Punjab
ਵਿਦੇਸ਼ ਜਾ ਕੇ ਉੱਡਦੀਆਂ ਕੁੜੀਆਂ ਤੇ ਖੰਭ ਕੱਟੇ ਜਾਂਦੇ ਪਤੀ ਦੇ—ਪੰਜਾਬ ‘ਚ ਲੁਟੇਰੀ ਦੁਲਹਨ ਮਾਫੀਆ
ਪੰਜਾਬ ਵਿੱਚ ਵਿਦੇਸ਼ ਜਾਣ ਦਾ ਜਨੂੰਨ ਹੁਣ ਇਸ ਕਦਰ ਵਧ ਚੁੱਕਾ ਹੈ ਕਿ ਕਈ ਨੌਜਵਾਨਾਂ ਲਈ ਵਿਆਹ—ਇੱਕ ਪਵਿੱਤਰ ਬੰਧਨ ਨਹੀਂ, ਬਲਕਿ ਵਿਦੇਸ਼ ਦੀ ਟਿਕਟ ਬਣ ਗਿਆ ਹੈ। ਪਰ ਇਸ ਟਿਕਟ ਦੀ ਕਿਮਤ ਉਹ ਲੜਕੇ ਭਰ ਰਹੇ ਹਨ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਉੱਡਾਣ ਲਈ ਖੰਭ ਦਿੱਤੇ, ਪਰ ਜਦੋਂ ਉਹ ਉੱਡ ਗਈ ਤਾਂ ਸਭ ਤੋਂ ਪਹਿਲਾਂ ਉਸੇ ਪਤੀ ਦੇ ਹੀ ਖੰਭ ਕੱਟ ਦਿੱਤੇ। ਅੱਜ ਪੰਜਾਬ ਵਿੱਚ ‘ਲੁਟੇਰੀਆਂ ਦੁਲਹਨਾਂ’ ਦਾ ਇੱਕ ਨਵਾਂ ਮਾਫੀਆ ਬਣ ਚੁੱਕਾ ਹੈ ਜੋ ਵਿਆਹ ਨੂੰ ਵਿਦੇਸ਼ ਜਾਣ ਦਾ ਰਸਤਾ ਬਣਾਉਂਦੀਆਂ ਹਨ ਅਤੇ ਇੱਕ ਵਾਰ ਬਾਹਰ ਸੈੱਟ ਹੋ ਗਈਆਂ ਤਾਂ ਪਤੀ ਨੂੰ ਕਾਲੀ ਸੂਚੀ ਵਾਂਗ ਕੱਟ ਦਿੰਦੀਆਂ ਹਨ। ਕਈਆਂ ਨੇ ਨੰਬਰ ਬਦਲੇ, ਕਈਆਂ ਨੇ ਬਲਾਕ ਕੀਤਾ, ਕਈਆਂ ਨੇ ਝੂਠੇ ਕੇਸ ਬਣਾਏ, ਅਤੇ ਕਈ ਪਤੀਆਂ ਨੂੰ ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਰਹਿਣ ਲਈ ਮਜਬੂਰ ਕਰ ਦਿੱਤਾ।
ਪੰਜਾਬ ਦੇ ਰਾਜਪੁਰਾ ਵਿਖੇ ਜ਼ਿਮੀਂਦਾਰਾ ਆਸ਼ਰਮ ਵਿੱਚ ਬੀਤੇ ਦਿਨ ਇੱਕ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਸਾਹਮਣੇ ਆਇਆ। ਪੰਜਾਹ ਤੋਂ ਵੱਧ ਮਾਸੂਮ ਪਰਿਵਾਰ, ਜਿਨ੍ਹਾਂ ਨੇ ਸਪਾਉਸ ਵੀਜ਼ਾ ਦੇ ਨਾਂ ‘ਤੇ ਕਰੀਬ 15 ਕਰੋੜ ਰੁਪਏ ਗਵਾ ਲਏ ਆਪਣੀ ਹੱਡਬੀਤੀ ਨਾਲ ਇਕੱਠੇ ਹੋਏ। ਗੁਰਜੀਤ ਸਿੰਘ, ਬਲਵੰਤ ਸਿੰਘ, ਹਰਚੰਦ ਸਿੰਘ, ਮਨਵੀਰ ਸਿੰਘ, ਭੀਮਾ, ਰਾਜਿੰਦਰ ਸਿੰਘ ,ਜਗਦੀਸ ਸਿੰਘ ਆਦਿ—ਇਹ ਸਿਰਫ਼ ਨਾਂ ਨਹੀਂ, ਇਹ ਉਹ ਮੌਨ ਚੀਕਾਂ ਹਨ ਜੋ ਦੱਸਦੀਆਂ ਹਨ ਕਿ ਲੁੱਟ ਸਿਰਫ਼ ਪੈਸੇ ਦੀ ਨਹੀਂ, ਭਰੋਸੇ ਦੀ ਹੋਈ ਹੈ। ਮਾਪਿਆਂ ਨੇ ਨੂੰਹਾਂ ਨੂੰ ਬਾਹਰ ਭੇਜਣ ਲਈ ਉਨ੍ਹਾਂ ਦੀ ਪੜ੍ਹਾਈ, ਫ਼ੀਸ, ਰਹਿਣ-ਖਾਣ, ਵੀਜ਼ਾ ਅਤੇ ਟਿਕਟਾਂ ‘ਤੇ ਲੱਖਾਂ ਰੁਪਏ ਰੋੜ੍ਹ ਦਿੱਤੇ ਪਰ ਜਦੋਂ ਕੁੜੀਆਂ ਵਿਦੇਸ਼ ਪਹੁੰਚੀਆਂ, ਉਹਨਾਂ ਨੇ ਆਪਣੇ ਪਤੀ ਨਾਲੋਂ ਨਹੀਂ, ਬਲਕਿ ਆਪਣੇ ਫੋਨ ਨੰਬਰ ਨਾਲੋਂ ਹੀ ਰਿਸ਼ਤਾ ਤੋੜ ਦਿੱਤਾ। ਕੁਝ ਨੇ ਤਾਂ ਪਤੀ ਨੂੰ ਬੁਲਾ ਕੇ ਉੱਥੇ ਹੀ ਫਰਜ਼ੀ ਕੇਸਾਂ ਦਾ ਜਾਲ ਬੁਣ ਦਿੱਤਾ ਅਤੇ ਪਤੀ ਨੂੰ ਬੇਸਹਾਰਾ ਛੱਡ ਦਿੱਤਾ। ਕਈ ਲੜਕੇ ਦਿਲ, ਦਿਮਾਗ ਅਤੇ ਜੇਬ ਤਿੰਨੇ ਖੋ ਕੇ ਵਾਪਸ ਆ ਗਏ। ਕਈ ਵਿਦੇਸ਼ਾਂ ਵਿੱਚ ਹੀ ਗੈਰ ਕਾਨੂੰਨੀ ਜ਼ਿੰਦਗੀ ਜੀਣ ਲਈ ਮਜਬੂਰ ਹਨ।
ਇਹ ਸਿਰਫ਼ ਕੁੱਝ ਵਿਆਹਾਂ ਦੀ ਟੁੱਟਣ ਦੀ ਕਹਾਣੀ ਨਹੀਂ—ਇਹ ਪੰਜਾਬ ਦੇ ਸੁਪਨਿਆਂ ਦਾ ਸੁਰਤਾਲ ਟੁੱਟਣ ਦੀ ਵੱਡੀ ਤਰਾਜ਼ੀ ਹੈ। ਇਹ ਮਸਲਾ ਕਾਨੂੰਨੀ ਵੀ ਹੈ, ਸਮਾਜਕ ਵੀ ਹੈ, ਅਤੇ ਮਨੁੱਖੀ ਵੀ। ਇਸ ਧੋਖਾਧੜੀ ਦਾ ਸਭ ਤੋਂ ਡਰਾਉਣਾ ਪੱਖ ਇਹ ਹੈ ਕਿ ਇਹ ਸਾਰਾ ਕੁਝ ਯੋਜਨਾ ਬੱਧ ਤਰੀਕੇ ਨਾਲ ਹੋ ਰਿਹਾ ਹੈ। ਪਤੀ ਦੇ ਖਰਚੇ ‘ਤੇ ਪੜ੍ਹਾਈ, ਪਤੀ ਦੇ ਖਰਚੇ ‘ਤੇ ਵੀਜ਼ਾ, ਅਤੇ ਜਦੋਂ ਕੰਮ ਬਣ ਗਿਆ ਤਾਂ ਪਤੀ ‘ਤੇ ਹੀ ਤਲਵਾਰ। ਇਹ ਸਿਰਫ਼ ਧੋਖਾ ਨਹੀਂ—ਇਹ ਭਰੋਸੇ ਨੂੰ ਤੋੜ ਕੇ ਕੀਤੀ ਗਈ ਸਭ ਤੋਂ ਵੱਡੀ ਲੁੱਟ ਹੈ।
ਪਰ ਦੋਸਤੋ, ਹਿੰਮਤ ਹਾਰਨਾ ਹੱਲ ਨਹੀਂ। ਜੇ ਤੁਸੀਂ ਵੀ ਇਸ ਮਾਫੀਆ ਦੇ ਸ਼ਿਕਾਰ ਬਣੇ ਹੋ, ਤਾਂ ਕਾਨੂੰਨ ਤੁਹਾਡੇ ਨਾਲ ਖੜ੍ਹਾ ਹੈ। ਸਭ ਤੋਂ ਪਹਿਲਾਂ ਆਪਣੇ ਇਲਾਕੇ ਦੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਬੀ.ਐਨ.ਐਸ ਧਾਰਾ 318 (ਧੋਖਾਧੜੀ) ਅਤੇ ਧਾਰਾ 316 (ਟਰੱਸਟ ਬ੍ਰਿਚਿੰਗ) ਤਹਿਤ ਕੇਸ ਦਰਜ ਕਰਵਾਉਣਾ ਤੁਹਾਡਾ ਹੱਕ ਹੈ। ਇਸ ਤੋਂ ਬਾਅਦ ਜਿੰਨੀ ਰਕਮ ਤੁਸੀਂ ਪੜ੍ਹਾਈ ਜਾਂ ਵੀਜ਼ਾ ਲਈ ਦਿੱਤੀ ਸੀ, ਉਸ ਦੀ ਵਾਪਸੀ ਲਈ ਸਿਵਲ ਕੋਰਟ ਵਿੱਚ ਅਰਜ਼ੀ ਦਾਖ਼ਲ ਕਰੋ। ਕਾਨੂੰਨ ਚੁੱਪ ਰਹਿਣ ਵਾਲਿਆਂ ਲਈ ਨਹੀਂ, ਹੱਕ ਲਈ ਖੜ੍ਹੇ ਹੋਣ ਵਾਲਿਆਂ ਲਈ ਕੰਮ ਕਰਦਾ ਹੈ।
ਅੱਜ ਪੰਜਾਬ ਲਈ ਸਭ ਤੋਂ ਵੱਡੀ ਲੜਾਈ ਪੈਸੇ ਦੀ ਨਹੀਂ—ਭਰੋਸੇ ਦੀ ਹੈ। ਜਦੋਂ ਵਿਆਹ ਇੱਕ ਲਾਭ ਦਾ ਸੌਦਾ ਬਣ ਜਾਵੇ, ਜਦੋਂ ਪਤੀ ਦੀ ਮਿਹਨਤ ਵਿਦੇਸ਼ ਦੇ ਬੈਂਕ ਦੇ ਖਾਤਿਆਂ ਲਈ ਬਣ ਜਾਵੇ, ਜਦੋਂ ਸੁਤੰਤਰਤਾ ਦੇ ਨਾਂ ‘ਤੇ ਉੱਡਦੀਆਂ ਕੁੜੀਆਂ ਪਤੀਆਂ ਦੇ ਹੀ ਖੰਭ ਕੱਟ ਦੇਣ ਤਾਂ ਸਮਾਜ ਨੂੰ ਖੜ੍ਹੇ ਹੋਣਾ ਚਾਹੀਦਾ ਹੈ।
ਪੰਜਾਬ ਨੂੰ ਜਾਗਣਾ ਪਵੇਗਾ, ਕਿਉਂਕਿ ਇਹ ਕਹਾਣੀਆਂ ਕੱਲ੍ਹ 50 ਨਹੀਂ, 500 ਵੀ ਹੋ ਸਕਦੀਆਂ ਹਨ। ਇਹ ਲੜਾਈ ਸਿਰਫ਼ ਇੱਕ ਪੀੜਤ ਦੀ ਨਹੀਂ—ਇਹ ਸਾਡੀ ਸਮੁੱਚੀ ਪੀੜ੍ਹੀ ਦੇ ਭਵਿੱਖ ਦੀ ਲੜਾਈ ਹੈ। ਭਰੋਸਾ ਤੋੜਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨ ਨੂੰ ਜਗਾਉ—ਤੇ Punjab ਦੇ ਸੁਪਨਿਆਂ ਨੂੰ ਬਚਾਉ।
ਕੁਲਵੰਤ ਸਿੰਘ ਗੱਗੜਪੁਰੀ

