Connect with us

Ludhiana

ਅਮਰੀਕਾ ‘ਚ ਪ੍ਰਾਪਰਟੀ ਡੀਲਰ ਦੇ ਇਕਲੌਤੇ ਪੁੱਤ ਨਾਲ ਵਾਪਰਿਆ ਭਾਣਾ, ਹੋਈ ਮੌਤ

Published

on

ਅੱਖਾਂ ‘ਚ ਸੁਨਹਿਰੇ ਭਵਿੱਖ ਦਾ ਸੁਪਨਾ ਸੰਜੋਅ ਵਿਦੇਸ਼ ਗਿਆ ਇਕ ਹੋਰ ਨੌਜਵਾਨ ਨਾਲ ਮਾੜਾ ਭਾਣਾ ਵਰਤ ਗਿਆ ਹੈ। ਇਹ ਖ਼ਬਰ ਮਾਛੀਵਾੜਾ ਤੋਂ ਸਾਹਮਣੇ ਆ ਰਹੀ ਹੈ, ਜਿੱਥੋ ਦਾ ਰਹਿਣ ਵਾਲਾ 19 ਸਾਲਾਂ ਨੌਜਵਾਨ ਵੰਸ਼ਦੀਪ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਜੇ.ਐੱਸ. ਨਗਰ ਦੇ ਵਾਸੀ ਸਤਨਾਮ ਸਿੰਘ, ਜੋ ਕਿ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਦਾ ਇਕਲੌਤਾ ਪੁੱਤਰ ਵੰਸ਼ਦੀਪ ਸਿੰਘ ਆਪਣੇ ਚੰਗੇ ਭਵਿੱਖ ਲਈ ਕਰੀਬ 2 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ।

ਪਤਾ ਲੱਗਿਆ ਹੈ ਕਿ ਵੰਸ਼ਦੀਪ ਸਿੰਘ ਅਮਰੀਕਾ ਦੇ ਫਰਜ਼ੀਨੋ ਸ਼ਹਿਰ ਵਿਚ ਰਹਿੰਦਾ ਸੀ ਅਤੇ ਉੱਥੇ ਇਕ ਸਟੋਰ ‘ਤੇ ਨੌਕਰੀ ਕਰਦਾ ਸੀ। ਬੀਤੇ ਦਿਨ ਉਹ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਹਾਦਸੇ ‘ਚ ਵੰਸ਼ਦੀਪ ਸਿੰਘ ਦੀ ਜਾਨ ਚਲੀ ਗਈ।

ਦੱਸ ਦੇਈਏ ਕਿ ਹਾਦਸਾ ਵਾਪਰਨ ਤੋਂ ਪਹਿਲਾਂ ਵੰਸ਼ਦੀਪ ਦੀ ਆਪਣੇ ਪਿਤਾ ਨਾਲ ਗੱਲ ਹੋਈ ਸੀ। ਪਰ 4 ਘੰਟਿਆਂ ਮਗਰੋਂ ਹੀ ਮਾਪਿਆਂ ਨੂੰ ਵੰਸ਼ਦੀਪ ਸਿੰਘ ਦੀ ਮੌਤ ਦੀ ਸੂਚਨਾ ਮਿਲੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਵੰਸ਼ਦੀਪ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਨੌਜਵਾਨ ਦੀ ਮੌਤ ਨਾਲ ਮਾਛੀਵਾੜਾ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਸ਼ਹਿਰ ਵਾਸੀਆਂ ਵਲੋਂ ਮ੍ਰਿਤਕ ਦੇ ਪਿਤਾ ਸਤਨਾਮ ਸਿੰਘ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਹੁਣ ਮ੍ਰਿਤਕ ਨੌਜਵਾਨ ਵੰਸ਼ਦੀਪ ਸਿੰਘ ਦੀ ਲਾਸ਼ ਨੂੰ ਘਰ ਲਿਆਉਣ ਲਈ ਉੱਥੇ ਰਹਿੰਦੇ ਰਿਸ਼ਤੇਦਾਰਾਂ ਵਲੋਂ ਯਤਨ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਆਉਣ ਲਈ 10 ਦਿਨ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਮ੍ਰਿਤਕ ਨੌਜਵਾਨ ਜਿੱਥੇ ਮਾਪਿਆਂ ਦਾ ਇਕਲੌਤਾ ਨੌਜਵਾਨ ਪੁੱਤ ਸੀ ਉੱਥੇ ਹੀ ਉਸ ਦੀ ਵੱਡੀ ਭੈਣ ਵੀ ਕੈਨੇਡਾ ਵਿਖੇ ਰਹਿੰਦੀ ਹੈ, ਜਿਸ ਨੂੰ ਰੱਖੜੀ ਤੋਂ ਇੱਕ ਦਿਨ ਬਾਅਦ ਹੀ ਆਪਣੇ ਭਰਾ ਦੀ ਮੌਤ ਦਾ ਬੇਹੱਦ ਦੁਖਦਾਈ ਖ਼ਬਰ ਮਿਲੀ।