੇ ਹਨ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਕਾਗਜ਼ੀ ਸੱਚ ਨਹੀਂ—ਪਬਲਿਕ ਦਾ ਸੱਚ ਹੀ ਸਿਆਸੀ ਤਕਦੀਰ ਲਿਖਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ